ਖੇਤਰੀ ਪ੍ਰਤੀਨਿਧ
ਪਟਿਆਲਾ, 22 ਜੁਲਾਈ
ਪੰਜਾਬੀ ਯੂਨੀਵਰਿਸਟੀ ਟੀਚਰਜ਼ ਐਸੋਸੀਏਸ਼ਨ (ਪੂਟਾ) ਦੇ ਪ੍ਰਧਾਨ ਪ੍ਰੋ. ਭੁਪਿੰਦਰ ਸਿੰਘ ਵਿਰਕ ਦੀ ਅਗਵਾਈ ਹੇਠ ਅਧਿਆਪਕਾਂ ਵੱਲੋਂ ਵੀਸੀ ਦਫਤਰ ਅੱਗੇ ਅੱਜ ਵੀ ਧਰਨਾ ਦਿੱਤਾ ਗਿਆ। ਬੁਲਾਰਿਆਂ ਦਾ ਕਹਿਣਾ ਸੀ ਕਿ ਸਰਕਾਰ ਵਿੱਚ ਚਿਹਰੇ ਤਾਂ ਬਦਲੇ ਹਨ ਪਰ ਪੰਜਾਬੀ ਯੂਨੀਵਰਸਿਟੀ ’ਚ ਕੋਈ ਬਦਲਾਅ ਨਹੀਂ ਆਇਆ।
ਸ੍ਰੀ ਵਿਰਕ ਦਾ ਕਹਿਣਾ ਸੀ ਕਿ ਆਲਮ ਇਹ ਹੈ ਕਿ ਦੋ ਮਹੀਨੇ ਤਨਖਾਹ ਹੀ ਨਹੀਂ ਦਿੱਤੀ ਗਈ ਤੇ ਤਰੱਕੀਆਂ ਵੀ ਰੋਕੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਅਧਿਆਪਕਾਂ ਵੱਲੋਂ ਫਰਸ਼ ’ਤੇ ਬੈਠਣ ਦੀ ਨਾ ਤਾਂ ਪ੍ਰਸ਼ਾਸਨ ਅਤੇ ਨਾ ਹੀ ਸਰਕਾਰ ਧਿਆਨ ਧਰ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਉਹ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਕਰਨ। ਇਸ ਕਰਕੇ ਹੀ ਪੂਟਾ ਦੇ ਕੁਝ ਕੁ ਨੁਮਾਇੰਦੇ ਹੀ ਧਰਨੇ ’ਤੇ ਬੈਠਦੇ ਹਨ।
ਇਸੇ ਦੌਰਾਨ ਪੰਜਾਬੀ ਯੂਨੀਵਰਸਿਟੀ ਵਿੱਚ ਉਪ ਕੁਲਪਤੀ ਦਫ਼ਤਰ ਅੱਗੇ ਧਰਨਾ ਦਿੰਦੇ ਆ ਰਹੇ ‘ਗੈਸਟ ਫੈਕਲਟੀ ਕਾਂਸਟੀਚੁਐਂਟ/ਨੇਬਰਹੁੱਡ ਅਧਿਆਪਕਾਂ’ ਦੇ ਵਫ਼ਦ ਨੇ ਇੱਕ ਦਿਨ ਪਹਿਲਾਂ ਹੀ ਉਚੇਰੀ ਸਿੱਖਿਆ ਬਾਰੇ ਮੰਤਰੀ ਮੀਤ ਹੇਅਰ ਦੇ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਮੰਤਰੀ ਨੂੰ ਦੱਸਿਆ ਕਿ ਉਨ੍ਹਾਂ ਤੋਂ 12 ਮਹੀਨੇ ਕੰਮ ਲੈ ਕੇ ਤਨਖਾਹ ਸਿਰਫ਼ ਅੱਠ ਮਹੀਨਿਆਂ ਦੀ ਹੀ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਹਰੇਕ ਸੈਸ਼ਨ ਦੇ ਪਹਿਲੇ ਪੰਜ ਦਿਨਾਂ ਦੀ ਸਾਰੇ ਟੀਚਰਾਂ ਦੀ ਬਰੇਕ ਪਾ ਦਿੱਤੀ ਜਾਂਦੀ ਹੈ, ਤਾਂ ਜੋ ਉਹ ਆਪਣੀਆਂ ਸੇਵਾਵਾਂ ਪੱਕੀਆਂ ਕਰਵਾਉਣ ਦੇ ਯੋਗ ਨਾ ਹੋ ਸਕਣ। ਉਨ੍ਹਾਂ ਨੇ ਦੋਵਾਂ ਮੰਗਾਂ ਦੀ ਪੂਰਤੀ ਸਮੇਤ ਸੇਵਾਵਾਂ ਰੈਗੂਲਰ ਕਰਨ ’ਤੇ ਵੀ ਜ਼ੋਰ ਦਿੱਤਾ। ਜਥੇਬੰਦੀ ਦੇ ਸੂਬਾਈ ਆਗੂ ਗੁਰਸੇਵਕ ਸਿੰਘ ਮੂਣਕ ਨੇ ਦੱਸਿਆ ਕਿ ਮੰਤਰੀ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਵਿਚਾਰਨ ਦਾ ਭਰੋਸਾ ਦਿੱਤਾ ਹੈ। ਇਸ ਦੇ ਬਾਵਜੂਦ ਉਨ੍ਹਾਂ ਨੇ ਧਰਨਾ ਜਾਰੀ ਰੱਖਣ ਦਾ ਫ਼ੈਸਲਾ ਲਿਆ ਹੈ।