ਪ੍ਰਿੰ. ਸਰਵਣ ਸਿੰਘ
ਪ੍ਰਿੰਸੀਪਲ ਸਰਵਣ ਸਿੰਘ ਨੇ ਇਸ ਵਾਰ ਹਾਕੀ ਦੇ ਮਿਸਾਲੀ ਖਿਡਾਰੀ ਬਲਬੀਰ ਸਿੰਘ ਬਾਰੇ ਸੰਵਾਦ ਰਚਾਇਆ ਹੈ। ਓਲੰਪਿਕ ਖੇਡਾਂ ਵਿਚੋਂ ਤਿੰਨ ਗੋਲਡ ਮੈਡਲ ਜਿੱਤਣ ਕਰ ਕੇ ਉਹਨੂੰ ‘ਗੋਲਡਨ ਹੈਟ ਟ੍ਰਿਕ’ ਵਾਲਾ ਬਲਬੀਰ ਸਿੰਘ ਕਿਹਾ ਜਾਂਦਾ ਹੈ। ਓਲੰਪਿਕ ਖੇਡਾਂ ਵਿਚ ਇਕੋ ਮੈਚ ਵਿਚ 5 ਗੋਲ ਕਰਨ ਦਾ ਰਿਕਾਰਡ ਉਹਦੇ ਕੋਲ ਹੈ। ਲੰਡਨ-2012 ਦੀ ਐਗਜ਼ੀਬੀਸ਼ਨ ਵਿਚ ਓਲੰਪਿਕ ਖੇਡਾਂ ਦੇ ਇਤਿਹਾਸ ਵਿਚੋਂ ਜਿਹੜੇ 16 ਖਿਡਾਰੀ ‘ਆਇਕੌਨਿਕ ਓਲੰਪੀਅਨ’ ਚੁਣੇ ਗਏ, ਬਲਬੀਰ ਸਿੰਘ ਉਨ੍ਹਾਂ ਵਿਚੋਂ ਇਕ ਹੈ। ਹਾਕੀ ਦਾ ਸਿਰਫ਼ ਉਹੀ ਇਕੋ-ਇਕ ਖਿਡਾਰੀ ਹੈ ਜਿਸ ਨੂੰ ਇਹ ਮਾਣ ਮਿਲਿਆ। ਓਲੰਪਿਕ ਖੇਡਾਂ ਦੇ 16 ਰਤਨਾਂ ਵਿਚ 8 ਪੁਰਸ਼ ਹਨ ਤੇ 8 ਔਰਤਾਂ। ਉਨ੍ਹਾਂ ਵਿਚ ਏਸ਼ੀਆ ਦੇ ਕੇਵਲ ਦੋ ਅਤੇ ਭਾਰਤੀ ਉਪ ਮਹਾਂਦੀਪ ਦਾ ਇਕੱਲਾ ਬਲਬੀਰ ਸਿੰਘ ਹੀ ਹੈ।
ਦੁਨੀਆ ਭਰ ਦੇ ਹਾਕੀ ਮੈਦਾਨਾਂ ਵਿਚ ਵੀਹ ਵਰ੍ਹੇ ‘ਬਲਬੀਰ ਬਲਬੀਰ’ ਹੁੰਦੀ ਰਹੀ ਸੀ। ਉਦੋਂ ਹਾਕੀ ਖੇਡਣ ਵਾਲੇ ਕਈ ਬਲਬੀਰ ਸਨ। ਪੰਜ ਬਲਬੀਰ ਭਾਰਤੀ ਹਾਕੀ ਟੀਮਾਂ ਦੇ ਮੈਂਬਰ ਬਣੇ। ਤਿੰਨ ਬਲਬੀਰ ਬੈਂਕਾਕ-66 ਦੀਆਂ ਏਸਿ਼ਆਈ ਖੇਡਾਂ ਅਤੇ ਮੈਕਸੀਕੋ-68 ਦੀਆਂ ਓਲੰਪਿਕ ਖੇਡਾਂ ਵਿਚ ਭਾਰਤੀ ਹਾਕੀ ਟੀਮਾਂ ਵਿਚ ਇਕੱਠੇ ਖੇਡੇ। ਪੁਲੀਸ ਵਾਲਾ ਬਲਬੀਰ, ਰੇਲਵੇ ਵਾਲਾ ਬਲਬੀਰ ਤੇ ਫੌਜ ਵਾਲਾ ਬਲਬੀਰ। ਬਾਲ ਬਲਬੀਰਾਂ ਵਿਚਕਾਰ ਘੁੰਮਦੀ ਤਾਂ ਕੁਮੈਂਟੇਟਰ ਜਸਦੇਵ ਸਿੰਘ ਬਲਬੀਰ ਬਲਬੀਰ ਕਰੀ ਜਾਂਦਾ। ਇਕੇਰਾਂ ਨੌਂ ਬਲਬੀਰ ਦਿੱਲੀ ਦਾ ਨਹਿਰੂ ਹਾਕੀ ਟੂਰਨਾਮੈਂਟ ਖੇਡੇ। ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੀਆਂ ਟੀਮਾਂ ਵਿਚ ਹਾਕੀ ਖੇਡਣ ਵਾਲੇ ਬਲਬੀਰਾਂ ਦਾ ਤਾਂ ਕੋਈ ਲੇਖਾ ਹੀ ਨਹੀਂ! ਗੱਲ ਕਰਦੇ ਹਾਂ ਗੋਲਡਨ ਗੋਲ ਤੇ ਗੋਲਡਨ ਹੈਟ ਟ੍ਰਿਕ ਵਾਲੇ ਬਲਬੀਰ ਸਿੰਘ ਦੀ।
‘ਗੋਲਡਨ ਹੈਟ ਟ੍ਰਿਕ’ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਦੀ ਸਵੈਜੀਵਨੀ ਹੈ। ਇਹ ਖੇਡ ਪੱਤਰਕਾਰ ਸੈਮੁਅਲ ਬੈਨਰਜੀ ਨੇ ਅੰਗਰੇਜ਼ੀ ਵਿਚ ਲਿਖੀ ਸੀ ਜੋ ਵਿਕਾਸ ਪਬਲਿਸਿ਼ੰਗ ਹਾਊਸ ਦਿੱਲੀ ਨੇ 1977 ਵਿਚ ਪ੍ਰਕਾਸਿ਼ਤ ਕੀਤੀ। ਉਸ ਦਾ ਪੂਰਾ ਨਾਂ ‘ਗੋਲਡਨ ਹੈਟ ਟ੍ਰਿਕ: ਮਾਈ ਹਾਕੀ ਡੇਅਜ਼, ਐਜ਼ ਟੋਲਡ ਟੂ ਸੈਮੂਅਲ ਬੈਨਰਜੀ’ ਹੈ। ਇੰਜ ਸਮਝ ਲਓ, ਜਿਵੇਂ ਮਿਲਖਾ ਸਿੰਘ ਦੀ ਸਵੈਜੀਵਨੀ ‘ਫਲਾਈਂਗ ਸਿੱਖ ਮਿਲਖਾ ਸਿੰਘ’ ਐਜ਼ ਟੋਲਡ ਟੂ ਪਾਸ਼ ਹੈ ਜੋ ਲਗਭਗ ਉਸੇ ਸਮੇਂ ਛਪੀ। ਉਸ ਤੋਂ ਪਹਿਲਾਂ ਬਲਬੀਰ ਸਿੰਘ ਤੇ ਮਿਲਖਾ ਸਿੰਘ ਵਿਚਕਾਰ ਪੰਜਾਬ ਖੇਡ ਵਿਭਾਗ ਦਾ ਡਾਇਰੈਕਟਰ ਬਣਨ ਲਈ ਕੇਸ ਹਾਈ ਕੋਰਟ ਵਿਚ ਚੱਲਿਆ ਸੀ ਜਿਸ ਦਾ ਫੈਸਲਾ ਬਲਬੀਰ ਸਿੰਘ ਦੇ ਹੱਕ ਵਿਚ ਹੋਇਆ ਸੀ।
