ਚਰਨਜੀਤ ਭੁੱਲਰ
ਚੰਡੀਗੜ੍ਹ, 26 ਅਪਰੈਲ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਣਕ ਖਰੀਦ ਸ਼ੁਰੂ ਹੋਣ ਤੋਂ ਕਰੀਬ ਦੋ ਹਫ਼ਤੇ ਮਗਰੋਂ ਅੱਜ ਪੰਜਾਬ ਵਿੱਚ ਚੱਲ ਕਣਕ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ, ਜਦੋਂ ਕਿ ਕਿਸਾਨ ਕਈ ਦਿਨਾਂ ਤੋਂ ਮੰਡੀਆਂ ਵਿੱਚ ਖੱਜਲ ਹੋ ਰਹੇ ਹਨ। ਮੁੱਖ ਮੰਤਰੀ ਨੇ ਅੱਜ ਖੁਰਾਕ ਤੇ ਸਪਲਾਈ ਵਿਭਾਗ ਨੂੰ ਹਦਾਇਤ ਕੀਤੀ ਕਿ ਪੰਜਾਬ ਦੇ ਕਿਸਾਨਾਂ ਦੇ ਵੇਚੀ ਜਿਣਸ ਦੇ ਕਰੀਬ 2900 ਕਰੋੜ ਦੇ ਬਕਾਏ ਦਾ ਫੌਰੀ ਨਿਪਟਾਰਾ ਕੀਤਾ ਜਾਵੇ। ਮੁੱਖ ਮੰਤਰੀ ਨੇ ਸਾਰੀਆਂ ਖਰੀਦ ਏਜੰਸੀਆਂ ਨੂੰ ਕਣਕ ਦੀ ਲਿਫਟਿੰਗ ਤੇਜ਼ ਕਰਨ ਦੀ ਹਦਾਇਤ ਕੀਤੀ।
ਮੁੱਖ ਮੰਤਰੀ ਨੇ ਖਰੀਦ ਏਜੰਸੀਆਂ ਦੇ ਸੀਨੀਅਰ ਅਧਿਕਾਰੀਆਂ ਨਾਲ ਵੀਡੀਓ ਕਾਨਫਰੰਸਿੰਗ ਜ਼ਰੀਏ ਉੱਚ-ਪੱਧਰੀ ਮੀਟਿੰਗ ਕਰਕੇ ਕਣਕ ਦੀ ਆਮਦ, ਖਰੀਦ, ਲਿਫਟਿੰਗ ਅਤੇ ਕਿਸਾਨਾਂ ਦੀ ਅਦਾਇਗੀ ਬਾਰੇ ਪ੍ਰਗਤੀ ਦਾ ਜਾਇਜ਼ਾ ਲਿਆ। ਮੁੱਖ ਮੰਤਰੀ ਨੇ ਮੰਨਿਆ ਕਿ ਸ਼ੁਰੂਆਤੀ ਪੜਾਅ ’ਤੇ ਸਿੱਧੀ ਅਦਾਇਗੀ ਦੀ ਪ੍ਰਣਾਲੀ ਲਾਗੂ ਹੋਣ ਅਤੇ ਬਾਰਦਾਨੇ ਦੀ ਘਾਟ ਕਰਕੇ ਔਕੜਾਂ ਆਈਆਂ ਸਨ, ਜਿਸ ’ਚ ਹੁਣ ਸੁਧਾਰ ਹੋਇਆ ਹੈ।
ਉਨ੍ਹਾਂ ਦੱਸਿਆ ਕਿ ਹੁਣ ਤੱਕ 5.59 ਲੱਖ ਕਿਸਾਨਾਂ ਦੇ ਖਾਤਿਆਂ ਵਿੱਚ 10,000 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਮੁੱਖ ਮੰਤਰੀ ਨੇ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਭਾਰਤ ਸਰਕਾਰ ਦੇ ‘ਅਨਾਜ ਖਰੀਦ’ ਪੋਰਟਲ ਉੱਤੇ ਕਿਸਾਨਾਂ ਦੇ ਲੋੜੀਂਦੇ ਦਸਤਾਵੇਜ਼ ਅਪਲੋਡ ਕਰਨ ਵਿੱਚ ਤੇਜ਼ੀ ਲਿਆਉਣ ਲਈ ਕਿਹਾ ਤਾਂ ਜੋ ਕਿਸਾਨਾਂ ਨੂੰ ਸਮੇਂ ਸਿਰ ਅਦਾਇਗੀ ਕੀਤੀ ਜਾ ਸਕੇ।
ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਪਹੁੰਚੀ 86.74 ਲੱਖ ਮੀਟਰਕ ਟਨ ਵਿੱਚੋਂ 84.18 ਲੱਖ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ, ਜਦ ਕਿ ਮੰਡੀਆਂ ਵਿੱਚ ਪਈ ਕਣਕ ਨੂੰ ਵੀ ਤੁਰੰਤ ਖ਼ਰੀਦਿਆ ਜਾਵੇਗਾ। ਉਨ੍ਹਾਂ ਨੇ ਖਰੀਦ ਏਜੰਸੀਆਂ ਨੂੰ ਵੀ ਮੰਡੀਆਂ ਵਿੱਚ ਜਮ੍ਹਾਂ ਹੋਏ 46 ਲੱਖ ਮੀਟਰਕ ਟਨ ਕਣਕ ਦੇ ਸਟਾਕ ਨੂੰ ਤੁਰੰਤ ਚੁੱਕਣ ਲਈ ਆਖਿਆ।
ਵਧੀਕ ਮੁੱਖ ਸਕੱਤਰ ਵਿਕਾਸ ਅਨਿਰੁਧ ਤਿਵਾੜੀ ਨੇ ਦੱਸਿਆ ਕਿ ਪੰਜਾਬ ਮੰਡੀ ਬੋਰਡ ਨੇ ਸੂਬਾ ਭਰ ਦੀਆਂ ਅਨਾਜ ਮੰਡੀਆਂ ਵਿੱਚ ‘ਕਿਸਾਨ ਸਹਾਇਤਾ ਡੈਸਕ’ ਸਥਾਪਤ ਕੀਤੇ ਹਨ, ਜਿੱਥੇ ਆਈਟੀ ਪੇਸ਼ੇਵਾਰ ਅਤੇ ਬੋਰਡ ਦੇ ਮੁਲਾਜ਼ਮ ਨਵੇਂ ਪੋਰਟਲ ਉਤੇ ਰਜਿਸਟਰ ਹੋਣ ਲਈ ਕਿਸਾਨਾਂ ਦੀ ਮਦਦ ਕਰ ਰਹੇ ਹਨ ਤਾਂ ਕਿ ਸਿੱਧੀ ਅਦਾਇਗੀ ਰਾਹੀਂ ਉਨ੍ਹਾਂ ਦੇ ਖਾਤਿਆਂ ਵਿੱਚ ਭੁਗਤਾਨ ਸਮੇਂ ਸਿਰ ਕੀਤਾ ਜਾ ਸਕੇ।ਲਿਫਟਿੰਗ ਦੇ ਮੁੱਦੇ ਉਤੇ ਖੁਰਾਕ ਤੇ ਸਿਵਲ ਸਪਲਾਈਜ਼ ਦੇ ਪ੍ਰਮੁੱਖ ਸਕੱਤਰ ਕੇਏਪੀ ਸਿਨਹਾ ਨੇ ਦੱਸਿਆ ਕਿ ਕਣਕ ਦੀ ਭਰਾਈ ਲਈ 16.84 ਕਰੋੜ ਥੈਲੇ ਪਹਿਲਾਂ ਹੀ ਵਰਤੇ ਜਾ ਚੁੱਕੇ ਹਨ ਅਤੇ ਸੂਬੇ ਦੀਆਂ ਸਾਰੀਆਂ ਅਨਾਜ ਮੰਡੀਆਂ ਵਿੱਚ ਢੁੱਕਵੀਂ ਮਾਤਰਾ ਵਿੱਚ ਬਾਰਦਾਨਾ ਮੁਹੱਈਆ ਕਰਵਾਇਆ ਜਾ ਰਿਹਾ ਹੈ।