ਸੰਤੋਖ ਗਿੱਲ
ਗੁਰੂਸਰ ਸੁਧਾਰ, 22 ਫਰਵਰੀ
ਪਗੜੀ ਸੰਭਾਲ਼ ਜੱਟਾ ਲਹਿਰ ਦੇ ਆਗੂ ਚਾਚਾ ਅਜੀਤ ਸਿੰਘ ਦੇ ਜਨਮ ਦਿਨ ਮੌਕੇ ਸੰਯੁਕਤ ਕਿਸਾਨ ਮੋਰਚਾ ਅਤੇ ਜਮਹੂਰੀ ਕਿਸਾਨ ਸਭਾ ਵੱਲੋਂ ‘ਪਗੜੀ ਸੰਭਾਲ਼ ਦਿਵਸ’ ਮਨਾਉਣ ਲਈ ਤਿਆਰੀਆਂ ਵਿੱਢ ਦਿੱਤੀਆਂ ਹਨ। ਕਿਲ੍ਹਾ ਰਾਏਪੁਰ ਵਿੱਚ ਅਡਾਨੀ ਘਰਾਣੇ ਦੀ ਖ਼ੁਸ਼ਕ ਬੰਦਰਗਾਹ ਸਾਹਮਣੇ ਲੜੀਵਾਰ ਧਰਨੇ ਵਾਲੀ ਥਾਂ ਹੀ ਸਮਾਗਮ ਕੀਤਾ ਜਾਵੇਗਾ। ਭਾਈ ਮਨਜੀਤ ਸਿੰਘ ਖ਼ਾਲਸਾ ਬੁਟਾਰੀ ਵਾਲ਼ਿਆਂ ਦਾ ਕਵੀਸ਼ਰੀ ਜਥਾ ਆਪਣੀਆਂ ਵਾਰਾਂ ਪੇਸ਼ ਕਰਨਗੇ। ਇਹ ਜਾਣਕਾਰੀ ਅੱਜ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਆਗੂ ਜਗਤਾਰ ਸਿੰਘ ਚਕੋਹੀ ਨੇ ਕੀਤਾ। ਅੱਜ ਲੜੀਵਾਰ ਧਰਨੇ ਦੀ ਅਗਵਾਈ ਮਹਿੰਦਰ ਕੌਰ ਅਤੇ ਸੁਖਵਿੰਦਰ ਕੌਰ ਨੇ ਕੀਤੀ। ਕਿਸਾਨ ਆਗੂਆਂ ਨੇ ਦਿੱਲੀ ਦੀਆਂ ਸਰਹੱਦਾਂ ਉੱਪਰ ਮੋਰਚਾ ਮੱਲ ਕੇ ਬੈਠੇ ਕਿਸਾਨਾਂ ਦੀ ਭੀੜ ਨਾਲ ਤੁਲਨਾ ਕਰਨ ਵਾਲੇ ਖੇਤੀ ਮੰਤਰੀ ਨਰਿੰਦਰ ਤੋਮਰ ਦੀ ਜ਼ੋਰਦਾਰ ਨਿੰਦਾ ਕੀਤੀ ਅਤੇ ਕਿਹਾ ਕਿ ਇਹੀ ਭੀੜ ਭਵਿੱਖ ਵਿਚ ਮੋਦੀ ਸਰਕਾਰ ਦੀ ਅਰਥੀ ਵਿਚ ਕਿੱਲ ਸਾਬਤ ਹੋਣ ਵਾਲੀ ਹੈ। ਨੌਜਵਾਨ ਆਗੂ ਹਰਨੇਕ ਸਿੰਘ ਗੁੱਜਰਵਾਲ, ਸੁਖਮਿੰਦਰ ਸਿੰਘ ਮਹਿਮਾ ਸਿੰਘ ਵਾਲਾ, ਜਨਵਾਦੀ ਇਸਤਰੀ ਸਭਾ ਕਿਲ੍ਹਾ ਰਾਏਪੁਰ ਦੀ ਪ੍ਰਧਾਨ ਪਰਮਜੀਤ ਕੌਰ, ਕੁਲਜੀਤ ਕੌਰ ਗਰੇਵਾਲ਼, ਮਹਿੰਦਰ ਕੌਰ, ਕਲੈਕਟਰ ਸਿੰਘ ਨਾਰੰਗਵਾਲ ਨੇ ਵੀ ਧਰਨਾਕਾਰੀਆਂ ਨੂੰ ਸੰਬੋਧਨ ਕੀਤਾ।
ਇਸੇ ਤਰ੍ਹਾਂ ਪਿੰਡ ਨੂਰਪੁਰਾ ਦੀਆਂ ਔਰਤਾਂ ਨੇ ਘਰਾਂ ਨੂੰ ਜਿੰਦਰੇ ਮਾਰ ਕੇ ਪਿੰਡ ਦੀਆਂ ਗਲੀਆਂ ਵਿੱਚ ਜਾਗੋ ਕੱਢ ਕੇ ਮੋਦੀ ਸਰਕਾਰ ਨੂੰ ਜਾਗਣ ਦਾ ਸੁਨੇਹਾ ਦਿੱਤਾ। ਪਿੰਡ ਦੀਆਂ ਔਰਤਾਂ, ਧੀਆਂ, ਬੱਚੀਆਂ ਅਤੇ ਬਜ਼ੁਰਗ ਮਾਵਾਂ ਸਮੇਤ ਬੱਚਿਆਂ ਨੇ ਇਸ ਜਾਗੋ ਵਿਚ ਭਾਗ ਲਿਆ। ਕਿਸਾਨ ਬੀਬੀਆਂ ਨੇ ਬੋਲੀਆਂ, ਗੀਤ ਅਤੇ ਟੱਪੇ ਗਾਉਂਦਿਆਂ ਮੋਦੀ ਸਰਕਾਰ ਨੂੰ ਲਾਹਣਤਾਂ ਪਾਈਆਂ ਅਤੇ ਤਿੰਨ ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ ਉੱਪਰ ਡਟੇ ਕਿਸਾਨਾਂ ਨੂੰ ਜਿੱਤ ਕੇ ਹੀ ਘਰ ਆਉਣ ਲਈ ਸੁਨੇਹਾ ਦਿੱਤਾ। ਕਮਲਜੀਤ ਕੌਰ, ਬਲਵੀਰ ਕੌਰ, ਪਰਮਜੀਤ ਕੌਰ, ਜਸਵਿੰਦਰ ਕੌਰ ਅਤੇ ਪਰਮਿੰਦਰ ਕੌਰ ਨੇ ਕਿਹਾ ਕਿ ਇਸ ਜਾਗੋ ਨੇ ਮੋਦੀ ਸਰਕਾਰ ਦੀਆਂ ਜੜ੍ਹਾਂ ਹਿਲਾ ਦਿੱਤੀਆਂ ਹਨ ਅਤੇ ਇਸੇ ਕਰ ਕੇ ਉਸ ਦੇ ਮੰਤਰੀ ਹੁਣ ਆਵਾ ਗਾਉਣ ਗੱਲਾਂ ਕਰ ਕੇ ਕਿਸਾਨਾਂ ਦਾ ਗ਼ੁੱਸਾ ਸਹੇੜ ਰਹੇ ਹਨ। ਕਿਸਾਨ ਭੈਣਾਂ ਨੇ ਕਿਹਾ ਕਿ ਖੇਤੀ ਮੰਤਰੀ ਨੂੰ ਜਿਹੜੇ ਕਿਸਾਨ ਹੁਣ ਭੀੜ ਜਾਪਦੇ ਹਨ, ਕੱਲ੍ਹ ਨੂੰ ਇਨ੍ਹਾਂ ਲੋਕਾਂ ਨੇ ਹੀ ਗੱਦੀ ਖੋਹ ਲੈਣੀ ਹੈ।
ਗੁਰਮੇਲ ਕੌਰ, ਭਜਨ ਕੌਰ, ਹਰਪਾਲ ਕੌਰ, ਗੁਰਦੇਵ ਕੌਰ, ਪਰਮਜੀਤ ਕੌਰ, ਸਿਮਰਨਜੀਤ ਕੌਰ ਅਤੇ ਚਰਨਜੀਤ ਕੌਰ ਨੇ ਵੀ ਟੋਟਕੇ ਅਤੇ ਬੋਲੀਆਂ ਸੁਣਾ ਕੇ ਚੰਗਾ ਰੰਗ ਬੰਨ੍ਹਿਆ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਕਿਸਾਨ ਆਗੂ ਗੁਰਪ੍ਰੀਤ ਸਿੰਘ ਨੂਰਪੁਰਾ ਅਤੇ ਚਰਨ ਸਿੰਘ ਨੂਰਪੁਰਾ ਨੇ ਵੀ ਭੈਣਾਂ ਨੂੰ ਸੰਬੋਧਨ ਕੀਤਾ ਅਤੇ ਇਹ ਸਿਲਸਿਲਾ ਲਗਾਤਾਰ ਜਾਰੀ ਰੱਖਣ ਦਾ ਸੱਦਾ ਦਿੱਤਾ।