ਲਖਨਊ, 9 ਜਨਵਰੀ
ਉੱਤਰ ਪ੍ਰਦੇਸ਼ ਵਿਚ ਵਿਧਾਨ ਸਭਾ ਚੋਣਾਂ ਦਾ ਐਲਾਨ ਹੁੰਦਿਆਂ ਹੀ ਵੱਡੀਆਂ ਸਿਆਸੀ ਪਾਰਟੀਆਂ ਨੇ ਜਿੱਤ ਲਈ ਚਾਰਾਜ਼ੋਈ ਸ਼ੁਰੂ ਕਰ ਦਿੱਤੀ ਹੈ। ਪਾਰਟੀਆਂ ਨੇ ਸੋਸ਼ਲ ਮੀਡੀਆ ’ਤੇ ਪੋਸਟਰ ਜਾਰੀ ਕਰਨੇ ਸ਼ੁਰੂ ਕਰ ਦਿੱਤੇ ਹਨ। ਚੋਣ ਕਮਿਸ਼ਨ ਦੀਆਂ ਹਦਾਇਤਾਂ ਤੋਂ ਬਾਅਦ ਹੁਣ ਸੋਸ਼ਲ ਮੀਡੀਆ ’ਤੇ ਹੀ ਜ਼ਿਆਦਾਤਰ ਪ੍ਰਚਾਰ ਹੋਵੇਗਾ। ਭਾਜਪਾ ਦੇ ਪੋਸਟਰ ’ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਆਪਣੇ ਪ੍ਰਸ਼ੰਸਕਾਂ ਸਾਹਮਣੇ ਹੱਥ ਹਿਲਾ ਕੇ ਸਵਾਗਤ ਕਰਨ ਦੀ ਤਸਵੀਰ ਹੈ। ਇਸ ਤਸਵੀਰ ਦੀ ਕੈਪਸ਼ਨ ’ਚ ਲਿਖਿਆ ਹੈ ‘ਰਾਜ ਤਿਲਕ ਕੀ ਕਰੋ ਤਿਆਰੀ, 10 ਮਾਰਚ ਕੋ ਫਿਰ ਆ ਰਹੇ ਹਨ ਭਗਵਾਧਾਰੀ।’ ਸਮਾਜਵਾਦੀ ਪਾਰਟੀ ਦੇ ਪੋਸਟਰ ’ਤੇ ਅਖਿਲੇਸ਼ ਲੋਕਾਂ ਦੀ ਭੀੜ ਨੂੰ ਹੱਥ ਹਿਲਾਉਂਦਾ ਦਿਖਾਈ ਦਿੰਦਾ ਹੈ। ਇਸ ਫੋਟੋ ਦੀ ਕੈਪਸ਼ਨ ’ਚ ਲਿਖਿਆ ਹੈ, ‘ਚਲ ਪੜੀ ਹੈ ਲਾਲ ਆਂਧੀ, ਆ ਰਹੇਂ ਹੈਂ ਸਮਾਜਵਾਦੀ’। ਬਹੁਜਨ ਸਮਾਜ ਪਾਰਟੀ ਦੇ ਪੋਸਟਰਾਂ ਵਿੱਚ ਪਹਿਲੀ ਵਾਰ ਦੋ ਆਗੂ ਮਾਇਆਵਤੀ ਅਤੇ ਸਤੀਸ਼ ਚੰਦਰ ਮਿਸ਼ਰਾ ਹਨ। -ਆਈਏਐੱਨਐੱਸ