ਮੰਗਤ ਕੁਲਜਿੰਦ
ਜਿਉਂ ਹੀ ਡਾ. ਮੰਗੂ ਰਾਮ ਬਿਮਾਰੀ ਨੇ ਕੱਕੋ ਨੂੰ ਜਲਦੀ ਨਾਸ਼ਤਾ ਬਣਾਉਣ ਲਈ ਕਿਹਾ ਤਾਂ ਬਿਨਾਂ ਜਵਾਬ ਦਿੱਤਿਆਂ ਕੱਕੋ ਨੇ ਤਿਰਛੀ ਨਜ਼ਰ ਸੁੱਟੀ। ਮੰਗੂ ਰਾਮ ਸਮਝ ਤਾਂ ਗਿਆ ਕਿ ਦਾਲ ’ਚ ਕੁਝ ਕਾਲਾ ਹੈ, ਕੁਝ ਕਾਲਾ ਕੀ ਸਾਰੀ ਦਾਲ ਹੀ ਕਾਲੀ ਸੀ। ਹੋਇਆ ਇਹ ਸੀ ਕਿ ਅੱਜ ਤੜਕੇ ਤੜਕੇ ਹੀ ਮੰਗੂ ਰਾਮ ਨੇ ਫੇਸਬੁੱਕ ਖੋਲ੍ਹ ਲਈ। ਕਿਸੇ ਸੋਹਣੀ ਸੁਨੱਖੀ ਅਬਲਾ ਦੀ ਪਾਈ ਪੋਸਟ, ‘ਲਉ ਜੀ, ਤਾਜ਼ਾ ਤਾਜ਼ਾ ਅਤੇ ਸੁਆਦੀ ਬ੍ਰੇਕਫਾਸਟ ਕਰੋ’ ’ਤੇ ਕਮੈਂਟ ਲਿਖ ਬੈਠਾ, ‘ਵਾਹ ਜੀ ਵਾਹ! ਸੁਆਦ ਈ ਆ ਗਿਆ ਲਜ਼ੀਜ਼ ਬ੍ਰੇਕਫਾਸਟ ਕਰਕੇ’ ਅਤੇ ਇਹੀ ਕਮੈਂਟ ਕੱਕੋ ਦੀਆਂ ਨਜ਼ਰਾਂ ’ਚ ਆ ਗਿਆ। ਕੱਕੋ ਵੱਲੋਂ ਸੁਆਦਾਂ ਭਰਿਆ ਲੰਚ ਦਾ ਭਾਰਾ ਜਿਹਾ ਮੀਨੂੰ ਹਵਾ ’ਚ ਤੈਰਿਆ, “ਨਾਸ਼ਤਾ ਤਾਂ ਤੁਸੀਂ ਕਰ ਹੀ ਲਿਆ ਹੁਣ ਲੰਚ ਵੀ ਫੇਸਬੁੱਕ ’ਤੇ ਕਰ ਲੈਣਾ।” ਲਾਪ੍ਰਵਾਹੀ ਨਾਲ ਪਰਸ ਚੁੱਕਿਆ ਤੇ ਫ਼ੈਸਲਾ ਜਿਹਾ ਸੁਣਾਉਂਦਿਆਂ ਕਿਹਾ, “ਮੈਂ ਤਾਂ ਚੱਲੀ ਹਾਂ, ਪ੍ਰਧਾਨਾ ਜੀ ਨੇ ਬੁਲਾਇਐ, ਮੰਥਨ ਕਰਨੈ!”
“ਹੈਂ ਮੰਥਨ! ਥੋਡੇ ਕਿਹੜੇ ਕਿਲ੍ਹੇ ਢਹਿ ਗਏ? ਨਾ ਹੀ ਅਜੇ ਕੋਈ ਚੋਣਾਂ ਨੇ ਥੋਡੀ ਸੰਸਥਾ ਦੀਆਂ।”
“ਢਹੇ ਤਾਂ ਨ੍ਹੀਂ ਪਰ ਢਹਿਣ ਦੇ ਆਸਾਰ ਤਾਂ ਬਣਦੇ ਜਾ ਰਹੇ ਨੇ। ਲੱਗਦੈ ਪੰਜਾਬ ’ਚ ਹੋਈ ਵਿਰੋਧੀਆਂ ਦੀ ਦੁਰਦਸ਼ਾ ਦਾ ਸਾਡੇ ’ਤੇ ਵੀ ਅਸਰ ਪਵੇਗਾ। ਬਿਹਤਰ ਇਹੀ ਹੈ ਬਈ ਪਹਿਲਾਂ ਈ ਅੱਗਾ ਵਿਚਾਰ ਲਈਏ, ਫਿਰ ਭਾਲਦੇ ਫਿਰਾਂਗੇ ਰੇਤ ’ਚੋਂ ਕਿਰੀ ਖੰਡ ਨੂੰ।”
“ਉਂਝ ਹੋ ਵੀ ਸਕਦੈ ਕੱਕੋ, ਵੇਖ ਨਾ ਜਦੋਂ ਦੀ ਤੁਸੀਂ ਇਹ ਸੰਸਥਾ ਬਣਾਈ ਐ ਉਦੋਂ ਦੀਆਂ ਤੁਸੀਂ ਚਾਰ ਪੰਜ ਜਣੀਆਂ ਚਿੱਚੜ ਵਾਂਗ ਚੁੰਬੜੀਆਂ ਬੈਠੀਆਂ ਹੋ… ਨਾ ਚੋਣਾਂ ਹੋਣ ਦਿੰਨੀਓਂ ਤੇ ਨਾ ਹੀ ਹੋਰ ਕਿਸੇ ਨੂੰ ਅੱਗੇ ਆਉਣ ਪਰ ਇਤਿਹਾਸ ਕਦੇ ਨਾ ਕਦੇ ਦੁਹਰਾਇਆ ਜਾਂਦੈ।”
