ਗੁਹਾਟੀ, 21 ਅਗਸਤ
ਅਸਾਮ ਵਿੱਚ ਵੱਖ ਵੱਖ ਸਰਕਾਰੀ ਵਿਭਾਗਾਂ ਦੀਆਂ ਦਰਜਾ ਤਿੰਨ ਅਤੇ ਚਾਰ ਦੀਆਂ ਅਸਾਮੀਆਂ ਲਈ ਅੱਜ ਹੋਈ ਲਿਖਤੀ ਪ੍ਰੀਖਿਆ ਦੌਰਾਨ ਕਿਸੇ ਤਰ੍ਹਾਂ ਦੀ ਗੜਬੜ ਹੋਣ ਦੀ ਸੰਭਾਵਨਾ ਨੂੰ ਰੋਕਣ ਵਾਸਤੇ ਸੂਬੇ ਦੇ 25 ਜ਼ਿਲ੍ਹਿਆਂ ਵਿੱਚ ਮੋਬਾਈਲ ਇੰਟਰਨੈੱਟ ਸੇਵਾਵਾਂ ਚਾਰ ਘੰਟੇ ਬੰਦ ਰਹੀਆਂ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਇਲਾਵਾ, ਜਿਨ੍ਹਾਂ ਜ਼ਿਲ੍ਹਿਆਂ ਵਿੱਚ ਪ੍ਰੀਖਿਆਵਾਂ ਹੋ ਰਹੀਆਂ ਹਨ, ਉਥੇ ਧਾਰਾ 144 ਵੀ ਲਾਗੂ ਕੀਤੀ ਗਈ। ਦਰਜਾ ਤਿੰਨ ਅਤੇ ਦਰਜਾ ਚਾਰ ਦੀਆਂ ਲਗਪਗ 30,000 ਅਸਾਮੀਆਂ ਲਈ 21 ਤੇ 28 ਅਗਸਤ ਅਤੇ 11 ਸਤੰਬਰ ਨੂੰ ਹੋਣ ਵਾਲੀਆਂ ਪ੍ਰੀਖਿਆਵਾਂ ਵਿੱਚ 14.30 ਲੱਖ ਤੋਂ ਵੱਧ ਉਮੀਦਵਾਰਾਂ ਦੇ ਬੈਠਣ ਦੀ ਉਮੀਦ ਹੈ। ਹਾਲਾਂਕਿ, ਅੱਜ (21 ਅਗਸਤ) ਦਰਜਾ ਚਾਰ ਦੀਆਂ ਪੋਸਟਾਂ ਵਾਸਤੇ ਦੋ ਸ਼ਿਫਟਾਂ ਵਿੱਚ ਪ੍ਰੀਖਿਆਵਾਂ ਲਈਆਂ ਗਈਆਂ, ਜਦੋਂਕਿ ਦਰਜਾ ਤਿੰਨ ਦੀਆਂ ਅਸਾਮੀਆਂ ਲਈ ਪ੍ਰੀਖਿਆਵਾਂ 28 ਅਗਸਤ ਤੇ 11 ਸਤੰਬਰ ਨੂੰ ਹੋਣਗੀਆਂ। ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ, ਅਸਾਮ (ਐੱਸਈਬੀਏ) ਨੂੰ ਇਨ੍ਹਾਂ ਪ੍ਰੀਖਿਆਵਾਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਨਿੱਜੀ ਦੂਰਸੰਚਾਰ ਆਪਰੇਟਰਾਂ ਏਅਰਟੈੱਲ ਅਤੇ ਜੀਓ ਦੇ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਅਸਾਮ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ 25 ਜ਼ਿਲ੍ਹਿਆਂ ਵਿੱਚ ਚਾਰ ਘੰਟੇ ਲਈ ਇੰਟਰਨੈੱਟ ਸੇਵਾਵਾਂ ਬੰਦ ਰੱਖੀਆਂ ਗਈਆਂ। ਏਅਰਟੈੱਲ ਨੇ ਆਪਣੇ ਗਾਹਕਾਂ ਨੂੰ ਭੇਜੇ ਐੱਸਐੱਮਐੱਸ ਵਿੱਚ ਕਿਹਾ, ‘‘ਪਿਆਰੇ ਗਾਹਕ, ਸਰਕਾਰ ਦੀਆਂ ਹਦਾਇਤਾਂ ਮੁਤਾਬਕ ਤੁਹਾਡੇ ਖੇਤਰ ਵਿੱਚ ਸਵੇਰੇ 10.00 ਵਜੇ ਤੋਂ ਦੁਪਹਿਰ 12.00 ਵਜੇ ਤੱਕ ਅਤੇ ਦੁਪਹਿਰ 2.00 ਵਜੇ ਤੋਂ ਸ਼ਾਮ 4.00 ਵਜੇ ਤੱਕ ਮੋਬਾਈਲ ਸੇਵਾਵਾਂ ਆਰਜ਼ੀ ਤੌਰ ’ਤੇ ਬੰਦ ਕੀਤੀਆਂ ਜਾ ਰਹੀਆਂ ਹਨ।’’ ਬਾਕੀ ਅਪਰੇਟਰਾਂ ਵੱਲੋਂ ਵੀ ਆਪਣੇ ਗਾਹਕਾਂ ਨੂੰ ਇਸੇ ਤਰ੍ਹਾਂ ਦੇ ਐੱਸਐੱਮਐੱਸ ਭੇਜੇ ਗਏ ਹਨ। ਜ਼ਿਕਰਯੋਗ ਹੈ ਕਿ ਬੀਤੀ 17 ਅਗਸਤ ਨੂੰ ਮੁੱਖ ਮੰਤਰੀ ਹਿਮੰਤ ਬਿਸਵਾ ਸ਼ਰਮਾ ਨੇ ਕਿਹਾ ਕਿ ਸੀ ਭਰਤੀ ਪ੍ਰਕਿਰਿਆ ਦੌਰਾਨ ਗੜਬੜ ਨੂੰ ਰੋਕਣ ਲਈ ਪ੍ਰੀਖਿਆ ਦੌਰਾਨ ਇੰਟਰਨੈੱਟ ਸੇਵਾਵਾਂ ਬੰਦ ਰਹਿਣਗੀਆਂ। -ਪੀਟੀਆਈ