ਸੁਰਜੀਤ ਮਜਾਰੀ
ਬੰਗਾ, 5 ਅਕਤੂਬਰ
ਸਿੱਧੀ ਭਰਤੀ ਰਾਹੀਂ ਨਿਯੁਕਤ ਸਕੂਲ ਮੁਖੀ ਅਤੇ ਸੈਂਟਰ ਸਕੂਲ ਮੁਖੀ ਆਪਣੇ ਜੱਦੀ ਜ਼ਿਲ੍ਹਿਆਂ ’ਚ ਬਦਲੀਆਂ ਲਈ ਤਰਸੇ ਪਏ ਹਨ। ਉਨ੍ਹਾਂ ਦਾ ਕਹਿਣ ਹੈ ਕਿ ਵਿਭਾਗ ਦੀਆਂ ਗਲਤ ਨੀਤੀਆਂ ਅਤੇ ਸਰਕਾਰ ਦੀ ਬੇਰੁਖੀ ਕਾਰਨ ਘਰੋਂ ਬੇਘਰ ਹੋਣ ਦਾ ਇਹ ਸੰਤਾਪ ਭੋਗਣਾ ਪੈ ਰਿਹਾ ਹੈ। ਇਸ ਮੁੱਦੇ ਨੂੰ ਲੈ ਕੇ ਨਿਊ ਐੱਚਟੀ, ਸੀਐੱਚਟੀ ਯੂਨੀਅਨ ਪੰਜਾਬ (ਸਿੱਧੀ ਭਰਤੀ) ਦੇ ਬੈਨਰ ਹੇਠ ਵਿਭਾਗ ਦੇ ਦਰਜ-ਬ-ਦਰਜ ਅਧਿਕਾਰੀਆਂ ਅਤੇ ਸਿੱਖਿਆ ਮੰਤਰੀ ਇੱਥੋਂ ਤੱਕ ਮੁੱਖ ਮੰਤਰੀ ਦੇ ਦਰਬਾਰ ਵੀ ਬੇਨਤੀ ਪੱਤਰ ਦਿੱਤੇ ਗਏ ਹਨ ਪਰ ਅਜੇ ਤੱਕ ਕੋਈ ਬਣਦੀ ਕਾਰਵਾਈ ਨਹੀਂ ਹੋਈ। ਯੂਨੀਅਨ ਦੇ ਕਨਵੀਨਰ ਜਿੰਦਰ ਪਾਇਲਟ ਨੇ ਇੱਥੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਉਸ ਬਿਆਨ ’ਤੇ ਵੀ ਤਨਜ਼ ਕੱਸਿਆ ਜਿਸ ’ਚ ਉਨ੍ਹਾਂ ਸਾਰੇ ਅਧਿਆਪਕਾਂ ਨੂੰ ਘਰਾਂ ਦੇ ਨੇੜੇ ਵਾਲੇ ਸਟੇਸ਼ਨ ਦੇਣ ਦੀ ਗੱਲ ਕਹੀ ਸੀ। ਯੂਨੀਅਨ ਆਗੂ ਪਰਮਿੰਦਰ ਸਿੰਘ, ਗੁਰਜਿੰਦਰ ਸਿੰਘ, ਦਵਿੰਦਰ ਸੱਲ੍ਹਣ, ਸੁਖਜਿੰਦਰ ਔਲਖ, ਸਿਮਰ ਢਿੱਲੋਂ, ਪਲਵਿੰਦਰ ਕੌਰ ਦਾ ਕਹਿਣਾ ਸੀ ਕਿ ਅਜੇ ਤੱਕ ਤਾਂ ਉਹ ਆਪਣੀਆਂ ਬਦਲੀਆਂ ਲਈ ਸਾਂਤੀ ਵਾਲੇ ਰਾਹ ਹੀ ਤੁਰੇ ਹੋਏ ਹਨ ਪਰ ਅਗਲੇ ਦਿਨਾਂ ’ਚ ਸੰਘਰਸ਼ ਉਲੀਕਿਆ ਜਾਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਦੀ ਸਰਹੱਦੀ ਭਰਤੀ ਨਾ ਹੋਣ ਦੇ ਬਾਵਯੂਦ ਤਿੰਨ ਸੌ ਕਿਲੋਮੀਟਰ ਦੂਰ ਖੇਤਰਾਂ ਵਿੱਚ ਸਰਹੱਦ ’ਤੇ ਨਿਯੁਕਤ ਕੀਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਨੂੰ ਆਪਣੇ ਰਿਹਾਇਸ਼ੀ ਜ਼ਿਲ੍ਹਿਆਂ ਤਾਇਨਾਤ ਕੀਤਾ ਜਾਵੇ। ਇਸ ਮੌਕੇ ਸੰਦੀਪ ਵਿਨਾਇਕ, ਪਲਵਿੰਦਰ ਕੌਰ, ਸੁਖਵਿੰਦਰ ਕੌਰ, ਮਨਦੀਪ ਕੌਰ, ਮਹਾਂਵੀਰ, ਫ਼ਾਜ਼ਿਲਕਾ, ਜਸਬੀਰ ਪਠਾਨਕੋਟ, ਗੁਰਦੇਵ ਫ਼ਾਜਿਲਕਾ, ਜਗਤਾਰ ਖੰਨਾ ਪਰਮਜੀਤ ਕਪੂਰਥਲਾ ਹਾਜ਼ਰ ਸਨ।