ਬਲਬੀਰ ਸਿੰਘ ਨੇ ਇਕ ਕਿਤਾਬ ਹਾਕੀ ਦੀ ਕੋਚਿੰਗ ਬਾਰੇ ਵੀ ਲਿਖੀ ਜਿਸ ਦਾ ਨਾਂ ਹੈ ‘ਗੋਲਡਨ ਯਾਰਡਸਟਿੱਕ: ਇਨ ਕੁਇਸਟ ਆਫ਼ ਹਾਕੀ ਐਕਸੇਲੈਂਸ’ ਜੋ 2008 ਵਿਚ ਪ੍ਰਕਾਸਿ਼ਤ ਹੋਈ। ਉਸ ਦਾ ਸਬ ਹੈਡਿੰਗ ‘ਟੈੱਸਟਸ ਫਾਰ ਅਸੈੱਸਮੈਂਟ ਐਂਡ ਡਿਵੈਲਪਮੈਂਟ ਆਫ਼ ਗੇਮ ਸਕਿੱਲਜ਼’ ਹੈ। ਉਹ ਪੁਸਤਕ ਉਸ ਦੇ ਬਤੌਰ ਖਿਡਾਰੀ, ਕੋਚ, ਮੈਨੇਜਰ ਤੇ ਖੇਡ ਡਾਇਰੈਕਟਰ ਹੋਣ ਦੇ ਤਜਰਬਿਆਂ ਦਾ ਨਿਚੋੜ ਹੈ। ਖਿਡਾਰੀ ਉਸ ਪੁਸਤਕ ਤੋਂ ਬਹੁਤ ਕੁਝ ਸਿੱਖ ਸਕਦੇ ਹਨ ਤੇ ਹਾਕੀ ਵਿਚ ਐਕਸੇਲੈਂਸ ਹਾਸਲ ਕਰ ਸਕਦੇ ਹਨ। ਉਹ ਪੁਸਤਕ ਇਕ ਤਰ੍ਹਾਂ ਦਾ ਟ੍ਰੈਨਿੰਗ ਮੈਨੂਅਲ ਹੈ। ਉਸ ਦਾ ਮੁੱਖ ਬੰਦ ਕੌਮਾਂਤਰੀ ਓਲੰਪਿਕ ਕਮੇਟੀ ਦੇ ਸਾਬਕਾ ਪ੍ਰਧਾਨ ਜੈਕਸ ਰੌਗੀ ਨੇ ਲਿਖਿਆ ਅਤੇ ਭੂਮਿਕਾ ਕੌਮਾਂਤਰੀ ਓਲੰਪਿਕ ਕਮੇਟੀ ਦੇ ਸਾਬਕਾ ਮੀਤ ਪ੍ਰਧਾਨ ਅਸ਼ਵਨੀ ਕੁਮਾਰ ਨੇ ਬੰਨ੍ਹੀ। ਉਹ ਪੁਸਤਕ ਬਲਬੀਰ ਸਿੰਘ ਨੇ ਆਪਣੇ ਸਵਰਗੀ ਮਾਪਿਆਂ ਦਲੀਪ ਸਿੰਘ ਤੇ ਕਰਮ ਕੌਰ ਨੂੰ ਭੇਟ ਕੀਤੀ।
‘ਗੋਲਡਨ ਯਾਰਡਸਟਿਕ’ ਪੁਸਤਕ ਪਹਿਲੀ ਵਾਰ ਦਿੱਲੀ ਦੇ ਫੀਲਡ ਹਾਕੀ ਪਬਲੀਕੇਸ਼ਨਜ਼ ਨੇ ਛਾਪੀ ਸੀ। ਉਸ ਬਾਰੇ ਜੈਕਸ ਰੌਗੀ ਨੇ ਲਿਖਿਆ, “ਓਲੰਪੀਅਨ ਵਜੋਂ ਮੈਨੂੰ ਗੋਲਡਨ ਹੈਟ ਟ੍ਰਿਕ ਮਾਰਨ ਵਾਲੇ ਲੀਜੈਂਡਰੀ ਹਾਕੀ ਖਿਡਾਰੀ ਬਲਬੀਰ ਸਿੰਘ ਦੀ ਪੁਸਤਕ ਦਾ ਮੁੱਖ ਬੰਦ ਲਿਖਦਿਆਂ ਖ਼ੁਸੀ ਹੋ ਰਹੀ ਹੈ। ਸਾਡੇ ਸਮੇਂ ਦੇ ਖਿਡਾਰੀਆਂ, ਟੀਮ ਕਪਤਾਨਾਂ, ਕੋਚਾਂ ਤੇ ਮੈਨੇਜਰਾਂ ਨੇ ਬਲਬੀਰ ਸਿੰਘ ਨੂੰ ਹਾਕੀ ਦਾ ਸਰਬੋਤਮ ਖਿਡਾਰੀ ਮੰਨਿਆ ਹੈ। ਇਸ ਪੁਸਤਕ ਦੀ ਪ੍ਰਕਾਸ਼ਨਾ ਨਾਲ ਬਲਬੀਰ ਸਿੰਘ ਨੇ ਹਾਕੀ ਨਾਲ ਆਪਣਾ ਸਨੇਹ ਪ੍ਰਗਟਾਉਂਦਿਆਂ ਹਾਕੀ ਦਾ ਸੰਦੇਸ਼ ਭਾਰਤ ਤੇ ਭਾਰਤ ਤੋਂ ਬਾਹਰ ਸਾਰੀ ਦੁਨੀਆ ਤਕ ਪੁਚਾਇਆ ਹੈ। ਹਾਕੀ ਦੀ ਖੇਡ ਨਾਲ ਉਸ ਦੀ ਲਗਨ ਤੇ ਖੇਡਾਂ ਦੀਆਂ ਕਦਰਾਂ ਕੀਮਤਾਂ ਨਾਲ ਪਿਆਰ ਅਗਲੀਆਂ ਪੀੜ੍ਹੀਆਂ ਨੂੰ ਉਤਸ਼ਾਹਿਤ ਕਰਦਾ ਰਹੇਗਾ। ਦੇਸ਼ ਵਿਦੇਸ਼ ਦੇ ਬੱਚੇ ਤੇ ਨੌਜੁਆਨ ਉਹਦੇ ਦਿਖਾਏ ਖੇਡ ਮਾਰਗ ਤੇ ਚੱਲਣਗੇ। ਓਲੰਪਿਕ ਲਹਿਰ ਬਲਬੀਰ ਸਿੰਘ ਜਿਹੇ ਖਿਡਾਰੀਆਂ ਦੀ
ਰਿਣੀ ਹੈ ਜਿਨ੍ਹਾਂ ਨੇ 20ਵੀਂ ਸਦੀ ਦੇ ਖੇਡ ਇਤਿਹਾਸ ਨੂੰ ਰੰਗ ਭਾਗ ਲਾਏ।”
ਅਸ਼ਵਨੀ ਕੁਮਾਰ ਨੇ ਲਿਖਿਆ ਕਿ ਮੈਂ ਬਲਬੀਰ ਸਿੰਘ ਨੂੰ ਪਹਿਲੀ ਵਾਰ 1945 ਵਿਚ ਮਿਲਿਆ ਤੇ ਫਿਰ ਮਿਲਦਾ ਹੀ ਰਿਹਾ। ਉਹ ਤੇਜ਼-ਤਰਾਰ ਸੈਂਟਰ ਫਾਰਵਰਡ ਸੀ ਜੋ ਖੇਡ ਮੈਦਾਨ ਵਿਚ ਦੀਵਾਲੀ ਦੇ ਪਟਾਕੇ ਵਾਂਗ ਚਲਦਾ ਸੀ। ਬਾਲ ਮਗਰ ਉਹਦੀ ਝਪਟ ਚੀਤੇ ਵਰਗੀ ਹੁੰਦੀ ਸੀ। ਸਿ਼ਕਵਾ ਸਿ਼ਕਾਇਤ ਉਹਦੇ ਸੁਭਾਅ ਵਿਚ ਨਹੀਂ ਸੀ। ਉਹਦੇ ਨਾਲ ਵਧੀਕੀ ਵੀ ਹੁੰਦੀ ਤਾਂ ਉਹ ਚੁੱਪ ਚਾਪ ਸਹਿ ਜਾਂਦਾ। ਉਹ ਅਨੁਸ਼ਾਸਨਬੱਧ ਖਿਡਾਰੀ ਸੀ ਜੋ ਸਾਥੀਆਂ ਨੂੰ ਡਿਸਿਪਲਿਨ ਵਿਚ ਰਹਿਣ ਦੀ ਤਾਕੀਦ ਕਰਦਾ ਰਹਿੰਦਾ। ਅਸੀਂ ਦੋਵੇਂ ਪੰਜਾਬ ਪੁਲੀਸ ਵਿਚ ਸਾਂ। ਇਕ ਸਮਾਂ ਸੀ ਜਦੋਂ ਭਾਰਤ ਦੀ ਲਗਭਗ ਸਾਰੀ ਹਾਕੀ ਟੀਮ ਪੰਜਾਬ ਪੁਲੀਸ ਦੇ ਖਿਡਾਰੀਆਂ ਨਾਲ ਲੈਸ ਹੁੰਦੀ ਸੀ। ਉਸ ਨੇ ਪੁਲੀਸ ਅਫ਼ਸਰ, ਹਾਕੀ ਖਿਡਾਰੀ, ਟੀਮ ਕੈਪਟਨ, ਕੋਚ, ਮੈਨੇਜਰ ਤੇ ਸਮਾਜ ਸੇਵਕ ਵਜੋਂ ਸ਼ਾਨਦਾਰ ਰੋਲ ਅਦਾ ਕੀਤਾ। ਹੈਲਸਿੰਕੀ-1952 ਦੀਆਂ ਓਲੰਪਿਕ ਖੇਡਾਂ ਦੇ ਫਾਈਨਲ ਮੈਚ ਵਿਚ ਉਸ ਦੇ 5 ਗੋਲ ਅਜੇ ਵੀ ਓਲੰਪਿਕ ਰਿਕਾਰਡ ਹਨ। ਉਸ ਨੇ ਲੰਡਨ-1948 ਦੀਆਂ ਓਲੰਪਿਕ ਖੇਡਾਂ ਵਿਚ ਦੋ ਮੈਚਾਂ ਵਿਚ ਭਾਰਤੀ ਟੀਮ ਦੇ 9 ਗੋਲਾਂ ਵਿਚੋਂ 8 ਗੋਲ ਕੀਤੇ ਸਨ। ਸੈਂਟਰ ਫਾਰਵਰਡ ਵਜੋਂ ਉਹਦੀ ਦਹਿਸ਼ਤ ਹੁੰਦੀ ਸੀ। ਬਾਲ ਡੀ ਵਿਚ ਪਹੁੰਚਿਆ ਨਹੀਂ ਤੇ ਗੋਲ ਹੋਇਆ ਨਹੀਂ। ‘ਗੋਲਡਨ ਯਾਰਡਸਟਿਕ’ ਪੁਸਤਕ ਹਾਕੀ ਖਿਡਾਰੀਆਂ ਲਈ ਅਨਮੋਲ ਤੋਹਫ਼ਾ ਹੈ।
