ਪੱਤਰ ਪ੍ਰੇਰਕ
ਟੋਹਾਣਾ, 4 ਦਸੰਬਰ
ਕੇਂਦਰੀ ਜ਼ਮੀਨਦੋਜ਼ ਪਾਣੀ ਬਾਰੇ ਅਥਾਰਟੀ ਨਵੀਂ ਦਿੱਲੀ ਵੱਲੋਂ ਜਾਰੀ ਸੂਚਨਾ ਬਾਰੇ ਡਿਪਟੀ ਕਮਿਸ਼ਨਰ ਫਤਿਹਾਬਾਦ ਨਰਹਰੀ ਸਿੰਘ ਬਾਂਗੜ ਨੇ ਦੱਸਿਆ ਕਿ ਖੇਤੀ ਕੰਮਾਂ ਲਈ ਟਿਊਬਵੈੱਲ ਲਾਉਣ ਲਈ ਐੱਨ.ਓ.ਸੀ. ਦੀ ਜ਼ਰੂਰੀ ਸ਼ਰਤ ਹਟਾ ਲਈ ਗਈ ਹੈ। ਇਸ ਨਾਲ ਟੋਹਾਣਾ ਸਬ-ਡਿਵੀਜ਼ਨ ਦੇ ਕਿਸਾਨਾਂ ਨੂੰ ਵੀ ਲਾਭ ਮਿਲੇਗਾ। ਜ਼ਿਲ੍ਹਾ ਅਧਿਕਾਰੀ ਨੇ ਕੇਂਦਰੀ ਕਮੇਟੀ ਦੀ ਰਿਪੋਰਟ ਦੇ ਆਧਾਰ ’ਤੇ ਜ਼ਿਲ੍ਹਾ ਦੇ ਲੋਕਾਂ ਨੂੰ ਨਵੇਂ ਨਿਯਮਾਂ ਮੁਤਾਬਿਕ ਲਾਭ ਬਾਰੇ ਜਾਣਕਾਰੀ ਦੇਣ ਦੇ ਆਦੇਸ਼ ਦਿੱਤੇ। ਕੇਂਦਰੀ ਕਮੇਟੀ ਮੁਤਾਬਿਕ ਕੋਈ ਵੀ ਪਰਿਵਾਰ ਦਿਹਾਤੀ/ਸ਼ਹਿਰੀ ਪੀਣ ਵਾਲੇ ਪਾਣੀ ਲਈ ਟਿਊਬਵੈੱਲ ਦਾ ਲਾ ਸਕੇਗਾ। ਦਿਹਾਤ ਵਿੱਚ ਟਿਊਬਵੈੱਲ ਦਾ ਪਾਣੀ ਸਮੂਹਿਕ ਤੌਰ ’ਤੇ ਸਪਲਾਈ ਕਰਨ ਤੇ ਕਿਸੇ ਮਹਿਕਮੇ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ। ਕਿਸਾਨ ਬਿਨਾਂ ਐਨਓਸੀ ਲੈਣ ’ਤੇ ਟਿਊਬਵੈੱਲ ਲਾਉਣ ਦੇ ਹੱਕਦਾਰ ਹੋਣਗੇ। ਉਦਯੋਗ ਵਾਸਤੇ 10 ਕਿਊਸਿਕ ਪ੍ਰਤੀ ਮੀਟਰ ਪ੍ਰਤੀ ਦਿਨ ਦੀ ਮੰਗ ਵਾਸਤੇ ਟਿਊਬਵੈੱਲ ਲਾ ਸਕਣਗੇ। ਇਸ ਸਬੰਧ ਵਿੱਚ ਬਿਜਲੀ ਮਹਿਕਮੇ ਨੂੰ ਸੂਚਿਤ ਕੀਤਾ ਗਿਆ ਹੈ। ਇੱਥੇ ਦੱਸਣਯੋਗ ਹੈ ਕਿ ਟੋਹਾਣਾ ਹਲਕਾ ਡਾਰਕ ਜ਼ੋਨ ਵਿੱਚ ਰੱਖਿਆ ਗਿਆ ਸੀ ਜ਼ਿਲ੍ਹਾ ਅਧਿਕਾਰੀ ਨੇ ਇਸ ਹਲਕੇ ਦੇ ਕਿਸਾਨਾਂ ਨੂੰ ਇਸ ਸਬੰਧ ਵਿੱਚ ਜਾਣਕਾਰੀ ਦੇਣ ਲਈ ਪੰਚਾਇਤੀ ਵਿਭਾਗ ਤੇ ਖੇਤੀਬਾੜੀ ਵਿਭਾਗ ਨੂੰ ਜ਼ਿੰਮੇਵਾਰੀ ਸੌਂਪੀ ਸੀ।