ਜੋਗਿੰਦਰ ਸਿੰਘ ਮਾਨ
ਮਾਨਸਾ, 21 ਮਈ
ਖੇਤੀ ਕਾਨੂੰਨ ਰੱਦ ਕਰਵਾਉਣ ਲਈ ਦਿੱਲੀ ਦੀਆਂ ਹੱਦਾਂ ’ਤੇ ਮੋਰਚੇ ਲਾਈ ਬੈਠੀਆਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੂੰ ਹਾੜ੍ਹੀ ਦੇ ਸੀਜ਼ਨ ਦੌਰਾਨ ਮਾਲਵਾ ਖੇਤਰ ਦੇ ਲੋਕਾਂ ਨੇ ਦਿਲ ਖੋਲ੍ਹਕੇ ਦਾਨ ਦਿੱਤਾ। ਜਥੇਬੰਦੀਆਂ ਨੂੰ ਦਿੱਤੀ ਦਾਨ-ਦਕਸ਼ਣਾ ਵਿੱਚ ਮਾਈਆਂ ਨੇ ਪਹਿਲੀ ਵਾਰ ਵੱਡੀ ਭੂਮਿਕਾ ਨਿਭਾਈ। ਮਾਈਆਂ ਨੇ ਦਾਣਿਆਂ ਦੀਆਂ ਪਰਾਤਾਂ ਭਰ-ਭਰ ਕੇ ਦਿੱਤੀਆਂ ਤੇ ਉਨ੍ਹਾਂ ਕਣਕ ਦਾ ਝਾੜ ਘਟਣ ਦੇ ਬਾਵਜੂਦ ਜਥੇਬੰਦੀਆਂ ਲਈ ਕੰਜੂਸੀ ਨਹੀਂ ਵਰਤੀ। ਹੋਰ ਤਾਂ ਹੋਰ ਨਗਦ ਰਾਸ਼ੀ ਲਈ ਵੀ ਮਲਵਈਆਂ ਨੇ ਬੋਝਿਆਂ ਦੇ ਮੂੰਹ ਖੋਲ੍ਹ ਦਿੱਤੇ।
ਕੇਂਦਰ ਸਰਕਾਰ ਨੇ ਪਿਛਲੇ ਸਾਲ ਜੂਨ ਮਹੀਨੇ ਖੇਤੀ ਵਿਰੋਧੀ ਆਰਡੀਨੈਂਸ ਲਿਆਂਦੇ ਸਨ ਤੇ ਉਦੋਂ ਤੋਂ ਹੀ ਕਿਸਾਨ ਜਥੇਬੰਦੀਆਂ ਸੰਘਰਸ਼ ਕਰ ਰਹੀਆਂ ਹਨ। ਇਸ ਖੇਤਰ ਵਿੱਚ ਸਾਰੀਆਂ ਜਥੇਬੰਦੀਆਂ ਨੇ ਇੱਕਜੁਟ ਹੋ ਕੇ ਕੇਂਦਰ ਨੂੰ ਘੇਰਨ ਦਾ ਸੰਘਰਸ਼ ਵਿੱਢਿਆ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਪਿੰਡਾਂ ਦੀਆਂ ਸੱਥਾਂ ਤੋਂ ਸੰਘਰਸ਼ ਸ਼ੁਰੂ ਕਰਕੇ ਬਾਦਲਾਂ ਦੀ ਰਿਹਾਇਸ਼ ਇੱਕ ਹਫ਼ਤੇ ਤੱਕ ਘੇਰੀ ਰੱਖੀ। ਉਪਰੰਤ ਹਰਸਿਮਰਤ ਕੌਰ ਬਾਦਲ ਨੂੰ ਕੇਂਦਰੀ ਹਕੂਮਤ ਵਿਚੋਂ ਅਸਤੀਫਾ ਦੇਣਾ ਪਿਆ। ਉਪਰੰਤ ਸਮੂਹ ਕਿਸਾਨ ਧਿਰਾਂ ਵੱਲੋਂ ਪੰਜਾਬ ਵਿੱਚ ਰੇਲਾਂ ਤੇ ਟੌਲ-ਪਲਾਜ਼ੇ ਬੰਦ ਕਰਨ ਦਾ ਸੱਦਾ ਦਿੱਤਾ ਗਿਆ। ਇਸ ਦੌਰਾਨ ਲੋਕਾਂ ਨੇ ਚਾਹ-ਪਾਣੀ ਤੇ ਰੋਟੀ ਦੇ ਲੰਗਰ ਦਿਲ ਖੋਲ੍ਹ ਕੇ ਲਾਏ। ਹਾਲਾਂਕਿ ਰੇਲ ਆਵਾਜਾਈ ਤਾਂ ਬਹਾਲ ਹੋ ਗਈ ਹੈ ਪਰ ਟੌਲ ਪਲਾਜ਼ਿਆਂ ਤੇ ਪੂੰਜੀਪਤੀਆਂ ਦੇ ਵਪਾਰਕ ਅਦਾਰਿਆਂ ਅੱਗੇ ਧਰਨੇ ਅੱਜ ਵੀ ਜਾਰੀ ਹਨ। ਖੇਤੀ ਕਾਨੂੰਨਾਂ ਖ਼ਿਲਾਫ਼ ਬੀਤੇ ਸਾਲ ਨਵੰਬਰ ਮਹੀਨੇ ਤੋਂ ਕਿਸਾਨ ਦਿੱਲੀ ਦੀਆਂ ਹੱਦਾਂ ’ਤੇ ਡਟੇ ਹਨ ਅਤੇ ਇਸ ਅੰਦੋਲਨ ਵਿੱਚ ਹੁਣ ਤੱਕ ਸਾਰੀਆਂ ਜਥੇਬੰਦੀਆਂ ਦੇ ਕਰੋੜਾਂ ਰੁਪਏ ਖਰਚ ਹੋ ਚੁੱਕੇ ਹਨ। ਹਾੜ੍ਹੀ ਦੀ ਫ਼ਸਲ ਵੱਢਣ ਤੋਂ ਬਾਅਦ ਕਿਸਾਨਾਂ ਨੇ ਜਥੇਬੰਦੀਆਂ ਨੂੰ ਖੁੱਲ੍ਹੇ ਦਿਲ ਨਾਲ ਫੰਡ ਦੇਣੇ ਸ਼ੁਰੂ ਕੀਤੇ ਹੋਏ ਹਨ।
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਅੰਦਲੋਨ ਵਿੱਚ ਇਕੱਲੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) 11 ਮਹੀਨਿਆਂ ਦੇ ਸੰਘਰਸ਼ ਦੌਰਾਨ ਹੁਣ ਤੱਕ ਲਗਪਗ 25 ਕਰੋੜ ਰੁਪਏ ਖਰਚ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਜਥੇਬੰਦੀ ਵੱਲੋਂ ਹਰ ਛਿਮਾਹੀ ਕਿਸਾਨਾਂ ਕੋਲੋਂ ਫੰਡ ਲਿਆ ਜਾਂਦਾ ਹੈ ਅਤੇ ਇਸ ਵਾਰ ਕਿਸਾਨਾਂ ਨੇ ਕਈ ਗੁਣਾ ਵੱਧ ਫੰਡ ਉਨ੍ਹਾਂ ਦੀ ਜਥੇਬੰਦੀ ਨੂੰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਉਸ ਦੇ ਪਿੰਡ ਭੈਣੀਬਾਘਾ ਵਿੱਚ ਸਾਢੇ 11 ਲੱਖ ਰੁਪਏ ਫੰਡ ਇਕੱਠਾ ਹੋਇਆ ਹੈ, ਜਦੋਂ ਕਿ ਪਿੰਡ ਜੋਗਾ ਦੇ ਕਿਸਾਨਾਂ ਨੇ ਜਥੇਬੰਦੀ ਕੋਲ ਇਕੱਠੇ ਕਰਕੇ ਸਾਢੇ 6 ਲੱਖ ਰੁਪਏ ਜਮ੍ਹਾਂ ਕਰਵਾ ਦਿੱਤਾ ਹੈ। ਇਸੇ ਤਰ੍ਹਾਂ ਪਿੰਡ ਅਕਲੀਆ 6 ਲੱਖ, ਫਰਵਾਹੀ 3 ਲੱਖ, ਜਵਾਹਰਕੇ 4 ਲੱਖ, ਰੜ ਸਾਢੇ 4 ਲੱਖ, ਬੱਛੂਆਣਾ 12 ਲੱਖ, ਕਿਸ਼ਨਗੜ੍ਹ 7 ਲੱਖ,ਵਰ੍ਹੇ ਸਾਢੇ 5 ਲੱਖ, ਬਹਾਦਰਪੁਰ 6 ਲੱਖ ਰੁਪਏ ਇਕੱਠਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਫੰਡ ਇਕੱਠਾ ਕਰਨ ਵੇਲੇ ਕਿਸੇ ਵੀ ਕਿਸਾਨ ਪਰਿਵਾਰ ਨੇ ਮੱਥੇ ਵੱਟ ਨਹੀਂ ਪਾਇਆ, ਸਗੋਂ ਇਹ ਭਰੋਸਾ ਜ਼ਰੂਰ ਜਥੇਬੰਦੀਆਂ ਨੂੰ ਦਿੱਤਾ ਹੈ ਕਿ ਲੋੜ ਪੈਣ ’ਤੇ ਹੋਰ ਜਿੰਨਾਂ ਮਰਜ਼ੀ ਫੰਡ ਲੈ ਕੇ ਜਾਇਓ, ਪਰ ਦਿੱਲੀ ਮੋਰਚਾ ਜਿੱਤ ਕੇ ਹੀ ਮੁੜਿਓ। ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ), ਪੰਜਾਬ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ), ਭਾਰਤੀ ਕਿਸਾਨ ਯੂਨੀਅਨ (ਕਾਦੀਆਂ), ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ), ਭਾਰਤੀ ਕਿਸਾਨ ਯੂਨੀਅਨ (ਰਾਜੇਵਾਲਾ), ਭਾਰਤੀ ਕਿਸਾਨ ਯੂਨੀਅਨ (ਮਾਨਸਾ) ਦੇ ਆਗੂਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਵਾਰ ਮੋਦੀ ਹਕੂਮਤ ਵਿਰੁੱਧ ਵਿੱਢੀ ਜੰਗ ਨੂੰ ਲੈ ਕੇ ਲੋਕਾਂ ਦਾ ਉਤਸ਼ਾਹ ਅੰਦੋਲਨ ਵਿੱਚ ਭਾਗ ਲੈਣ ਦੇ ਨਾਲ-ਨਾਲ ਫੰਡ ਦੇਣ ਵਿੱਚ ਵੀ ਖੁੱਲ੍ਹਦਿਲੀ ਵਿਖਾਈ ਹੈ।
ਅੰਦੋਲਨ ਨਾਲ ਛੇੜਖਾਨੀ ਸਰਕਾਰ ਨੂੰ ਮਹਿੰਗੀ ਪਵੇਗੀ: ਡਾ. ਦਰਸ਼ਨਪਾਲ
ਪਟਿਆਲਾ (ਸਰਬਜੀਤ ਸਿੰਘ ਭੰਗੂ): ਹਰਿਆਣਾ ਸਰਕਾਰ ਵੱਲੋਂ ਕੁੰਡਲੀ ਅਤੇ ਟਿਕਰੀ ਹੱਦਾਂ ’ਤੇ ਬੈਠੇ ਕਿਸਾਨਾਂ ਨੂੰ ਹਰਿਆਣਾ ’ਚ ਕਰੋਨਾ ਫੈਲਾਉਣ ਦੇ ਜ਼ਿੰਮੇਵਾਰ ਦੱਸਦਿਆਂ ਕੇਂਦਰ ਸਰਕਾਰ ਨੂੰ ਲਿਖੀ ਗਈ ਚਿੱਠੀ ਦਾ ‘ਸੰਯੁਕਤ ਕਿਸਾਨ ਮੋਰਚੇ’ ਨੇ ਗੰਭੀਰ ਨੋਟਿਸ ਲਿਆ ਹੈੈ। ਕਈ ਦਿਨਾਂ ਮਗਰੋਂ ਦਿੱਲੀ ਤੋਂ ਪੰਜਾਬ ਆਏ ਸੰਘਰਸ਼ ’ਚ ਮੋਹਰੀ ਭੂਮਿਕਾ ਨਿਭਾਅ ਰਹੇ ਮੋਰਚੇ ਦੇ ਆਗੂ ਡਾ. ਦਰਸ਼ਨਪਾਲ ਦਾ ਕਹਿਣਾ ਹੈ ਕਿ ਕੇਂਦਰ ਅਤੇ ਹਰਿਆਣਾ ਦੀਆਂ ਭਾਜਪਾਈ ਹਕੂਮਤਾਂ ਦੇਸ਼ ਭਰ ਦੇ ਕਿਸਾਨਾਂ ਦੇ ਇਸ ਇਤਿਹਾਸਕ ਅੰਦੋਲਨ ਨੂੰ ਕਰੋਨਾ ਦਾ ਬਹਾਨਾ ਲਾ ਕੇ ਦਬਾਉਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅੰਦੋਲਨ ਨਾਲ ਕਿਸੇ ਵੀ ਤਰ੍ਹਾਂ ਦੀ ਛੇੜਖਾਨੀ ਸਰਕਾਰ ਨੂੰ ਮਹਿੰਗੀ ਪਵੇਗੀ। ਕਿਸਾਨ ਆਗੂ ਨੇ ਕਿਹਾ ਕਿ ਸਰਕਾਰਾਂ ਵੱਲੋਂ ਨਿੱਤ ਦਿਨ ਨਵੇਂ ਤੋਂ ਨਵੇਂ ਆਡੰਬਰ ਰਚੇ ਜਾ ਰਹੇ ਹਨ। ਇਕ ਪਾਸੇ ਮੌਸਮ ਦੀ ਖ਼ਰਾਬੀ, ਦੂਸਰੇ ਬਾਬਾ ਰਾਮ ਰਹੀਮ ਲਈ ਦੋ ਰੋਜ਼ਾ ਪੈਰੋਲ ਨੂੰ ਪ੍ਰਵਾਨਗੀ ਅਤੇ ਕਰੋਨਾ ਬਾਰੇ ਗੁਮਰਾਹਕੁਨ ਬਿਆਨ ਸਰਕਾਰ ਦੀ ਸਾਜ਼ਿਸ਼ ਦਾ ਹਿੱਸਾ ਹਨ, ਜਿਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।