‘ਗੋਲਡਨ ਯਾਰਡਸਟਿਕ’ ਪੁਸਤਕ ਦੇ ਪੰਜ ਭਾਗ ਤੇ ਵੀਹ ਅਧਿਆਇ ਹਨ। ਪਹਿਲੇ ਭਾਗ ਵਿਚ ਪੁਸਿ਼ੰਗ, ਹਿਟਿੰਗ, ਸਕੂਪਿੰਗ, ਸਟਰੋਕਿੰਗ ਤੇ ਡਰਬਿਲਿੰਗ ਬਾਰੇ ਵਿਸਥਾਰ ਨਾਲ ਦੱਸਿਆ ਗਿਆ ਹੈ। ਦੂਜੇ ਭਾਗ ਵਿਚ ਪਾਸਿੰਗ, ਟੈਕਲਿੰਗ, ਬੀਟਿੰਗ, ਸਕੋਰਿੰਗ, ਰੋਲਿੰਗ ਆਦਿ ਦੇ ਗੁਰ ਦੱਸੇ ਹਨ। ਤੀਜੇ ਭਾਗ ਵਿਚ ਰੀਬਾਊਂਡ, ਟ੍ਰੈਪਿੰਗ, ਡਿਫਲੈਕਸ਼ਨਜ਼, ਸਲੈਪਿੰਗ, ਸਵੀਪਿੰਗ, ਡਿਊਲਜ਼, ਟ੍ਰੈਪਿੰਗ ਆਦਿ ਬਾਰੇ ਵੇਰਵਾ ਹੈ। ਚੌਥੇ ਭਾਗ ਵਿਚ ਪੋਜੈਸ਼ਨ, ਮੈਨੋਵਰਿੰਗ, ਬਾਲ ਕੰਟਰੋਲਿੰਗ, ਗੇਮ ਸੈਂਸ ਡਿਵੈਲਪਿੰਗ ਤੇ ਗੋਲ ਕੀਪਿੰਗ ਬਾਰੇ ਕੋਚਿੰਗ ਦਿੱਤੀ ਗਈ ਹੈ। ਪੰਜਵੇਂ ਭਾਗ ਵਿਚ ਫਿਜ਼ੀਕਲ ਫਿੱਟਨੈੱਸ ਅਤੇ ਮੈਂਟਲ ਫਿੱਟਨੈੱਸ ਕਾਇਮ ਰੱਖਣ ਲਈ ਕਸਰਤਾਂ ਦੱਸੀਆਂ ਗਈਆਂ ਹਨ ਤੇ ਯੋਗ ਕਰਨ ਦੀ ਮਹੱਤਤਾ ਦਰਸਾਈ ਗਈ ਹੈ। ਖਿਡਾਰੀਆਂ ਦੀ ਸਕਿੱਲ ਟੈੱਸਟ ਕਰਨ ਦੇ ਅਨੇਕਾਂ ਟੈੱਸਟਾਂ ਦਾ ਵੇਰਵਾ ਦਿੱਤਾ ਗਿਆ ਹੈ। ਪੁਸਤਕ ਸੌ ਤੋਂ ਵੱਧ ਡਾਇਗਰਾਮਾਂ ਅਤੇ ਇਤਿਹਾਸਕ ਤਸਵੀਰਾਂ ਨਾਲ ਗਲਾਸੀ ਪੇਪਰ ਉਤੇ ਛਾਪੀ ਗਈ ਹੈ ਜਿਸ ਦਾ ਸਾਈਜ਼ ਰਜਿਸਟਰ ਆਕਾਰ ਦਾ ਹੈ। ਕੁਲ ਪੰਨੇ 172 ਹਨ ਪਰ ਇਸ ਦੀ ਕੋਈ ਕੀਮਤ ਨਹੀਂ ਰੱਖੀ ਗਈ, ਕਿਉਂਕਿ ਇਹ ਹੈ ਹੀ ਬੇਸ਼ਕੀਮਤੀ। ਸੀਮਤ ਸਾਧਨ ਪਰ ਸਖ਼ੀ ਦਿਲ ਵਾਲਾ ਬਲਬੀਰ ਸਿੰਘ ਆਪਣਾ ਉਮਰ ਭਰ ਦਾ ਤਜਰਬਾ ਇਸ ਪੁਸਤਕ ਵਿਚ ਹਾਕੀ ਖਿਡਾਰੀਆਂ ਨੂੰ ਮੁਫ਼ਤ ਭੇਟ ਕਰ ਗਿਆ!
ਬਲਬੀਰ ਸਿੰਘ ਦੀ ਰੀਝ ਸੀ ਕਿ ਕੋਈ ਲੇਖਕ ਉਹਦੀ ਜੀਵਨੀ ਪੰਜਾਬੀ ਵਿਚ ਲਿਖੇ ਜੋ ਆਖ਼ਰ ਲਿਖੀ ਵੀ ਗਈ। ਮੈਂ ਉਸ ਦਾ ਨਾਂ ‘ਗੋਲਡਨ ਹੈਟ ਟ੍ਰਿਕ’ ਤੇ ‘ਗੋਲਡਨ ਯਾਰਡਸਟਿੱਕ’ ਵਰਗਾ ਹੀ ‘ਗੋਲਡਨ ਗੋਲ’ ਰੱਖਿਆ ਜੋ ਸੰਗਮ ਪਬਲੀਕੇਸ਼ਨਜ਼ ਸਮਾਣਾ ਨੇ 2015 ਵਿਚ ਪ੍ਰਕਾਸਿ਼ਤ ਕੀਤੀ। ਬਲਬੀਰ ਸਿੰਘ ਹਾਕੀ ਦਾ ਯੁੱਗ ਪੁਰਸ਼ ਸੀ। ਹਾਕੀ ਦਾ ਮਹਾਨ ਸੈਂਟਰ ਫਾਰਵਰਡ। ਉਸ ਨੂੰ ‘ਗੋਲ ਕਿੰਗ’ ਕਿਹਾ ਜਾਂਦਾ ਸੀ। ਉਸ ਦੇ ਗੋਲਾਂ ਦਾ ਓਲੰਪਿਕ ਰਿਕਾਰਡ ਅਜੇ ਤਕ ਕਾਇਮ ਹੈ। ਲੰਡਨ ਓਲੰਪਿਕ-2012 ਵਿਚ ਉਹ ‘ਆਇਕੌਨਿਕ ਓਲੰਪੀਅਨ’ ਐਲਾਨਿਆ ਗਿਆ। ਮੈਂ ਉਸ ਨੂੰ ਪਹਿਲੀ ਵਾਰ 1962 ਵਿਚ ਮਿਲਿਆ ਸਾਂ। ਉਹ ਲੱਡਾ ਕੋਠੀ ਕੈਂਪ ਵਿਚ ਆਇਆ ਸੀ ਜਿਥੇ ਪੰਜਾਬ ਯੂਨੀਵਰਸਿਟੀ ਦਾ ਹਾਕੀ ਅਤੇ ਅਥਲੈਟਿਕਸ ਦਾ ਕੋਚਿੰਗ ਕੈਂਪ ਲੱਗਾ ਹੋਇਆ ਸੀ। ਉਸ ਪਿੱਛੋਂ ਮੈਨੂੰ ਅਨੇਕਾਂ ਵਾਰ ਉਹਨੂੰ ਮਿਲਣ ਦੇ ਮੌਕੇ ਮਿਲੇ। ਉਹ ਢੁੱਡੀਕੇ ਵੀ ਆਇਆ। ਮੈਨੂੰ ਉਹਦੀ ਜੀਵਨੀ ਕਈ ਸਾਲ ਪਹਿਲਾਂ ਲਿਖਣੀ ਚਾਹੀਦੀ ਸੀ ਪਰ ਮੈਥੋਂ ਘੌਲ ਹੁੰਦੀ ਗਈ। ਸਾਲ ਲੰਘਦੇ ਗਏ। ਇਹ ਘੌਲ ਹੋਰ ਵੀ ਹੋ ਜਾਂਦੀ ਜੇ ਆਸਟਰੇਲੀਆ ਤੋਂ ਹਾਕੀ ਦਾ ਇਕ ਫੈਨ ਬਲਬੀਰ ਸਿੰਘ ਦੁਸਾਂਝ ਦੇ ਨਾਂ ਈਮੇਲ ਨਾ ਕਰਦਾ। ਉਸ ਵਿਚ ਉਹਨੇ ਬਲਬੀਰ ਸਿੰਘ ਦੇ ਦਸਖ਼ਤਾਂ ਵਾਲੀ ਫੋਟੋ ਹਾਸਲ ਕਰਨ ਦੀ ਬੇਨਤੀ ਕੀਤੀ ਸੀ।
