ਮੁੰਬਈ: ਫਿਲਮਸਾਜ਼ ਵਿਸ਼ਾਲ ਭਾਰਦਵਾਜ ਨੈੱਟਫਲਿਕਸ ’ਤੇ ਰਿਲੀਜ਼ ਹੋਣ ਵਾਲੀ ਫਿਲਮ ‘ਖੁਫ਼ੀਆ’ ਦਾ ਨਿਰਦੇਸ਼ਨ ਕਰਨ ਲਈ ਤਿਆਰ ਹੈ। ‘ਖੁਫੀਆ’ ਦੀ ਕਹਾਣੀ ਇੱਕ ਸੱਚੀ ਘਟਨਾ ਤੋਂ ਪ੍ਰੇਰਿਤ ਹੈ ਅਤੇ ਇਹ ਅਮਰ ਭੂਸ਼ਨ ਦੇ ਜਾਸੂਸੀ ਨਾਵਲ ‘ਐਸਕੇਪ ਟੂ ਨੋਵੇਅਰ’ ’ਤੇ ਆਧਾਰਤ ਹੈ। ਫਿਲਮ ਵਿੱਚ ਤੱਬੂ, ਅਲੀ ਫਜ਼ਲ, ਵਾਮਿਕਾ ਗੱਬੀ ਤੇ ਅਨੀਸ਼ ਵਿਦਿਆਰਥੀ ਅਹਿਮ ਕਿਰਦਾਰ ਨਿਭਾਉਣਗੇ। ਭਾਰਦਵਾਜ ਨੇ ਕਿਹਾ ਕਿ ‘ਖੁਫੀਆ’ ਰਾਹੀਂ ਉਸ ਦੀ ਕੋਸ਼ਿਸ਼ ਇੱਕ ਜਾਸੂਸੀ ਫਿਲਮ ਬਣਾਉਣ ਦੀ ਹੈ। ਇਸ ਫਿਲਮ ਰਾਹੀਂ ਭਾਰਦਵਾਜ ਇੱਕ ਵਾਰ ਫਿਰ ਤੱਬੂ ਨਾਲ ਇਕੱਠਿਆਂ ਕੰਮ ਕਰਦੇ ਦਿਖਾਈ ਦੇਣਗੇ। ਦੋਵਾਂ ਨੇ ਇਸ ਤੋਂ ਪਹਿਲਾਂ ਫਿਲਮ ‘ਮਕਬੂਲ’, ‘ਹੈਦਰ’ ਤੇ ‘ਤਲਵਾਰ’ ਵਿੱਚ ਕੰਮ ਕੀਤਾ ਹੈ। ਤੱਬੂ ਭਾਰਦਵਾਜ ਦੇ ਪੁੱਤਰ ਆਸਮਾਨ ਭਾਰਦਵਾਜ ਦੇ ਨਿਰਦੇਸ਼ਨ ਹੇਠ ਬਣ ਰਹੀ ਪਹਿਲੀ ਫਿਲਮ ‘ਕੁੱਤੇ’ ਵਿੱਚ ਵੀ ਦਿਖਾਈ ਦੇਵੇਗੀ। ਤੱਬੂ ਨੇ ਕਿਹਾ, ‘‘ਖੁਫ਼ੀਆ’ ਇੱਕ ਅਜਿਹਾ ਪ੍ਰਾਜੈਕਟ ਹੈ, ਜੋ ਮੇਰੇ ਦਿਲ ਦੇ ਬੇਹੱਦ ਨੇੜੇ ਹੈ ਤੇ ਮੈਂ ਜਾਸੂਸੀ ਫਿਲਮ ਦਾ ਹਿੱਸਾ ਬਣ ਕੇ ਬੇਹੱਦ ਖੁਸ਼ ਹਾਂ। ਹਮੇਸ਼ਾ ਵਾਂਗ, ਵਿਸ਼ਾਲ ਭਾਰਦਵਾਜ ਨਾਲ ਕੰਮ ਕਰਕੇ ਖੁਸ਼ੀ ਹੋਈ ਤੇ ਇਉਂ ਲੱਗਿਆ ਜਿਵੇਂ ਘਰ ਵਾਪਸ ਆਈ ਹੋਵਾਂ।’’ ਵਿਸ਼ਾਲ ਭਾਰਦਵਾਜ ਫਿਲਮਜ਼ ਵੱਲੋਂ ਪ੍ਰੋਡਿਊਸ ਕੀਤੀ ਜਾ ਰਹੀ ਫਿਲਮ ‘ਖੁਫ਼ੀਆ’ ਕ੍ਰਿਸ਼ਨਾ ਮਹਿਰਾ ਦੀ ਕਹਾਣੀ ਹੈ, ਜੋ ਕਿ ਰਾਅ ਆਪਰੇਟਿਵ ਹੈ ਤੇ ਉਸ ਨੂੰ ਭਾਰਤੀ ਸੁਰੱਖਿਆ ਸਬੰਧੀ ਭੇਤ ਵੇਚਣ ਵਾਲੇ ਦਾ ਪਤਾ ਲਗਾਉਣ ਦਾ ਕੰਮ ਸੌਂਪਿਆ ਗਿਆ ਹੈ। -ਆਈਏਐੱਨਐੱਸ