ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 22 ਫਰਵਰੀ
ਇੱਥੋਂ ਦੇ ਛੱਤਬੀੜ ਚਿੜੀਆਘਰ ਵਿੱਚ ਬਰਡ ਫਲੂ ਕਾਰਨ ਬੰਦ ਕੀਤੇ ਪੰਛੀਆਂ ਦੇ ਵਾੜੇ ਨੂੰ ਮੁੜ ਖੋਲ੍ਹ ਦਿੱਤਾ ਗਿਆ ਹੈ। ਸੂਬੇ ਵਿੱਚ ਬਰਡ ਫਲੂ ਦੇ ਖਤਰੇ ਨੂੰ ਦੇਖਦਿਆਂ ਚਿੜੀਆਘਰ ਦੇ ਫੀਲਡ ਡਾਇਰੈਕਟਰ ਨੇ ਇਸ ਵਾੜੇ ਨੂੰ ਬੰਦ ਕਰਵਾਇਆ ਸੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਰੋਨਾ ਕਾਰਨ ਛੱਤਬੀੜ ਚਿੜੀਆਘਰ ਅੱਠ ਮਹੀਨੇ ਬੰਦ ਰਹਿਣ ਮਗਰੋਂ ਦਸੰਬਰ ਮਹੀਨੇ ਵਿੱਚ ਖੋਲ੍ਹਿਆ ਗਿਆ ਸੀ। ਫੀਲਡ ਡਾਇਰੈਕਟਰ ਐਮ ਸੁਧਾਕਰ ਨੇ ਦੱਸਿਆ ਕਿ ਪੰਛੀਆਂ ਦੀ ਸੁਰੱਖਿਆ ਨੂੰ ਦੇਖਦਿਆਂ ਇਸ ਨੂੰ ਤਕਰੀਬਨ ਡੇਢ ਮਹੀਨਾਂ ਪਹਿਲਾਂ ਬੰਦ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਹੁਣ ਬਰਡ ਫਲੂ ਦਾ ਖਤਰਾ ਘੱਟ ਗਿਆ ਹੈ ਜਿਸ ਮਗਰੋਂ ਹੁਣ ਇਸ ਨੂੰ ਮੁੜ ਤੋਂ ਖੋਲ੍ਹ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ ਛੱਤਬੀੜ ਚਿੜੀਆਘਰ ਵਿੱਚ ਪੰਛੀਆਂ ਨੂੰ ਦੇਖਣ ਵਾਲੇ ਸੈਲਾਨੀਆਂ ਲਈ ਕਾਫੀ ਵੱਡੀ ਵਾਕ ਇਨ ਐਵੀਅਰੀ ਤਿਆਰ ਕੀਤੀ ਗਈ ਹੈ।