ਮੈਲਬਰਨ ਤੋਂ ਭੇਜੀ ਈਮੇਲ ਬਲਬੀਰ ਸਿੰਘ ਨੂੰ ਮਿਲਣ ਦੀ ਥਾਂ ਵੈਨਕੂਵਰ ਵਸਦੇ ਪਿੰਡ ਦੁਸਾਂਝ ਕਲਾਂ ਦੇ ਬਲਬੀਰ ਸਿੰਘ ਦੁਸਾਂਝ ਨੂੰ ਮਿਲ ਗਈ ਜੋ ਅਮਰਦੀਪ ਮੈਮੋਰੀਅਲ ਕਾਲਜ ਮੁਕੰਦਪੁਰ ਦਾ ਜੀਵਨ ਮੈਂਬਰ ਸੀ। ਉਥੇ ਮੈਂ ਪ੍ਰਿੰਸੀਪਲ ਰਿਹਾ ਸਾਂ। ਦੁਸਾਂਝ ਮੈਨੂੰ ਜਾਣਦਾ ਸੀ ਤੇ ਉਸ ਨੂੰ ਪਤਾ ਸੀ ਕਿ ਮੈਂ ਹਾਕੀ ਵਾਲੇ ਬਲਬੀਰ ਸਿੰਘ ਨੂੰ ਜਾਣਦਾ ਹਾਂ। ਉਸ ਨੇ ਮੇਰੇ ਨਾਲ ਸੰਪਰਕ ਕੀਤਾ ਤੇ ਮੈਂ ਬਲਬੀਰ ਸਿੰਘ ਸੀਨੀਅਰ ਨਾਲ। ਸਰਦੀਆਂ ਸ਼ੁਰੂ ਹੋ ਚੁੱਕੀਆਂ ਸਨ। ਪਰਵਾਸੀ ਪੰਜਾਬੀ ਵਤਨੀਂ ਪਰਤ ਰਹੇ ਸਨ। ਦੁਸਾਂਝਾਂ ਵਾਲਾ ਬਲਬੀਰ ਸਿੰਘ ਅਤੇ ਮੈਂ ਪੰਜਾਬ ਪਹੁੰਚ ਗਏ ਸਾਂ। 31 ਦਸੰਬਰ 2013 ਨੂੰ ਬਲਬੀਰ ਸਿੰਘ ਸੀਨੀਅਰ ਦਾ 90ਵਾਂ ਜਨਮ ਦਿਨ ਸੀ। ਦੁਸਾਂਝਾਂ ਵਾਲਾ ਬਲਬੀਰ ਸਿੰਘ, ਅਮਰਦੀਪ ਕਾਲਜ ਦਾ ਬਾਨੀ ਗੁਰਚਰਨ ਸਿੰਘ ਸ਼ੇਰਗਿੱਲ ਤੇ ਮੈਂ ਬਲਬੀਰ ਸਿੰਘ ਨੂੰ ਚੰਡੀਗੜ੍ਹ ਜਾ ਮਿਲੇ। ਗੱਲਾਂ ਗੱਲਾਂ ਵਿਚ ਗੱਲ ਚੱਲ ਪਈ ਕਿ ਪੰਜਾਬੀ ਵਿਚ ਉਹਦੀ ਜੀਵਨੀ ਲਿਖਣ ਦਾ ਵਰ੍ਹਿਆਂ ਤੋਂ ਪਛੜ ਰਿਹਾ ਕਾਰਜ ਹੁਣ ਨੇਪਰੇ ਚਾੜ੍ਹਨਾ ਚਾਹੀਦੈ। ਸਤਬਿਚਨ ਕਹਿੰਦਿਆਂ ਮੈਂ ਹੋਰ ਕੰਮ ਛੱਡ ਕੇ ਬਲਬੀਰ ਸਿੰਘ ਦੀ ਜੀਵਨੀ ਲਿਖਣੀ ਸ਼ੁਰੂ ਕਰ ਦਿੱਤੀ। ਧੰਨਵਾਦੀ ਹਾਂ ਬਲਬੀਰ ਸਿੰਘ, ਉਨ੍ਹਾਂ ਦੀ ਪੁੱਤਰੀ ਬੀਬੀ ਸੁਸ਼ਬੀਰ ਕੌਰ ਤੇ
ਦੋਹਤੇ ਕਬੀਰ ਸਿੰਘ ਦਾ ਜਿਨ੍ਹਾਂ ਨੇ ਸਮੇਂ ਸਮੇਂ ਲੋੜੀਂਦੀ ਜਾਣਕਾਰੀ ਦਿੱਤੀ ਜਿਸ ਨਾਲ ਇਹ ਜੀਵਨੀ ਸਿਰੇ ਲੱਗੀ।
ਬਲਬੀਰ ਸਿੰਘ ਨੂੰ ਓਲੰਪਿਕ ਖੇਡਾਂ ਵਿਚੋਂ ਤਿੰਨ ਗੋਲਡ ਮੈਡਲ ਜਿੱਤਣ ਕਰ ਕੇ ਹੀ ‘ਗੋਲਡਨ ਹੈਟ ਟਿੱ੍ਰਕ’ ਵਾਲਾ ਬਲਬੀਰ ਸਿੰਘ ਕਿਹਾ ਜਾਂਦੈ। ਹੈਲਸਿੰਕੀ-1952 ਦੀਆਂ ਓਲੰਪਿਕ ਖੇਡਾਂ ਵਿਚ ਸੈਮੀ ਫਾਈਨਲ ਅਤੇ ਫਾਈਨਲ ਮੈਚਾਂ ਵਿਚ ਭਾਰਤੀ ਟੀਮ ਦੇ 9 ਗੋਲਾਂ ਵਿਚੋਂ 8 ਗੋਲ ਉਸ ਦੀ ਸਟਿੱਕ ਨਾਲ ਹੋਏ ਸਨ। ਉਥੇ ਹਾਲੈਂਡ ਵਿਰੁੱਧ ਖੇਡੇ ਗਏ ਫਾਈਨਲ ਮੈਚ ਵਿਚ ਭਾਰਤੀ ਟੀਮ ਦੇ 6 ਗੋਲਾਂ ਵਿਚੋਂ ਉਸ ਦੇ 5 ਗੋਲ ਸਨ ਜੋ ਓਲੰਪਿਕ ਖੇਡਾਂ ਦਾ ਰਿਕਾਰਡ ਹੈ ਤੇ ਗਿੱਨੀਜ਼ ਬੁੱਕ ਆਫ਼ ਵਰਲਡ ਰਿਕਾਰਡਜ਼ ਦੇ ਪੰਨਿਆਂ ਉਤੇ ਦਰਜ ਹੈ। ਉਸ ਤੋਂ ਪਹਿਲਾਂ ਫਾਈਨਲ ਮੈਚ ਵਿਚ ਸਭ ਤੋਂ ਵੱਧ ਗੋਲ ਕਰਨ ਦਾ ਰਿਕਾਰਡ ਇੰਗਲੈਂਡ ਦੇ ਰੈਗੀ ਪ੍ਰਿਡਮੋਟ ਦਾ ਸੀ। ਉਸ ਨੇ ਲੰਡਨ-1908 ਦੀਆਂ ਓਲੰਪਿਕ ਖੇਡਾਂ ਵਿਚ ਇੰਗਲੈਂਡ ਤੇ ਆਇਰਲੈਂਡ ਦੀਆਂ ਟੀਮਾਂ ਵਿਚਕਾਰ ਹੋਏ ਫਾਈਨਲ ਮੈਚ ਵਿਚ 8 ਵਿਚੋਂ 4 ਗੋਲ ਕੀਤੇ ਸਨ। ਬਰਲਿਨ-1936 ਦੀਆਂ ਓਲੰਪਿਕ ਖੇਡਾਂ ਦੇ ਫਾਈਨਲ ਮੈਚ ਵਿਚ ਧਿਆਨ ਚੰਦ ਦੇ 8 ਵਿਚੋਂ 3 ਗੋਲ ਸਨ। ਉਪਰੋਕਤ ਖਿਡਾਰੀਆਂ ਨੇ ਕੁਦਰਤੀ ਘਾਹ ਵਾਲੇ ਮੈਦਾਨਾਂ ਉਤੇ ਗੋਲ ਕੀਤੇ ਸਨ। ਆਸਟ੍ਰੋਟਰਫ਼ ਉਤੇ ਵਧੇਰੇ ਗੋਲ ਹੋਣ ਦੀ ਸੰਭਾਵਨਾ ਦੇ ਬਾਵਜੂਦ ਬਲਬੀਰ ਸਿੰਘ ਦਾ ਰਿਕਾਰਡ ਅੱਜ ਤਕ ਨਹੀਂ ਟੁੱਟਾ।
