ਪਰਮਜੀਤ ਸਿੰਘ/ਕੁਲਦੀਪ ਬਰਾੜ
ਫਾਜ਼ਿਕਲਾ/ਮੰਡੀ ਘੁਬਾਇਆ, 5 ਨਵੰਬਰ
ਜ਼ਿਲ੍ਹੇ ਦੀ ਮੰਡੀ ਲਾਧੂਕਾ ’ਚ ਦੀਵਾਲੀ ਦੇ ਪਟਾਖਿਆਂ ਨੇ ਵੱਡਾ ਨੁਕਸਾਨ ਕੀਤਾ ਹੈ ਜਿਸ ਦੌਰਾਨ ਗੈਸ ਵੈਲਡਿੰਗ ਵਾਲੀ ਦੁਕਾਨ ’ਚ ਧਮਾਕਾ ਹੋਇਆ ਅਤੇ ਕਈ ਦੁਕਾਨਾਂ ਮਲਬੇ ਦੇ ਢੇਰ ’ਚ ਬਦਲ ਗਈਆਂ।
ਦੱਸਿਆ ਜਾ ਰਿਹਾ ਹੈ ਕਿ ਦੀਵਾਲੀ ਦੌਰਾਨ ਚਲਾਏ ਗਏ ਪਟਾਖਿਆਂ ’ਚੋਂ ਇਕ ਪਟਾਖਾ ਮੰਡੀ ਲਾਧੂਕਾ ਦੇ ਬੱਸ ਸਟੈਂਡ ’ਤੇ ਸਥਿਤ ਇਕ ਖੋਖੇ ’ਤੇ ਆ ਕੇ ਡਿਗਿਆ, ਜਿਸ ਕਾਰਨ ਖੋਖੇੇ ’ਚ ਪਏ ਵੈਲਡਿੰਗ ਵਾਲੇ ਗੈਸ ਸਿਲੰਡਰ ਨੂੰ ਅੱਗ ਲੱਗ ਗਈ ਅਤੇ ਇਕ ਵੱਡਾ ਧਮਾਕਾ ਹੋ ਗਿਆ। ਇਸ ਧਮਾਕੇ ਨਾਲ ਖੋਖੇ ਦੇ ਨੇੜੇ ਸਥਿਤ ਦੁਕਾਨਾਂ ਦਾ ਕਾਫ਼ੀ ਨੁਕਸਾਨ ਹੋਇਆ ਅਤੇ ਕਈ ਦੁਕਾਨਾਂ ਮਲਬੇ ਦੇ ਢੇਰ ’ਚ ਤਬਦੀਲ ਹੋ ਗਈਆਂ। ਲੋਕਾਂ ਨੇ ਦੱਸਿਆ ਧਮਾਕਾ ਇੰਨਾ ਜ਼ੋਰਦਾਰ ਸੀ ਕਿ ਦੁਕਾਨਾਂ ਦੀਆਂ ਇਟਾਂ ਕਾਫ਼ੀ ਦੂਰ ਦੂਰ ਜਾ ਕੇ ਡਿੱਗੀਆਂ।
ਪ੍ਰਾਪਤ ਜਾਣਕਾਰੀ ਮੁਤਾਬਕ ਗੈਸ ਵੈਲਡਿੰਗ ਦਾ ਕੰਮ ਕਰਨ ਵਾਲੇ ਪਰਮਜੀਤ ਸਿੰਘ ਦੇ ਖੋਖੇ ਨੂੰ ਬੀਤੀ ਰਾਤ ਲਗਪਗ 2 ਵਜੇ ਅਚਾਨਕ ਅੱਗ ਲੱਗ ਗਈ ਜਿਸ ਦੀ ਸੂਚਨਾ ਫ਼ਾਜ਼ਿਲਕਾ ਫਾਇਰ ਬਿਗ੍ਰੇਡ ਨੂੰ ਦਿੱਤੀ ਗਈ। ਫ਼ਾਜ਼ਿਲਕਾ ਅਤੇ ਜਲਾਲਾਬਾਦ ਤੋਂ ਆਈਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੱਲੋਂ ਅੱਗ ’ਤੇ ਕਾਬੂ ਪਾਇਆ ਗਿਆ। ਇਸ ਧਮਾਕੇ ਦੇ ਨਾਲ ਬੱਸ ਅੱਡੇ ’ਤੇ ਕਈ ਦੁਕਾਨਾਂ ਦੇ ਸ਼ਟਰ ਅਤੇ ਸ਼ੀਸ਼ੇ ਟੁੱਟ ਗਏ ਅਤੇ ਮੰਡੀ ਦੇ ਬੱਸ ਅੱਡੇ ਦੀ ਛੱਤ ਹੇਠਾਂ ਧਰਤੀ ’ਤੇ ਡਿਗ ਪਈ। ਇਸ ਮੌਕੇ ਆਲੇ ਦੁਆਲੇ ਦੇ ਦੁਕਾਨਦਾਰਾਂ ਅਤੇ ਆਮ ਲੋਕਾਂ ਨੇ ਦੁਕਾਨਦਾਰਾਂ ਨੂੰ ਉਨ੍ਹਾਂ ਦੇ ਹੋਏ ਨੁਕਸਾਨ ਦਾ ਬਣਦਾ ਮੁਆਵਜ਼ਾ ਜਲਦੀ ਦੁਆਉਣ ਦੀ ਮੰਗ ਕੀਤੀ। ਇਸ ਮੌਕੇ ਪਹੁੰਚੇ ਫਾਜ਼ਿਲਕਾ ਦੇ ਤਹਿਸੀਲਦਾਰ ਨੇ ਦੱਸਿਆ ਕਿ 2 ਦੁਕਾਨਾਂ ਦਾ ਨੁਕਸਾਨ ਹੋਇਆ ਹੈ ਅਤੇ ਪਟਵਾਰੀ ਨੂੰ ਇਸ ਦੀ ਰਿਪੋਰਟ ਬਣਾਉਣ ਦੇ ਹੁਕਮ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਦੀ ਰਿਪੋਰਟ ਬਣਾਕੇ ਡਿਪਟੀ ਕਮਿਸ਼ਨਰ ਫਾਜ਼ਿਲਕਾ ਨੂੰ ਭੇਜੀ ਜਾਵੇਗੀ ਅਤੇ ਦੁਕਾਨਦਾਰਾਂ ਨੂੰ ਵੱਧ ਤੋਂ ਵੱਧ ਮੁਆਵਜ਼ਾ ਦੁਆਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਮੌਕੇ ਵੱਡੀ ਗਿਣਤੀ ’ਚ ਪੁਲੀਸ ਅਧਿਕਾਰੀ ਅਤੇ ਕਰਮਚਾਰੀ ਪਹੁੰਚੇ ਹੋਏ ਸਨ।
ਇੱਕਾ-ਦੁੱਕਾ ਅਗਜ਼ਨੀ ਦੀਆਂ ਘਟਨਾਵਾਂ ਨੂੰ ਛੱਡ ਕੇ ਬਠਿੰਡਾ ਵਿੱਚ ਸੁੱਖੀ-ਸਾਂਦੀ ਮਨਾਈ ਗਈ ਦੀਵਾਲੀ
ਬਠਿੰਡਾ (ਪੱਤਰ ਪੇ੍ਰਕ): ਬਠਿੰਡਾ ਵਿੱਚ ਲੰਘੀ ਦੀਵਾਲੀ ਵਾਲੀ ਰਾਤ ਛੋਟੀਆਂ ਅੱਗ ਦੀਆਂ ਘਟਨਾਵਾਂ ਨੂੰ ਛੱਡ ਕੇ ਵੱਡੇ ਨੁਕਸਾਨ ਤੋਂ ਬਚਾਅ ਰਿਹਾ। ਫਾਇਰ ਬ੍ਰਿਗੇਡ ਵਿਭਾਗ ਬਠਿੰਡਾ ਤੋਂ ਮਿਲੀ ਜਾਣਕਾਰੀ ਅਨੁਸਾਰ ਬਠਿੰਡਾ ਦੀ ਆਦਰਸ਼ ਨਗਰ ਦੀ ਗਲੀ ਨੰਬਰ 5 ਵਿੱਚ ਇਕ ਟੈਂਟ ਹਾਊਸ ਦੇ ਸਾਮਾਨ ਨੂੰ ਅੱਗ ਲੱਗ ਗਈ ਜਿਸ ਨੂੰ ਫਾਇਰ ਬ੍ਰਿਗੇਡ ਬਠਿੰਡਾ ਦੀ ਟੀਮ ਨੇ ਮੌਕੇ ’ਤੇ ਪੁੱਜ ਕਿ ਕਾਬੂ ਕੀਤਾ। ਇਸ ਵਿੱਚ ਕੁਰਸੀਆਂ ਮੇਜ਼ ਵਗੈਰਾ ਸੜ ਗਏ। ਟੈਂਟ ਹਾਊਸ ਪਰਵਿੰਦਰ ਸਿੰਘ ਨਾਮੀ ਵਿਅਕਤੀਆਂ ਦੱਸਿਆ ਜਾ ਰਿਹਾ ਹੈ। ਇਸ ਤਰ੍ਹਾਂ ਹੀ ਸ਼ਹਿਰ ਦੇ ਮਹੇਸ਼ਵਰੀ ਚੌਕ ਵਿਚ ਬਣੇ ਬਿੱਗ ਸ਼ਾਟ ਰੈਸਟੋਰੈਂਟ ਦੀ ਛੱਤ ’ਤੇ ਪਏ ਸਾਮਾਨ ਨੂੰ ਅੱਗ ਲੱਗੀ ਜਿਸ ਨੂੰ ਮੌਕੇ ’ਤੇ ਹੀ ਕਾਬੂ ਪਾ ਲਿਆ ਗਿਆ। ਇਸੇ ਤਰ੍ਹਾਂ ਭਗਤਾ ਕਸਬੇ ਅੰਦਰ ਪੈਂਦੇ ਪਿੰਡ ਜਲਾਲ ਵਿੱਚ ਪਟਾਕਿਆਂ ਦੀਆਂ ਦੁਕਾਨਾਂ ਨੂੰ ਅੱਗ ਲੱਗਣ ਦਾ ਸਮਾਚਾਰ ਹੈ ਜਿਸ ਨੂੰ ਰਾਮਪੁਰਾ ਫੂਲ ਦੀਆਂ ਫਾਇਰ ਟੀਮਾਂ ਨੇ ਮੌਕੇ ਤੇ ਪੁੱਜ ਕੇ ਅੱਗ ’ਤੇ ਕਾਬੂ ਪਾਇਆ।
ਦੀਵਾਲੀ ਤੋਂ ਵਾਂਝੇ ਰਹੇ ਬਠਿੰਡਾ ਦੇ ਇਹ ਪਿੰਡ
ਬਠਿੰਡਾ ਏਸ਼ੀਆ ਦੀ ਸਭ ਤੋਂ ਵੱਡੀ ਫ਼ੌਜੀ ਛਾਉਣੀ ਹੋਣ ਕਾਰਨ ਬਠਿੰਡਾ ਛਾਉਣੀ ਨਾਲ ਲੱਗਦੇ ਪਿੰਡਾਂ ਦੇ ਲੋਕ ਦੀਵਾਲੀ ਲਈ ਤਰਸ ਗਏ। ਅੱਧੀ ਦਰਜਨ ਪਿੰਡ ਫੂਸ ਮੰਡੀ, ਭਾਗੂ ਜੱਸੀ, ਪੌ ਵਾਲੀ, ਆਦਿ ਦੇ ਲੋਕਾਂ ਦਾ ਕਹਿਣਾ ਹੈ ਕਿ ਛਾਉਣੀ ਦੇ ਅਸਲਾ ਡਿਪੂ ਅਤੇ ਭਾਰਤ ਪੈਟਰੋਲੀਅਮ ਤੇਲ ਦੇ ਭੰਡਾਰ ਹੋਣ ਕਾਰਨ ਜਿੱਥੇ ਨਿੱਕੇ ਬੱਚੇ ਪਟਾਕੇ ਚਲਾਉਣ ਲਈ ਤਰਸ ਗਏ ਹਨ ਉਥੇ ਛਾਉਣੀ ਨਾਲ ਨਜ਼ਦੀਕ ਬਣੀਆਂ ਮੜ੍ਹੀਆਂ ਉੱਤੇ ਦੀਵਾ ਲਾਉਣ ਤੋਂ ਵੀ ਫੌਜ ਪ੍ਰਸ਼ਾਸਨ ਨੇ ਮਨਾਹੀ ਕੀਤੀ ਹੋਈ ਹੈ। ਉਨ੍ਹਾਂ ਦੱਸਿਆ ਕਿ ਉਹ ਪਿਛਲੇ ਕਈ ਦਹਾਕਿਆਂ ਤੋਂ ਦੀਵਾਲੀ ਨਹੀਂ ਮਨਾ ਰਹੇ।