ਖੇਤਰੀ ਪ੍ਰਤੀਨਿਧ
ਲੁਧਿਆਣਾ, 9 ਜਨਵਰੀ
ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਹੁੰਦਿਆਂ ਹੀ ਭਾਵੇਂ ਚੋਣ ਜ਼ਾਬਤਾ ਸ਼ੁਰੂ ਹੋ ਗਿਆ ਸੀ ਪਰ ਅਜੇ ਵੀ ਸ਼ਹਿਰ ਦੀਆਂ ਕਈ ਮੁੱਖ ਅਤੇ ਲਿੰਕ ਸੜਕਾਂ ’ਤੇ ਸਿਆਸੀ ਪਾਰਟੀਆਂ ਦੇ ਹੋਰਡਿੰਗਜ਼, ਬੈਨਰ ਅਤੇ ਫਲੈਕਸ ਲੱਗੇ ਦੇਖੇ ਜਾ ਸਕਦੇ ਹਨ। ਉੱਧਰ ਬੀਤੇ ਦਿਨ ਡਿਪਟੀ ਕਮਿਸ਼ਨਰ ਕਮ-ਜ਼ਿਲ੍ਹਾ ਚੋਣ ਅਫਸਰ ਵਰਿੰਦਰ ਕੁਮਾਰ ਸ਼ਰਮਾ ਨੇ ਅਧਿਕਾਰੀਆਂ ਨੂੰ ਸੜਕਾਂ, ਖੰਭਿਆਂ ਅਤੇ ਸਰਕਾਰੀ ਪ੍ਰਾਪਰਟੀ ’ਤੇ ਲੱਗੇ ਵੱਖ-ਵੱਖ ਪਾਰਟੀਆਂ ਦੇ ਹੋਰਡਿੰਗਜ਼, ਪੋਸਟਰ ਅਤੇ ਬੈਨਰ ਆਦਿ ਲਾਹੁਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਸਨ।
ਵਿਧਾਨ ਸਭਾ ਚੋਣਾਂ ਨੂੰ ਲੈ ਕਿ ਸਾਰੀਆਂ ਪਾਰਟੀਆਂ ਦਾ ਅੱਡੀ ਚੋਟੀ ਦਾ ਜ਼ੋਰ ਲੱਗਾ ਹੋਇਆ ਹੈ। ਹਰ ਪਾਰਟੀ ਦੇ ਉਮੀਦਵਾਰ ਵੱਲੋਂ ਲੋਕਾਂ ਨੂੰ ਭਰਮਾਉਣ ਵਾਲੇ ਵੱਡੇ-ਵੱਡੇ ਵਾਅਦਿਆਂ ਵਾਲੇ ਬੋਰਡ ਲਾਏ ਗਏ ਹਨ। ਸੂਬੇ ਦੀ ਸੱਤਾ ’ਤੇ ਕਾਬਜ ਰਹੀ ਪਾਰਟੀ ਵੱਲੋਂ ਵੀ ਅਪਣੇ ਕਾਰਜਕਾਲ ਦੌਰਾਨ ਕਰਵਾਏ ਕੰਮਾਂ ਨੂੰ ਵੱਡੇ ਪੱਧਰ ’ਤੇ ਬੋਰਡਾਂ ਆਦਿ ਰਾਹੀਂ ਲੋਕਾਂ ਸਾਹਮਣੇ ਰੱਖਿਆ ਗਿਆ ਹੈ। ਹੁਣ ਚੋਣ ਜ਼ਾਬਤਾ ਲੱਗ ਜਾਣ ਕਰਕੇ ਇਨ੍ਹਾਂ ਸਾਰੇ ਹੋਰਡਿੰਗਜ਼, ਬੈਨਰਾਂ ਅਤੇ ਫਲੈਕਸਾਂ ਨੂੰ ਲਾਹੁਣ ਦੀਆਂ ਹਦਾਇਤਾਂ ਜਾਰੀ ਹੋ ਗਈਆਂ ਹਨ। ਪਰ ਐਤਵਾਰ ਤੱਕ ਵੀ ਕਈ ਸੜਕਾਂ ’ਤੇ ਵੱਖ ਵੱਖ ਪਾਰਟੀਆਂ ਦੇ ਵੱਡੇ ਅਤੇ ਛੋਟੇ ਬੋਰਡ ਲੱਗੇ ਹੋਏ ਸਨ। ਦੂਜੇ ਪਾਸੇ ਵਿਧਾਨ ਸਭਾ ਚੋਣਾਂ ਨੂੰ ਲੈ ਕਿ ਜ਼ਿਲ੍ਹਾ ਪੱਧਰ ’ਤੇ ਵੀ ਮੀਡੀਆ ਸਰਟੀਫਿਕੇਸ਼ਨ ਅਤੇ ਮੌਨੀਟਰਿੰਗ ਕਮੇਟੀ, ਖਰਚੇ ਦਾ ਹਿਸਾਬ-ਕਿਤਾਬ ਦੇਖਣ ਵਾਲੀਆਂ ਟੀਮਾਂ, ਆਦਰਸ਼ ਚੋਣ ਜ਼ਾਬਤਾ ਟੀਮਾਂ, ਫਲਾਇੰਗ ਸਕੁਐਡ ਆਦਿ ਟੀਮਾਂ ਬਣਾਈਆਂ ਗਈਆਂ ਹਨ। ਇਨ੍ਹਾਂ ਟੀਮਾਂ ਨੂੰ ਬਣਾਉਣ ਦਾ ਮਕਸਦ ਚੋਣਾਂ ਸ਼ਾਂਤਮਈ ਅਤੇ ਪੂਰੀ ਤਰ੍ਹਾਂ ਪਾਰਦਰਸ਼ੀ ਢੰਗ ਨਾਲ ਕਰਵਾਉਣਾ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਚੋਣ ਜ਼ਾਬਤੇ ਨਾਲ ਸਬੰਧਤ ਕਿਸੇ ਵੀ ਸ਼ਿਕਾਇਤ ਨੂੰ ਨਿਰਧਾਰਿਤ ਸਮੇਂ ਵਿੱਚ ਨਿਪਟਾਇਆ ਜਾਵੇਗਾ।
ਜ਼ਾਬਤੇ ਮਗਰੋਂ ਅਧੂਰੇ ਵਿਕਾਸ ਕਾਰਜ਼ਾਂ ਸਬੰਧੀ ਲੋਕਾਂ ’ਚ ਭੰਬਲਭੂਸਾ
ਜਗਰਾਉਂ(ਚਰਨਜੀਤ ਸਿੰਘ ਢਿੱਲੋਂ): ਪਿੰਡਾਂ ਅਤੇ ਸ਼ਹਿਰਾਂ’ਚ ਪਿਛਲੇ ਕਰੀਬ 2 ਮਹੀਨੇ ਤੋਂ ਸੱਤਾਧਾਰੀ ਧਿਰ ਕਾਂਗਰਸ ਪਾਰਟੀ ਵੱਲੋਂ ਧੜਾ-ਧੜ ਸ਼ੁਰੂ ਕੀਤੇ ਵਿਕਾਸ ਕਾਰਜ਼ਾਂ ਸਬੰਧੀ ਲੱਗੇ ਚੋਣ ਜ਼ਾਬਤੇ ਦੌਰਾਨ ਪੂਰੇ ਹੋਣ ਜਾਂ ਨਾ ਹੋਣ ਦਾ ਡਰ ਆਮ ਲੋਕਾਂ ਨੂੰ ਸਤਾਉਣ ਲੱਗਾ ਹੈ। ਜਦੋਂ ਤੋਂ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਦਾ ਅਹੁੱਦਾ ਸੰਭਾਲਿਆ ਹੈ, ਉਦੋਂ ਤੋਂ ਹੀ ਗਲੀਆਂ-ਨਾਲੀਆਂ, ਸੀਵਰੇਜ਼, ਖੇਡ ਗਰਾਊਂਡਾਂ, ਸੜਕਾਂ ਨਵੀਆਂ ਅਤੇ ਪੁਰਾਣੀਆਂ ਦੇ ਨਵੀਨੀਕਰਨ ਦੀ ਹਨੇਰੀ ਵੱਗਣ ਲੱਗੀ। ਇੱਥੋਂ ਤੱਕ ਕਿ ਨੀਂਹ ਪੱਥਰ ਘੜਨ ਵਾਲਿਆਂ ਕੋਲ ਵੀ ਵਿਹਲ ਨਹੀਂ ਰਹੀ । ਪਿੰਡ-ਪਿੰਡ, ਸ਼ਹਿਰ-ਸ਼ਹਿਰ ਨੀਂਹ ਪੱਥਰ ਰੱਖੇ ਗਏ। ਕੰਮ ਸ਼ੁਰੂ ਵੀ ਹੋ ਗਏ ਬਹੁ-ਗਿਣਤੀ ਕੰਮ ਅਜੇ ਅਧੂਰੇ ਪਏ ਹਨ। ਕੁਝ ਕੁ ਪੂਰੇ ਹੋਣ ਵਾਲੇ ਸਨ, ਪਰ ਅਖੀਰਲੇ ਦਿਨਾਂ ’ਚ ਜਦੋਂ ਚੋਣ ਜ਼ਾਬਤਾ ਲੱਗਣਾ ਸੀ ਉਦੋਂ ਆਈ ਬਾਰਸ਼ ਨੇ ਸਾਰੇ ਕੰਮ ਰੋਲ ਕੇ ਦਿੱਤੇ। ਹੁਣ ਤ੍ਰਾਸਦੀ ਇਹ ਹੈ ਕਿ ਜਿਨ੍ਹਾਂ ਨੇ ਲੀਡਰਾਂ ਦੇ ਮਗਰ ਫਿਰ-ਫਿਰ ਕੇ ਗ੍ਰਾਂਟਾ ਲਈਆਂ ਸਨ ਉਨ੍ਹਾਂ ਦੇ ਮਨਾਂ ’ਚ ਬੀਤੇ ਕੱਲ੍ਹ ਦਾ ਹੀ ਇੱਕ ਡਰ ਉਪਜਣ ਲੱਗਾ ਹੈ ਕਿ ਸ਼ੁਰੂ ਕੀਤੇ ਕੰਮ ਪੂਰੇ ਕਿਵੇਂ ਹੋਣਗੇ? ਕਈ ਪ੍ਰਾਜੈਕਟ ਤਾਂ ਅਜਿਹੇ ਹਨ ਜਿਹੜੇ ਅਜੇ ਸ਼ੁਰੂ ਹੀ ਨਹੀਂ ਹੋ ਸਕੇ। ਕਈਆਂ ਨੇ ਲਾਰੇ-ਲੱਪਿਆਂ ’ਚ ਕੰਮ ਸ਼ੁਰੂ ਕਰ ਲਏ ਤੇ ਪੂਰੇ ਵੀ ਹੋ ਗਏ। ਉਨ੍ਹਾਂ ਦੇ ਚੈੱਕ ਅਜੇ ਤੱਕ ਪਾਸ ਨਹੀਂ ਹੋ ਸਕੇ।
ਜਗਰਾਓਂ ਵਿੱਚੋਂ ਲਾਹੇ ਸਿਆਸੀ ਆਗੂਆਂ ਦੇ ਪੋਸਟਰ ਤੇ ਫਲੈਕਸ
ਜਗਰਾਉਂ (ਜਸਬੀਰ ਸਿੰਘ ਸ਼ੇਤਰਾ): ਆਦਰਸ਼ ਚੋਣ ਜ਼ਾਬਤਾ ਲਾਗੂ ਹੁੰਦੇ ਸਾਰ ਹੀ ਜਗਰਾਉਂ ਸ਼ਹਿਰ ’ਚ ਵੱਖ-ਵੱਖ ਸਿਆਸੀ ਧਿਰਾਂ ਦੇ ਆਗੂਆਂ ਵੱਲੋਂ ਆਪਣੀ ‘ਮਸ਼ਹੂਰੀ’ ਅਤੇ ‘ਬੱਲੇ-ਬੱਲੇ ਕਰਵਾਉਣ ਲਈ’ ਲਗਵਾਏ ਗਏ ਪੋਸਟਰ, ਬੈਨਰ, ਬੋਰਡ ਤੇ ਫਲੈਕਸਾਂ ਲਾਹ ਦਿੱਤੀਆਂ ਗਈਆਂ। ਹਾਕਮ ਧਿਰ ਕਾਂਗਰਸ ਨਾਲ ਸਬੰਧਤ ਟਿਕਟ ਦੇ ਪੰਜ-ਛੇ ਦਾਅਵੇਦਾਰਾਂ ਤੋਂ ਇਲਾਵਾ ਹੋਰਨਾਂ ਪਾਰਟੀਆਂ ਦੇ ਆਗੂਆਂ ਵੱਲੋਂ ਸਰਕਾਰੀ ਇਮਾਰਤਾਂ, ਚੌਕਾਂ ਤੇ ਸੜਕਾਂ ਕੰਢੇ, ਬਿਜਲੀ ਦੇ ਖੰਭਿਆਂ, ਦਰੱਖਤਾਂ ਆਦਿ ਸਭ ਕੁਝ ਪੋਸਟਰਾਂ ਤੇ ਫਲੈਕਸਾਂ ਨਾਲ ਭਰ ਦਿੱਤੇ ਗਏ ਸਨ। ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਪ੍ਰਸ਼ਾਸਨ ਨੇ ਇਸ ਪਾਸਿਓਂ ਮੂੰਹ ਫੇਰੀ ਰੱਖਿਆ। ਚੋਣਾਂ ਦੇ ਐਲਾਨ ਦੇ ਨਾਲ ਹੀ ਜ਼ਾਬਤਾ ਲੱਗਣ ’ਤੇ ਡਿਪਟੀ ਕਮਿਸ਼ਨਰ ਵੱਲੋਂ ਫੌਰੀ ਸਿਆਸੀ ਇਸ਼ਤਿਹਾਰਬਾਜ਼ੀ ਹਟਾਉਣ ਦੀ ਹਦਾਇਤ ’ਤੇ ਸਥਾਨਕ ਅਧਿਕਾਰੀ ‘ਐਕਸ਼ਨ’ ਵਿੱਚ ਆ ਗਏ। ਛੁੱਟੀ ਦਾ ਦਿਨ ਹੋਣ ਦੇ ਬਾਵਜੂਦ ਸਥਾਨਕ ਅਧਿਕਾਰੀਆਂ ਦੀ ਹਦਾਇਤ ’ਤੇ ਸਰਕਾਰੀ ਮੁਲਾਜ਼ਮਾਂ ਨੇ ਟਰੈਕਟਰ ਟਰਾਲੀ ਲੈ ਕੇ ਸ਼ਹਿਰ ਦੀ ‘ਸਫ਼ਾਈ’ ਕਰ ਦਿੱਤੀ। ਨਗਰ ਕੌਂਸਲ ਦੇ ਮੁਲਾਜ਼ਮ ਹਰੀਸ਼ ਕੁਮਾਰ ਤੇ ਹੋਰਨਾਂ ਨੇ ਦੱਸਿਆ ਕਿ ਜਗਰਾਉਂ ਸ਼ਹਿਰ ’ਚ ਜਿੱਥੇ ਵੀ ਉਨ੍ਹਾਂ ਨੂੰ ਸਿਆਸੀ ਆਗੂਆਂ ਦੇ ਪੋਸਟਰ, ਬੈਨਰ, ਬੋਰਡ ਤੇ ਫਲੈਕਸਾਂ ਦਿਖਾਈ ਦਿੱਤੀਆਂ ਉਹ ਲਾਹ ਦਿੱਤੀਆਂ ਹਨ। ਅਧਿਕਾਰੀਆਂ ਨੇ ਕਿਹਾ ਕਿ ਇਸ ਤੋਂ ਬਾਅਦ ਵੀ ਜੇਕਰ ਕਿਸੇ ਨੇ ਚੋਣ ਜ਼ਾਬਤੇ ਦੀ ਉਲੰਘਣਾ ਕਰਕੇ ਸਿਆਸੀ ਨਾਅਰਿਆਂ ਵਾਲੇ ਜਾਂ ਚੋਣ ਪ੍ਰਚਾਰ ਵਾਲੇ ਕੋਈ ਪੋਸਟਰ, ਫਲੈਕਸਾਂ ਲਾਈਆਂ ਤਾਂ ਉਹ ਲਾਹੁਣ ਤੋਂ ਇਲਾਵਾ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਤਹਿਸੀਲਦਾਰ ਮਨਮੋਹਨ ਕੌਸ਼ਿਕ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਵਰਿੰਦਰ ਕੁਮਾਰ ਸ਼ਰਮਾ ਨੇ ਮੀਟਿੰਗ ਦੌਰਾਨ ਸਾਰੇ ਸਿਆਸੀ ਹੋਰਡਿੰਗ ਆਦਿ ਹਟਾਉਣ ਲਈ 48 ਘੰਟਿਆਂ ਦੀ ਸਮਾਂ ਸੀਮਾ ਤੈਅ ਕੀਤੀ ਸੀ। ਇਨ੍ਹਾਂ ਹਦਾਇਤਾਂ ’ਤੇ ਇਹ ਸਾਰੇ ਹੋਰਡਿੰਗ ਤੇ ਪੋਸਟਰ ਆਦਿ ਹਟਾਏ ਗਏ ਹਨ। ਇਸ ਕਾਰਵਾਈ ਤੋਂ ਬਾਅਦ ਜੀਟੀ ਰੋਡ, ਝਾਂਣੀ ਰਾਣੀ ਚੌਕ, ਕਮਲ ਚੌਕ, ਤਹਿਸੀਲ ਰੋਡ, ਰਾਏਕੋਟ ਰੋਡ, ਲਾਜਪਤ ਰਾਏ ਰੋਡ, ਸ਼ੇਰਪੁਰਾ ਰੋਡ ਆਦਿ ’ਤੇ ਆਮ ਨਾਲੋਂ ਕੁਝ ਹਟਵਾਂ ਦ੍ਰਿਸ਼ ਨਜ਼ਰ ਆ ਰਿਹਾ ਸੀ।