ਉਹ ਹਾਕੀ ਖੇਡਣ ਤੋਂ ਰਿਟਾਇਰ ਹੋਣ ਪਿੱਛੋਂ ਹਾਕੀ ਟੀਮਾਂ ਦਾ ਕੋਚ, ਮੈਨੇਜਰ ਅਤੇ ਪੰਜਾਬ ਦਾ ਸਪੋਰਟਸ ਡਾਇਰੈਕਟਰ ਰਿਹਾ। ਉਸ ਨੇ ਓਲੰਪਿਕ ਖੇਡਾਂ ਦੇ ਤਿੰਨ ਸੋਨ ਤਮਗ਼ੇ ਤੇ ਏਸਿ਼ਆਈ ਖੇਡਾਂ ਵਿਚੋਂ ਚਾਂਦੀ ਦਾ ਤਮਗ਼ਾ ਜਿੱਤਣ ਨਾਲ ਭਾਰਤੀ ਟੀਮਾਂ ਦਾ ਕੋਚ/ਮੈਨੇਜਰ ਬਣ ਕੇ ਦੋ ਸੋਨ ਤਮਗ਼ੇ, ਤਿੰਨ ਚਾਂਦੀ ਦੇ ਤਮਗ਼ੇ ਤੇ ਦੋ ਤਾਂਬੇ ਦੇ ਤਮਗ਼ੇ ਵੀ ਭਾਰਤ ਨੂੰ ਜਿਤਾਏ। ਭਾਰਤ ਨੇ ਵਿਸ਼ਵ ਹਾਕੀ ਕੱਪ ਕੇਵਲ ਇਕੋ ਵਾਰ ਜਿੱਤਿਆ, ਉਹ ਵੀ ਉਦੋਂ ਜਦੋਂ ਉਹ ਭਾਰਤੀ ਟੀਮ ਦਾ ਚੀਫ਼ ਕੋਚ/ਮੈਨੇਜਰ ਸੀ। ਉਸ ਨੇ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਲੈ ਕੇ ਓਲੰਪਿਕ ਤੇ ਏਸ਼ੀਅਨ ਖੇਡਾਂ ਵਿਚ ਭਾਰਤੀ ਟੀਮਾਂ ਦੀਆਂ ਕਪਤਾਨੀਆਂ ਕੀਤੀਆਂ। ਹੈਲਸਿੰਕੀ-1952 ਤੇ ਮੈਲਬਰਨ-1956 ਦੀਆਂ ਓਲੰਪਿਕ ਖੇਡਾਂ ਵਿਚ ਮਾਰਚ ਪਾਸਟ ਸਮੇਂ ਭਾਰਤੀ ਦਲ ਦਾ ਝੰਡਾਬਰਦਾਰ ਬਣਿਆ। 1954 ਵਿਚ ਸਿੰਗਾਪੁਰ ਮਲਾਇਆ ਟੂਰ ਦੇ 16 ਮੈਚਾਂ ਵਿਚ ਭਾਰਤੀ ਟੀਮ ਦੇ 121 ਗੋਲਾਂ ਵਿਚੋਂ ਉਸ ਨੇ 83 ਗੋਲ ਕੀਤੇ ਸਨ। 1955 ਵਿਚ ਨਿਊਜ਼ੀਲੈਂਡ ਦੇ ਟੂਰ ਵਿਚ 37 ਮੈਚਾਂ ਵਿਚ ਭਾਰਤੀ ਟੀਮ ਦੇ 203 ਗੋਲਾਂ ਵਿਚੋਂ 141 ਗੋਲ ਬਲਬੀਰ ਸਿੰਘ ਦੀ ਹਾਕੀ ਨਾਲ ਹੋਏ। ਉਥੇ ਉਸ ਨੂੰ ‘ਗੋਲ ਕਿੰਗ’ ਦਾ ਖਿ਼ਤਾਬ ਮਿਲਿਆ।
ਉਹ 1957 ਵਿਚ ਭਾਰਤੀ ਖਿਡਾਰੀਆਂ ਵਿਚੋਂ ਸਭ ਤੋਂ ਪਹਿਲਾਂ ਪਦਮਸ੍ਰੀ ਦੀ ਉਪਾਧੀ ਨਾਲ ਸਨਮਾਨਿਆ ਗਿਆ ਤੇ ਦੇਸ਼ ਦਾ ਸਰਬੋਤਮ ਖਿਡਾਰੀ ਮੰਨਿਆ ਗਿਆ। 1982 ਦੀਆਂ ਏਸਿ਼ਆਈ ਖੇਡਾਂ ਮੌਕੇ ਖੇਡ ਪੱਤਰਕਾਰਾਂ ਨੇ ਉਸ ਨੂੰ ‘ਸਪੋਰਟਸਮੈਨ ਆਫ਼ ਦਾ ਸੈਂਚਰੀ’ ਐਲਾਨਿਆ। ਉਸ ਨੂੰ ਦਿੱਲੀ ਏਸਿ਼ਆਡ ਦੀ ਜੋਤ ਜਗਾਉਣ ਦਾ ਮਾਣ ਮਿਲਿਆ। ਲੰਡਨ-2012 ਦੀ ਐਗਜ਼ੀਬੀਸ਼ਨ ਵਿਚ ਓਲੰਪਿਕ ਖੇਡਾਂ ਦੇ ਇਤਿਹਾਸ ਵਿਚੋਂ ਜਿਹੜੇ 16 ਖਿਡਾਰੀ ‘ਆਇਕੌਨਿਕ ਓਲੰਪੀਅਨ’ ਚੁਣੇ ਗਏ, ਬਲਬੀਰ ਸਿੰਘ ਉਨ੍ਹਾਂ ਵਿਚੋਂ ਇਕ ਹੈ। ਹਾਕੀ ਦਾ ਸਿਰਫ਼ ਉਹੀ ਇਕੋ-ਇਕ ਖਿਡਾਰੀ ਹੈ ਜਿਸ ਨੂੰ ਇਹ ਮਾਣ ਮਿਲਿਆ। ਓਲੰਪਿਕ ਖੇਡਾਂ ਦੇ 16 ਰਤਨਾਂ ਵਿਚ 8 ਪੁਰਸ਼ ਹਨ ਤੇ 8 ਔਰਤਾਂ। ਉਨ੍ਹਾਂ ਵਿਚ ਏਸ਼ੀਆ ਦੇ ਕੇਵਲ ਦੋ ਅਤੇ ਭਾਰਤੀ ਉਪ ਮਹਾਂਦੀਪ ਦਾ ਇਕੱਲਾ ਬਲਬੀਰ ਸਿੰਘ ਹੀ ਹੈ।
ਉਹ ਲਿਖਣ/ਬੋਲਣ ਲੱਗਾ ਅਕਸਰ ਆਖਦੈ, “ਮੈਂ ਜੋ ਕੁਝ ਹਾਂ, ਆਪਣੇ ਮਾਪਿਆਂ, ਅਧਿਆਪਕਾਂ, ਖੇਡ ਸਾਥੀਆਂ ਤੇ ਸ਼ੁਭਚਿੰਤਕਾਂ ਕਰ ਕੇ ਹਾਂ। ਮੇਰੇ ਗੋਲ ਤੇ ਮੇਰੀਆਂ ਜਿੱਤਾਂ, ਮੇਰੀ ਟੀਮ ਤੇ ਮੇਰੇ ਸਾਥੀਆਂ ਦੀਆਂ ਜਿੱਤਾਂ ਹਨ। ਮੈਂ ਉਨ੍ਹਾਂ ਦਾ ਧੰਨਵਾਦੀ ਹਾਂ। ਹਾਕੀ ਮੈਨੂੰ ਪਰੀ ਵਾਂਗ ਮਿਲੀ। ਮੈਂ ਉਸ ਨਾਲ ਖੇਡਿਆ, ਪਿਆਰ ਪਾਇਆ, ਉਸ ਦੀ ਇੱਜ਼ਤ ਕੀਤੀ ਤੇ ਪੂਜਾ ਕਰਨ ਤਕ ਗਿਆ। ਉਹ ਮੇਰੇ ਲਈ ਦੇਵੀ ਬਣ ਗਈ। ਲੰਡਨ ਵਿਚ ਸਾਡੇ ਪਿਆਰ ਨੂੰ ਰੰਗ ਭਾਗ ਲੱਗੇ। ਹੈਲਸਿੰਕੀ ਵਿਚ ਸਾਡਾ ਵਿਆਹ ਹੋਇਆ ਤੇ ਮੈਲਬਰਨ ਵਿਚ ਹਨੀਮੂਨ ਮਨਾਇਆ ਗਿਆ। ਉਹ ਰੁੱਸਦੀ ਵੀ ਰਹੀ ਤੇ ਮੰਨਦੀ ਵੀ ਰਹੀ। ਨਾ ਉਹਨੇ ਸਾਥ ਛੱਡਿਆ ਨਾ ਮੈਂ। ਮੇਰੀ ਇਕ ਪਤਨੀ ਸੁਸ਼ੀਲ ਸੀ, ਦੂਜੀ ਉਹ। ਉਹ ਕੋਈ ਹੋਰ ਨਹੀਂ, ਮੇਰੀ ਪਿਆਰੀ ਹਾਕੀ ਹੈ!”
