ਨਵੀਂ ਦਿੱਲੀ: ਕੌਮੀ ਰਾਜਧਾਨੀ ’ਚ ਕਰੋਨਾ ਦੇ ਵਧ ਰਹੇ ਕਹਿਰ ਤੋਂ ਸੁਪਰੀਮ ਕੋਰਟ ਵੀ ਨਹੀਂ ਬਚ ਸਕਿਆ ਹੈ। ਸੁਪਰੀਮ ਕੋਰਟ ਦੇ ਚਾਰ ਜੱਜ ਅਤੇ ਉਨ੍ਹਾਂ ਦਾ ਕਰੀਬ ਪੰਜ ਫ਼ੀਸਦ ਅਮਲਾ ਕੋਵਿਡ-19 ਤੋਂ ਪੀੜਤ ਮਿਲਿਆ ਹੈ। ਸੁਪਰੀਮ ਕੋਰਟ ਦੇ ਇਕ ਅਧਿਕਾਰੀ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ 32 ’ਚੋਂ ਚਾਰ ਜੱਜ ਅਤੇ ਕਰੀਬ 3 ਹਜ਼ਾਰ ਸਟਾਫ਼ ਮੈਂਬਰਾਂ ’ਚੋਂ 150 ਨੂੰ ਕਰੋਨਾ ਹੋ ਗਿਆ ਹੈ। ਸੁਪਰੀਮ ਕੋਰਟ ਕੰਪਲੈਕਸ ’ਚ ਕਰੋਨਾ ਟੈਸਟਿੰਗ ਕੇਂਦਰ ਖੋਲ੍ਹਿਆ ਗਿਆ ਹੈ ਜੋ ਸੋਮਵਾਰ ਤੋਂ ਸ਼ਨਿਚਰਵਾਰ ਤੱਕ ਕੰਮ ਕਰੇਗਾ। ਸਰਕੁਲਰ ਜਾਰੀ ਕਰਕੇ ਕਿਹਾ ਗਿਆ ਹੈ ਕਿ ਸੁਪਰੀਮ ਕੋਰਟ ’ਚ ਦਾਖ਼ਲ ਹੋਣ ਵਾਲੇ ਰਜਿਸਟਰੀ ਸਟਾਫ਼, ਤਾਲਮੇਲ ਏਜੰਸੀਆਂ ਦੇ ਅਮਲੇ, ਵਕੀਲ ਤੇ ਉਨ੍ਹਾਂ ਦੇ ਅਮਲੇ ਦਾ ਕਰੋਨਾ ਟੈਸਟ ਕਰਵਾਇਆ ਜਾਵੇ। ਕਰੋਨਾ ਦੇ ਕਿਸੇ ਵੀ ਲੱਛਣ ਦੀ ਸੂਰਤ ’ਚ ਟੈਸਟ ਜ਼ਰੂਰ ਕਰਵਾਇਆ ਜਾਵੇ। ਸਿਖਰਲੀ ਅਦਾਲਤ ਨੇ 2 ਜਨਵਰੀ ਨੂੰ ਫ਼ੈਸਲਾ ਲਿਆ ਸੀ ਕਿ ਸਾਰੇ ਕੇਸਾਂ ਦੀ ਸੁਣਵਾਈ ਦੋ ਹਫ਼ਤਿਆਂ ਲਈ ਵਰਚੁਅਲੀ ਹੋਵੇਗੀ। ਦਿੱਲੀ ’ਚ ਸ਼ਨਿਚਰਵਾਰ ਨੂੰ ਕਰੋਨਾ ਦੇ 20,181 ਕੇਸ ਆਏ ਹਨ ਅਤੇ ਸੱਤ ਵਿਅਕਤੀਆਂ ਦੀ ਮੌਤ ਹੋਈ ਹੈ। ਕੌਮੀ ਰਾਜਧਾਨੀ ’ਚ ਪਾਜ਼ੇਟੀਵਿਟੀ ਦਰ ਵਧ ਕੇ 19.60 ਫ਼ੀਸਦ ’ਤੇ ਪਹੁੰਚ ਗਈ ਹੈ। -ਪੀਟੀਆਈ