ਜ਼ੀਰਕਪੁਰ: ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਪਟਾਕੇ ਚਲਾਉਣ ’ਤੇ ਸਖ਼ਤੀ ਜਾਰੀ ਰਖਦਿਆਂ 11 ਕੇਸ ਦਰਜ ਕਰ ਕੇ 15 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਵਿੱਚ ਛੇ ਕੇਸ ਜ਼ੀਰਕਪੁਰ ਪੁਲੀਸ ਸਟੇਸ਼ਨ ਤੇ 5 ਢਕੋਲੀ ਪੁਲੀਸ ਸਟੇਸ਼ਨ ਵਿੱਚ ਦਰਜ ਕੀਤੇ ਹਨ। ਜ਼ਿਕਰਯੋਗ ਹੈ ਕਿ ਪੁਲੀਸ ਵੱਲੋਂ ਦੀਵਾਲੀ ਵਾਲੀ ਰਾਤ ਵੀ ਨਿਰਧਾਰਿਤ ਰਾਤ ਅੱਠ ਤੋਂ ਦਸ ਵਜੇ ਤੋਂ ਬਾਅਦ ਪਟਾਕੇ ਚਲਾਉਣ ਦੇ ਦੋਸ਼ ਹੇਠ ਅੱਠ ਜਣਿਆਂ ਖ਼ਿਲਾਫ਼ ਛੇ ਕੇਸ ਦਰਜ ਕੀਤੇ ਗਏ ਸਨ। ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ ਰਾਜਪਾਲ ਸਿੰਘ ਗਿੱਲ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਮੁਹਾਲੀ ਵੱਲੋਂ ਸਿਰਫ਼ ਦੀਵਾਲੀ ਵਾਲੀ ਰਾਤ ਦੋ ਘੰਟੇ ਲਈ ਪਟਾਕੇ ਚਲਾਉਣ ਦੀ ਖੁੱਲ੍ਹ ਦਿੱਤੀ ਗਈ ਸੀ। ਲੋਕਾਂ ਵੱਲੋਂ ਨਿਯਮਾਂ ਦੀ ਅਣਦੇਖੀ ਕਰ ਪਟਾਕੇ ਚਲਾ ਕੇ ਨਿਯਮਾਂ ਦੀ ਧੱਜੀਆਂ ਉੱਡਾਈਆਂ ਜਾ ਰਹੀਆਂ ਸਨ। ਪੁਲੀਸ ਨੇ ਕੁੱਲ 11 ਕੇਸ ਦਰਜ ਕਰ ਕੇ 15 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਸੀ ਜਿਨ੍ਹਾਂ ਨੂੰ ਬਾਅਦ ਵਿੱਚ ਜ਼ਮਾਨਤ ’ਤੇ ਰਿਹਾ ਕਰ ਦਿੱਤਾ ਗਿਆ। -ਨਿੱਜੀ ਪੱਤਰ ਪ੍ਰੇਰਕ