ਬਲਬੀਰ ਸਿੰਘ ਨੇ 1985 ਵਿਚ ਆਪਣੀਆਂ ਖੇਡ ਨਿਸ਼ਾਨੀਆਂ ਸਪੋਰਟਸ ਅਥਾਰਟੀ ਆਫ਼ ਇੰਡੀਆ (ਸਾਈ) ਦੇ ਅਜਾਇਬ ਘਰ ਲਈ ਦੇ ਦਿੱਤੀਆਂ ਸਨ। ਉਨ੍ਹਾਂ ਵਿਚ ਦੋ ਦਰਜਨ ਤੋਂ ਵੱਧ ਮੈਡਲ, ਮਮੈਂਟੋ, ਬਲੇਜ਼ਰ ਤੇ ਅਹਿਮ ਸ਼ਖ਼ਸੀਅਤਾਂ ਨਾਲ ਨਾਯਾਬ ਫੋਟੋਗਰਾਫ਼ ਸਨ। ਉਹ ‘ਸਾਈ’ ਦੇ ਸੈਕਟਰੀ ਏਐੱਸ ਤਲਵਾਰ ਨੇ ਵਸੂਲ ਕੀਤੀਆਂ ਸਨ ਜਿਨ੍ਹਾਂ ਨੂੰ ਵਸੂਲ ਕਰਨ ਦੀ ਫੋਟੋ ਦਾ ਸਬੂਤ ਬਲਬੀਰ ਸਿੰਘ ਦੇ ਪਰਿਵਾਰ ਪਾਸ ਮੌਜੂਦ ਹੈ। ਬਲਬੀਰ ਸਿੰਘ ਦੀਆਂ ਅਨਮੋਲ ਖੇਡ ਨਿਸ਼ਾਨੀਆਂ ਪਤਾ ਨਹੀਂ ਕਿਉਂ ਗ਼ਾਇਬ ਕਰ ਦਿੱਤੀਆਂ ਹਨ ਜੋ ਹੁਣ ਲੱਭ ਨਹੀਂ ਰਹੀਆਂ। ਬਾਲ ਹੁਣ ਭਾਰਤ ਸਰਕਾਰ ਦੇ ਵਿਹੜੇ ਵਿਚ ਹੈ। ਦੇਖਦੇ ਹਾਂ ਉਹ ਬਲਬੀਰ ਸਿੰਘ ਦੀ ਅਨਮੋਲ ਪੂੰਜੀ ਕਦੋਂ ਲੱਭਦੀ ਹੈ ਤੇ ਕਦੋਂ ਓਲੰਪਿਕ ਰਤਨ ਨੂੰ ਭਾਰਤ ਰਤਨ ਪੁਰਸਕਾਰ ਦਿੰਦੀ ਹੈ?
‘ਗੋਲਡਨ ਗੋਲ’ ਦੇ ਪਹਿਲੇ ਪੰਨੇ ਤੇ ਬਲਬੀਰ ਸਿੰਘ ਨੇ ਲਿਖਿਆ: 92 ਸਾਲ ਦੀ ਉਮਰ ਵਿਚ ਮੈਂ ਪਿੱਛਲਝਾਤ ਮਾਰਦਾ ਹਾਂ ਤਾਂ ਮੈਨੂੰ ਮੇਰਾ ਨਾਨਕਾ ਪਿੰਡ ਹਰੀਪੁਰ ਯਾਦ ਆ ਜਾਂਦਾ ਹੈ। ਮੇਰਾ ਉਥੇ ਜਨਮ ਹੋਇਆ ਤਾਂ ਕਿਸੇ ਦੇ ਖ਼ਾਬ ਖਿ਼ਆਲ ਵਿਚ ਨਹੀਂ ਹੋਣਾ ਕਿ ਹਾਕੀ ਮੇਰਾ ਪਹਿਲਾ ਪਿਆਰ ਹੋਵੇਗੀ ਤੇ ਮੈਂ ਉਸ ਦਾ ਦੀਵਾਨਾ ਹੋ ਜਾਵਾਂਗਾ। ਮੈਂ ਪਿੰਡ ਦੇ ਨਿਆਣੇ ਖਿੱਦੋ-ਖੂੰਡੀ ਖੇਡਦੇ ਦੇਖੇ। ਲੀਰਾਂ ਦੀਆਂ ਮੜ੍ਹੀਆਂ ਖਿੱਦੋਆਂ ਹੁੰਦੀਆਂ ਤੇ ਰੁੱਖਾਂ ਤੋਂ ਵੱਢੀਆਂ ਖੂੰਡੀਆਂ। ਪੰਜ ਕੁ ਸਾਲ ਦਾ ਸਾਂ ਜਦੋਂ ਮੈਨੂੰ ਮੋਗੇ ਲਿਜਾਇਆ ਗਿਆ। ਉਥੇ ਮੇਰੇ ਪਿਤਾ ਜੀ ਅਧਿਆਪਕ ਸਨ। ਸਕੂਲ ਦੇ ਨਾਲ ਹੀ ਬਚਨ ਸਿੰਘ ਦਾ ਹਾਤਾ ਸੀ ਜਿਥੇ ਅਸੀਂ ਰਹਿੰਦੇ ਸਾਂ। ਮੈਂ ਬੂਹੇ ਵਿਚ ਬੈਠਾ ਮੁੰਡਿਆਂ ਨੂੰ ਸਕੂਲ ਦੇ ਮੈਦਾਨ ਵਿਚ ਹਾਕੀ ਖੇਡਦੇ ਦੇਖੀ ਜਾਂਦਾ। ਹਾਕੀ ਮੈਨੂੰ ਮੈਸਮਰਾਈਜ਼ ਕਰ ਦਿੰਦੀ ਤੇ ਮੈਨੂੰ ਸੁਰਤ ਨਾ ਰਹਿੰਦੀ ਕਿ ਮੈਂ ਧੁੱਪੇ ਬੈਠਾਂ ਜਾਂ ਛਾਵੇਂ? ਹਾਕੀ ਦੇਖਦਾ ਮੈਂ ਭੁੱਖ ਤੇਹ ਵੀ ਭੁੱਲ ਜਾਂਦਾ।
ਫਿਰ ਮੇਰਾ ਜਨਮ ਦਿਨ ਆਇਆ। ਮੇਰੇ ਪਿਤਾ ਜੀ ਨੇ ਪੁੱਛਿਆ, ਕਿਹੜਾ ਖਿਡਾਉਣਾ ਲੈਣਾ? ਮੈਂ ਹਾਕੀ ਦੀ ਮੰਗ ਕੀਤੀ ਜੋ ਮੈਨੂੰ ਜਨਮ ਦਿਨ ਦੇ ਤੋਹਫ਼ੇ ਵਜੋਂ ਮਿਲੀ। ਉਹ ਦਿਨ ਤੇ ਆਹ ਦਿਨ, ਹਾਕੀ ਮੇਰਾ ਇਸ਼ਕ ਬਣੀ ਰਹੀ। ਮੈਂ ਤਾਂ ਪਤਾ ਨਹੀਂ ਹਾਕੀ ਨੂੰ ਕੁਝ ਦੇ ਸਕਿਆ ਜਾਂ ਨਹੀਂ ਪਰ ਹਾਕੀ ਨੇ ਮੈਨੂੰ ਬਹੁਤ ਕੁਛ ਦਿੱਤਾ। ਮੈਂ ਦੇਵ ਸਮਾਜ ਸਕੂਲ ਮੋਗੇ ਦੀ ਹਾਕੀ ਟੀਮ ‘ਸੀ’ ਤੋਂ ‘ਏ’ ਟੀਮ ਤਕ ਖੇਡਿਆ। ਮੋਗੇ, ਲਾਹੌਰ ਤੇ ਅੰਮ੍ਰਿਤਸਰ ਦੇ ਕਾਲਜਾਂ ਅਤੇ ਪੰਜਾਬ ਯੂਨੀਵਰਸਿਟੀ ਲਾਹੌਰ ਦੀਆਂ ਹਾਕੀ ਟੀਮਾਂ ਵਿਚ ਖੇਡਦਾ, ਪੰਜਾਬ ਪੁਲੀਸ, ਪੰਜਾਬ ਸਟੇਟ ਤੇ ਫਿਰ ਇੰਡੀਆ ਦੀਆਂ ਟੀਮਾਂ ਵਿਚ ਖੇਡਣ ਲੱਗਾ। ਅਨੇਕਾਂ ਕੱਪ ਜਿੱਤੇ, ਟਰਾਫੀਆਂ ਜਿੱਤੀਆਂ ਤੇ ਦਰਜਨਾਂ ਮੈਡਲ ਜਿਨ੍ਹਾਂ ਵਿਚ ਤਿੰਨ ਤਾਂ ਓਲੰਪਿਕ ਗੋਲਡ ਮੈਡਲ ਹੀ ਹਨ। ਟੀਮਾਂ ਦਾ ਕਪਤਾਨ, ਕੋਚ ਤੇ ਮੈਨੇਜਰ ਬਣ ਕੇ ਵੀ ਬੜੇ ਮੈਡਲ ਜਿੱਤੇ-ਜਿਤਾਏ। ਮੋਗੇ ਦੇ ਨਿੱਕੇ ਜਿਹੇ ‘ਬੀਰ੍ਹੇ’ ਨੂੰ ਹਾਕੀ ਨੇ ਸੱਤਵੇਂ ਅਕਾਸ਼ ਉਤੇ ਚੜ੍ਹਾ ਦਿੱਤਾ!
