ਨਵੀਂ ਦਿੱਲੀ, 16 ਸਤੰਬਰ
ਕਾਂਗਰਸ ਨੇ ਮੀਡੀਆ ਰਿਪੋਰਟ ਦੇ ਹਵਾਲੇ ਨਾਲ ਕਿਹਾ ਹੈ ਕਿ ਕਰੋਨਾ ਨਾਲ ਜੁੜੇ ਤੱਥ ਛਿਪਾਉਣ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸਾਬਕਾ ਸਿਹਤ ਮੰਤਰੀ ਹਰਸ਼ਵਰਧਨ ਅਤੇ ਆਈਸੀਐੱਮਆਰ ਦੇ ਸੀਨੀਅਰ ਅਧਿਕਾਰੀਆਂ ਖ਼ਿਲਾਫ਼ ਨਿਆਇਕ ਜਾਂਚ ਹੋਵੇ। ਨਿਊਯਾਰਕ ਟਾਈਮਜ਼ ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਕਾਂਗਰਸ ਦੇ ਸੀਨੀਅਰ ਤਰਜਮਾਨ ਅਜੈ ਮਾਕਨ ਨੇ ਕਿਹਾ ਕਿ ਇਹ ਗੰਭੀਰ ਮੁੱਦਾ ਹੈ ਅਤੇ ਇਸ ਦੀ ਜਾਂਚ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਮੌਜੂਦਾ ਜੱਜ ਤੋਂ ਕਰਵਾਈ ਜਾਣੀ ਚਾਹੀਦੀ ਹੈ। ਉਧਰ ਸਰਕਾਰ ਨੇ ਮੀਡੀਆ ਰਿਪੋਰਟ ਨੂੰ ਨਕਾਰ ਦਿੱਤਾ ਹੈ ਅਤੇ ਨੀਤੀ ਆਯੋਗ ਦੇ ਮੈਂਬਰ (ਸਿਹਤ) ਵੀ ਕੇ ਪੌਲ ਨੇ ਕਿਹਾ ਕਿ ਇਸ ਰਿਪੋਰਟ ਦਾ ਕੋਈ ਆਧਾਰ ਨਹੀਂ ਹੈ। ਆਈਸੀਐੱਮਆਰ ਦੇ ਮੁਖੀ ਬਲਰਾਮ ਭਾਰਗਵ ਨੇ ਕਿਹਾ ਕਿ ਇਹ ਭੜਕਾਊ, ਧਿਆਨ ਆਕਰਸ਼ਿਤ ਕਰਨ ਵਾਲਾ ਲੇਖ ਉਸ ਸਮੇਂ ਪ੍ਰਕਾਸ਼ਿਤ ਕੀਤਾ ਗਿਆ ਹੈ ਜਦੋਂ ਭਾਰਤ ’ਚ ਟੀਕਾਕਰਨ ਮੁਹਿੰਮ ਬਹੁਤ ਵਧੀਆ ਢੰਗ ਨਾਲ ਚੱਲ ਰਹੀ ਹੈ। ‘ਰਿਪੋਰਟ ’ਚ ਉਠਾਏ ਗਏ ਸਾਰੇ ਮੁੱਦੇ ਖ਼ਤਮ ਹੋ ਚੁੱਕੇ ਹਨ ਅਤੇ ਇਨ੍ਹਾਂ ’ਤੇ ਧਿਆਨ ਦੇਣ ਦੀ ਲੋੜ ਨਹੀਂ ਹੈ।’
ਪ੍ਰੈੱਸ ਕਾਨਫਰੰਸ ਦੌਰਾਨ ਮਾਕਨ ਨੇ ਕਿਹਾ ਕਿ ਆਈਸੀਐੱਮਆਰ ਦੇ ਸਾਬਕਾ ਵਿਗਿਆਨੀਆਂ ਨੇ ਸ਼ਰੇਆਮ ਕਿਹਾ ਹੈ ਕਿ ਸਿਆਸੀ ਦਖ਼ਲਅੰਦਾਜ਼ੀ ਕਾਰਨ ਮੌਤਾਂ ਦੇ ਅੰਕੜਿਆਂ ’ਚ ਹੇਰਾਫੇਰੀ ਕੀਤੀ ਗਈ ਅਤੇ ਝੂਠਾ ਬਿਰਤਾਂਤ ਸਿਰਜਿਆ ਗਿਆ ਕਿ ਹਾਲਾਤ ਸੁਖਾਵੇਂ ਹਨ। ਉਨ੍ਹਾਂ ਮੰਗ ਕੀਤੀ ਕਿ ਪ੍ਰਧਾਨ ਮੰਤਰੀ, ਸਾਬਕਾ ਸਿਹਤ ਮੰਤਰੀ ਅਤੇ ਆਈਸੀਐੱਮਆਰ ਦੇ ਸੀਨੀਅਰ ਅਧਿਕਾਰੀਆਂ ਖ਼ਿਲਾਫ਼ ਅਪਰਾਧਿਕ ਜਾਂਚ ਸ਼ੁਰੂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਕਰੋਨਾ ਦੀ ਦੂਜੀ ਲਹਿਰ ਦੌਰਾਨ ਸਰਕਾਰ ਦੀ ਲਾਪ੍ਰਵਾਹੀ ਕਾਰਨ ਢਿੱਲ ਵਰਤੀ ਗਈ ਅਤੇ ਸੂਬਾ ਸਰਕਾਰਾਂ ਤਿਆਰ ਨਹੀਂ ਸਨ ਜਿਸ ਕਾਰਨ ਆਮ ਲੋਕਾਂ ਦੀਆਂ ਵਧੇਰੇ ਮੌਤਾਂ ਹੋਈਆਂ। ਮਾਕਨ ਨੇ ਕਿਹਾ ਕਿ ਜੇਕਰ ਝੂਠਾ ਬਿਰਤਾਂਤ ਨਾ ਸਿਰਜਿਆ ਗਿਆ ਹੁੰਦਾ ਤਾਂ ਇੰਨੀਆਂ ਜਾਨਾਂ ਨਹੀਂ ਜਾਣੀਆਂ ਸਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਇਸ ਮੁੱਦੇ ’ਤੇ ਪ੍ਰਦਰਸ਼ਨ ਕਰੇਗੀ ਅਤੇ ਆਉਂਦੇ ਦਿਨਾਂ ’ਚ ਇਹ ਮਾਮਲਾ ਸੰਸਦ ’ਚ ਵੀ ਉਠਾਇਆ ਜਾਵੇਗਾ। -ਪੀਟੀਆਈ