ਮੈਂ ਕਈ ਵਾਰ ਸੋਚਦਾਂ ਇਹ ਕ੍ਰਿਸ਼ਮਾ ਕਿਵੇਂ ਹੋਇਆ? ਮੈਂ ਗੋਲਚੀ ਤੋਂ ਸੈਂਟਰ ਫਾਰਵਰਡ ਕਿਵੇਂ ਬਣ ਗਿਆ? ਮੈਨੂੰ ‘ਗੋਲ ਕਿੰਗ’ ਕਿਉਂ ਕਿਹਾ ਜਾਣ ਲੱਗਾ? ਹੈਰਾਨ ਹਾਂ ਕਿ ਹੈਲਸਿੰਕੀ ਓਲੰਪਿਕ ਦੇ ਹਾਕੀ ਫਾਈਨਲ ਵਿਚ ਮੈਂ ਪੰਜ ਗੋਲ ਕਿਵੇਂ ਕਰ ਗਿਆ? ਅਜਿਹਾ ਓਲੰਪਿਕ ਰਿਕਾਰਡ ਜੋ ਛੇ ਦਹਾਕੇ ਬੀਤ ਜਾਣ ਤੇ ਵੀ ਨਹੀਂ ਟੁੱਟ ਰਿਹਾ! ਓਲੰਪਿਕ ਖੇਡਾਂ ਦੇ ਸਫ਼ਰ ਦੀਆਂ ਸਾਰੀਆਂ ਸਪੋਰਟਸ ਵਿਚੋਂ ਜਿਹੜੇ 16 ਆਇਕੌਨਿਕ ਓਲੰਪੀਅਨ ਚੁਣੇ ਗਏ ਉਨ੍ਹਾਂ ਵਿਚ ਮੈਨੂੰ ਕਿਵੇਂ ਚੁਣ ਲਿਆ ਗਿਆ? ਉਹ ਵੀ ਹਾਕੀ ਦੀ ਦੁਨੀਆ ਦਾ ਇਕੋ ਇਕ ਖਿਡਾਰੀ!
ਮੈਂ ਮੁੱਢੋਂ ਹੁੰਦੜਹੇਲ ਬੱਚਾ ਨਹੀਂ ਸਾਂ। ਸਕੂਲ ਵਿਚ ਹਾਕੀ ਖੇਡਣ ਲੱਗਾ ਤਾਂ ਮੈਨੂੰ ਨਿਕੱਦਾ ਸਮਝ ਕੇ ਗੋਲ ਪੋਸਟ ਵਿਚ ਖੜ੍ਹਾ ਦਿੱਤਾ ਜਾਂਦਾ। ਮੈਂ ਗੋਲ ਹੁੰਦੇ ਦੇਖ ਸਕਦਾ ਸਾਂ ਪਰ ਗੋਲ ਕਰ ਨਹੀਂ ਸਾਂ ਸਕਦਾ। ਫਿਰ
ਮੈਂ ਫੁੱਲ ਬੈਕ ਬਣਿਆ। ਜਦੋਂ ਮੈਨੂੰ ਸੈਂਟਰ ਫਾਰਵਰਡ ਬਣਨ ਦਾ ਮੌਕਾ ਮਿਲਿਆ, ਮੇਰੀ ਗੋਲ ਕਰਨ ਦੀ ਰੀਝ ਪੂਰੀ ਹੋਣ ਲੱਗੀ। ਮੈਂ ਦਰਸ਼ਕਾਂ ਦੀਆਂ ਨਜ਼ਰਾਂ ਵਿਚ ਆ ਗਿਆ ਜਿਨ੍ਹਾਂ ਦੀ ਹੱਲਾਸ਼ੇਰੀ ਨਾਲ ਮੇਰੀ ਖੇਡ ਦਿਨੋ-ਦਿਨ ਨਿਖਰਦੀ ਗਈ। ਮੇਰੀ ਹਾਕੀ ਨਾਲ ਸੈਂਕੜੇ ਗੋਲ ਹੋਏ ਪਰ ਮੈਂ ਆਪਣੇ ਪਿਤਾ ਜੀ ਦੀ ਸਿੱਖਿਆ ਸਦਕਾ ਕਦੇ ਹਲੀਮੀ ਦਾ ਪੱਲਾ ਨਹੀਂ ਛੱਡਿਆ। ਸਿਆਣੇ ਸੱਚ ਕਹਿੰਦੇ ਹਨ ਕਿ ਫਲ ਨੀਵਿਆਂ ਰੁੱਖਾਂ ਨੂੰ ਹੀ ਲੱਗਦੇ ਹਨ। ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ॥
ਕਦੇ ਮੈਂ ਸੋਚਦਾ ਹਾਂ, ਹਾਕੀ ਦਾ ਮੈਨੂੰ ਨਸ਼ਾ ਤਾਂ ਨਹੀਂ ਚੜ੍ਹ ਗਿਆ ਹੋਇਆ? ਕਿਤੇ ਮੈਂ ਹਾਕੀ ਦਾ ਅਡਿਕਟ ਤਾਂ ਨਹੀਂ ਹੋ ਗਿਆ? ਮੈਨੂੰ ਹਰ ਵੇਲੇ ਹਾਕੀ ਦੇ ਸੁਫ਼ਨੇ ਕਿਉਂ ਆਉਂਦੇ ਹਨ? ਹਾਕੀ ਖੇਡਣੀ ਛੱਡਣ ਪਿੱਛੋਂ ਵੀ ਕਿਉਂ ਹਾਕੀ ਨਾਲ ਜੁੜਿਆ ਹੋਇਆਂ? ਹਾਕੀ ਮੇਰੇ ਬੁੱਢਵਾਰੇ ਵੀ ਕਿਉਂ ਸਿਰ੍ਹਾਣੇ ਪਈ ਹੈ? ਭਾਰਤੀ ਹਾਕੀ ਟੀਮ ਮੈਚ ਜਿੱਤੇ ਤਾਂ ਮੇਰਾ ਦਿਲ ਬਾਗੋਬਾਗ ਹੋ ਜਾਂਦੈ। ਹਾਰ ਜਾਵੇ ਤਾਂ ਮੈਨੂੰ ਪਰੇਸ਼ਾਨੀ ਹੁੰਦੀ ਹੈ। ਮੈਂ ਹਾਕੀ ਦੀ ਕੋਚਿੰਗ ਬਾਰੇ ਆਪਣੇ ਤਜਰਬੇ ਨਾਲ ਕਿਤਾਬ ਲਿਖੀ ਹੈ ਤੇ ਚਾਹੁੰਦਾ ਹਾਂ ਕਿ ਭਾਰਤੀ ਹਾਕੀ ਆਪਣੇ ਗੋਲਡਨ ਪੀਰੀਅਡ ਨੂੰ ਦੁਹਰਾਵੇ। ਭਾਰਤੀ ਟੀਮ ਮੁੜ ਓਲੰਪਿਕ ਚੈਂਪੀਅਨ ਬਣੇ ਤੇ ਵਰਲਡ ਕੱਪ ਜਿੱਤੇ। ਮੈਂ ਜਿੰਨੇ ਜੋਗਾ ਹਾਂ ਯਥਾਯੋਗ ਹਿੱਸਾ ਪਾਉਣ ਦਾ ਯਤਨ ਕਰ ਰਿਹਾਂ।
ਮੈਂ ਸਮਝਦਾ ਹਾਂ ਮੇਰੇ ਤੇ ਰੱਬ ਦੀ ਰਹਿਮਤ ਹੈ ਜਿਸ ਨੇ ਮੈਨੂੰ ਮਿਹਨਤ ਕਰਨੀ ਤੇ ਵੱਡਿਆਂ ਦੀ ਇਜ਼ਤ ਕਰਨੀ ਸਿਖਾਈ। ਮੈਨੂੰ ਅਨੁਸਾਸ਼ਨ ਸਿਖਾਇਆ, ਹਾਰ ਸਹਿਣੀ ਤੇ ਜਿੱਤ ਪਚਾਉਣੀ ਸਿਖਾਈ। ਮੈਂ ਜੋ ਕੁਝ ਹਾਂ, ਆਪਣੇ ਮਾਪਿਆਂ, ਅਧਿਆਪਕਾਂ, ਕੋਚ ਸਾਹਿਬਾਨ, ਟੀਮ ਸਾਥੀਆਂ, ਦੋਸਤਾਂ ਮਿੱਤਰਾਂ ਤੇ ਪਰਿਵਾਰ ਦੇ ਸਹਿਯੋਗ ਸਦਕਾ ਹਾਂ। ਮੈਂ ਉਨ੍ਹਾਂ ਸਭਨਾਂ ਦਾ ਰਿਣੀ ਹਾਂ ਜਿਨ੍ਹਾਂ ਨੇ ਮੈਨੂੰ ਸਿੱਖਿਆ ਦਿੱਤੀ ਤੇ ਮੇਰੇ ਸ਼ੁਭਚਿੰਤਕ ਬਣੇ ਰਹੇ। ਮੈਂ ਆਪਣੀ ਪਤਨੀ ਸੁਸ਼ੀਲ ਦੇ ਸਹਿਯੋਗ ਬਿਨਾਂ ਓਲੰਪਿਕ ਖੇਡਾਂ ਦੇ ਗੋਲਡ ਮੈਡਲ ਤਾਂ ਕੀ, ਪੁਲੀਸ ਖੇਡਾਂ ਦੇ ਮੈਡਲ ਵੀ ਨਹੀਂ ਸੀ ਜਿੱਤ ਸਕਦਾ। ਮੇਰੀਆਂ ਵੱਡੀਆਂ ਜਿੱਤਾਂ ਸੁਸ਼ੀਲ ਨਾਲ ਵਿਆਹ ਕਰਾਉਣ ਤੋਂ ਬਾਅਦ ਦੀਆਂ ਹੀ ਹਨ। ਮੈਂ ਅਕਸਰ ਆਖਦਾ ਹਾਂ ਮੇਰੀ ਇਕ ਪਤਨੀ ਸੁਸ਼ੀਲ ਸੀ ਤੇ ਦੂਜੀ ਹਾਕੀ ਪਰ ਸੁਸ਼ੀਲ ਨੇ ਹਾਕੀ ਨੂੰ ਸੌਂਕਣ ਦੀ ਥਾਂ ਭੈਣ ਸਮਝਿਆ। ਉਸ ਦੀ ਕੁਰਬਾਨੀ ਬੇਮਿਸਾਲ ਹੈ।
ਮੈਂ ਧੰਨਵਾਦੀ ਹਾਂ ਪ੍ਰਿੰਸੀਪਲ ਸਰਵਣ ਸਿੰਘ ਜੀ ਦਾ ਜਿਨ੍ਹਾਂ ਨੇ ਮੇਰੇ ਜੀਵਨ ਤੇ ਖੇਡ ਕੈਰੀਅਰ ਦੀ ਬਾਤ ਪਾ ਕੇ ਨਵੀਆਂ ਪੀੜ੍ਹੀਆਂ ਨੂੰ ਖੇਡਾਂ ਲਈ ਪ੍ਰੇਰਤ ਕਰਨ ਦਾ ਉਚੇਚਾ ਉਪਰਾਲਾ ਕੀਤਾ। ਮੈਨੂੰ ਯਕੀਨ ਹੈ, ਇਹ ਪੁਸਤਕ ਉਨ੍ਹਾਂ ਬੱਚਿਆਂ ਤੇ ਨੌਜੁਆਨਾਂ ਨੂੰ ਜ਼ਰੂਰ ਪ੍ਰੇਰਤ ਕਰੇਗੀ ਜਿਹੜੇ ਮਿਹਨਤ ਕਰ ਕੇ ਕੁਝ ਬਣਨਾ ਚਾਹੁੰਦੇ ਹਨ। ਮੇਰਾ ਭਵਿੱਖ ਦੇ ਖਿਡਾਰੀਆਂ ਨੂੰ ਇਹੋ ਸੰਦੇਸ਼ ਹੈ ਕਿ ਸਭ ਤੋਂ ਉਪਰਲਾ ਸਥਾਨ ਸਦਾ ਖਾਲੀ ਹੁੰਦਾ ਹੈ। ਤੁਹਾਡੀ ਮਿਹਨਤ ਤੁਹਾਨੂੰ ਸਭ ਤੋਂ ਉੱਚੇ ਸਥਾਨ ਤੇ ਪੁਚਾ ਸਕਦੀ ਹੈ।
ਬਲਬੀਰ ਸਿੰਘ ਸੀਨੀਅਰ ਦਾ ਅਸਲੀ ਨਾਂ ਬਲਬੀਰ ਸਿੰਘ ਦੁਸਾਂਝ ਸੀ। ਉਹ 31 ਦਸੰਬਰ 1923 ਤੋਂ 25 ਮਈ 2020 ਤਕ 96 ਸਾਲ 4 ਮਹੀਨੇ 25 ਦਿਨ ਜੀਵਿਆ। ਪਿਛਲੇ ਸਾਲ ਉਹਦੇ ਸਸਕਾਰ ਸਮੇਂ ਪੰਜਾਬ ਸਰਕਾਰ ਵੱਲੋਂ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਨੇ ਐਲਾਨ ਕੀਤਾ ਸੀ ਕਿ ਮੁਹਾਲੀ ਦੇ ਆਸਟ੍ਰੋਟਰਫ ਹਾਕੀ ਸਟੇਡੀਅਮ ਦਾ ਨਾਂ ਓਲੰਪੀਅਨ ਬਲਬੀਰ ਸਿੰਘ ਸਟੇਡੀਅਮ ਰੱਖਿਆ ਜਾਵੇਗਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ, ਪੰਜਾਬ ਸਰਕਾਰ ਵੱਲੋਂ ਭਾਰਤ ਸਰਕਾਰ ਨੂੰ ਲਿਖਿਆ ਜਾਵੇਗਾ ਕਿ ਬਲਬੀਰ ਸਿੰਘ ਦੀਆਂ ਖੇਡ ਸੇਵਾਵਾਂ ਦੀ ਕਦਰ ਕਰਦਿਆਂ ਉਸ ਨੂੰ ਭਾਰਤ ਰਤਨ ਐਵਾਰਡ ਦਿੱਤਾ ਜਾਵੇ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਬਿਆਨ ਦਿੱਤਾ ਸੀ ਕਿ ਗੁਰਸਿੱਖ ਖਿਡਾਰੀ ਬਲਬੀਰ ਸਿੰਘ ਦਾ ਚਿੱਤਰ ਸਿੱਖ ਮਿਊਜ਼ਮ ਵਿਚ ਲਾਇਆ ਜਾਵੇਗਾ। ਇਹ ਅਜੇ ਤਕ ਬਿਆਨ ਹਨ। ਬਲਬੀਰ ਸਿੰਘ ਵਰਗੇ ਖਿਡਾਰੀ ਨਿੱਤ ਨਿੱਤ ਨਹੀਂ ਜੰਮਦੇ। ਅਜੇ ਵੀ ਮੌਕਾ ਹੈ। ਉਹਦੀ ਪਹਿਲੀ ਬਰਸੀ 25 ਮਈ 2021 ਨੂੰ ਹੈ। ਪੰਜਾਬ ਸਰਕਾਰ ਤੇ ਸ਼੍ਰੋਮਣੀ ਕਮੇਟੀ ਵਾਲੇ ਦੱਸਣ ਕਿ ਉਹ ਆਪਣੇ ਕਥਨਾਂ ਤੇ ਅਮਲ ਕਦੋਂ ਕਰਨਗੇ?
ਈਮੇਲ: principalsarwansingh@gmail.com