“ਚੰਗਾ ਚੰਗਾ…। ਮੈਂ ਵੀ ਜਾਣਦੀ ਆਂ ਥੋਡੀ ਸਭਾ ਕੀ ਤੇ ਕਿਵੇਂ ਕਰਦੀ ਐ।”
“ਕੱਕੋ ਤੂੰ ਤਾਂ ਕੁਝ ਹੋਰ ਹੀ ਸੋਚਗੀ। ਮੇਰੇ ਕਹਿਣ ਦਾ ਮਤਲਬ ਐ ਬਈ ਚੋਣਾਂ ਤੋਂ ਪਹਿਲਾਂ ਹੀ ਮੰਥਨ! ਕੋਈ ਤੁਕ ਨਹੀਂ ਬਣਦੀ। ਉਂਝ ਥੋਡੀ ਸੰਸਥਾ ਦੀ ਜਿੰਨੀ ਤੂਤੀ ਪਹਿਲਾਂ ਬੋਲਦੀ ਸੀ ਹੁਣ ਉਹ ਗੱਲ ਨਹੀਂ ਰਹੀ। ਪਰ ਉਦੋਂ ਤੁਸੀਂ ਸਾਰੀਆਂ ਈ ਜਵਾਨ, ਨਵਾਂ ਜੋਸ਼, ਨਵਾਂ ਉਤਸ਼ਾਹ ਸੀ ਥੋਡੇ ਵਿੱਚ। ਪਰ ਥੋਡਾ ਵੀ ਕੋਈ ਕਸੂਰ ਨਹੀਂ। ਆਹ ਵਿਰੋਧੀ ਧਿਰਾਂ ਈ ਮੁੱਠੀਆਂ ’ਚ ਥੁੱਕੀ ਫਿਰਦੀਆਂ ਨੇ ਤੇ ਸੋਸ਼ਲ ਮੀਡੀਆ ਵੀ ਚੰਗਾ ਵਾਹਨ ਬਣ ਗਿਆ- ਘਰਾਂ ’ਚ ਲੁਕੇ ਬੈਠੇ ਲੋਕਾਂ ਕੋਲ ਵੀ ਪਹੁੰਚ ਕਰਨ ਦਾ।”
“ਉਹੀ ਤਾਂ ਹੈ, ਪਤਾ ਨ੍ਹੀਂ ਵਿਰੋਧੀਆਂ ਨੂੰ ਕੀ ਅੱਗ ਲੱਗੀ ਐ? ਜਦੋਂਕਿ ਲੋਕ ਤਾਂ ਵਿਚਾਰੇ ਸਾਡੇ ਅਹੁਦੇਦਾਰਾਂ ਕੀ, ਸਾਰੇ ਮੈਂਬਰਾਂ ਅਤੇ ਸਾਡੇ ਕੰਮਾਂ ਨੂੰ ਵੇਖ ਕੇ ਅਸ਼-ਅਸ਼ ਕਰ ਉੱਠਦੇ ਤੇ ਚੁੱਪ ਕਰਕੇ ਬੈਠ ਜਾਂਦੇ ਨੇ। ਨਾਲੇ ਸਾਡੀ ਪ੍ਰਧਾਨਾ ਜਿਹੜੀ ਜੰਮੀ ਹੀ ਰਾਜਨੀਤੀ ਦੇ ਧਨੰਤਰਾਂ ਦੇ ਘਰੇ ਐ, ਅੱਜ ਤੱਕ ਕੋਈ ਵੀ ਸੰਸਥਾ ਜਿਹਨੂੰ ਉਹਨੇ ਜੱਫਾ ਮਾਰ ਲਿਆ, ਉਹਦੇ ਜੱਫੇ ’ਚੋਂ ਨਿਕਲ ਨਹੀਂ ਸਕੀ। ਦੂਰ-ਅੰਦੇਸ਼ੀ ਵਿੱਚ ਉਸ ਨੇ ਵੱਡੇ ਵੱਡੇ ਚਾਣਕਿਆਵਾਂ ਨੂੰ ਵੀ ਮਾਤ ਪਾ ਦਿੱਤੀ ਐ…।”
“ਵਾਕਈ ਬੜੀ ਦੂਰਅੰਦੇਸ਼ੀ ਵਾਲੀ ਅਤੇ ਦੂਰ-ਕਲੇਸ਼ਾਂ ਵਾਲੀ ਵੀ।”
“ਹੈਂ! ਕੀ ਕਿਹਾ?” ਜਿਉਂ ਹੀ ਕੱਕੋ ਨੇ ਅੱਖਾਂ ਨੂੰ ਫੈਲਣ ਦਾ ਹੁਕਮ ਦਿੱਤਾ, ਝੱਟ ਮੰਗੂ ਰਾਮ ਨੇ ਪੈਂਤੜਾ ਬਦਲਿਆ, “ਓ… ਨਹੀਂ, ਮੇਰਾ ਮਤਲਬ ਕਲੇਸ਼ਾਂ ਨੂੰ ਦੂਰ ਕਰਨ ਵਾਲੀ, ਵੇਖੋ ਨਾ ਕਿੰਨੀਆਂ ਔਰਤਾਂ ਦੇ ਘਰਾਂ ਨੂੰ ਉਸ ਨੇ ਸੁਖੀ ਵੱਸਣ ਲਾ ਦਿੱਤਾ ਹੈ। ਇਹ ਵੱਖਰੀ ਗੱਲ ਐ ਕਿ ਉਨ੍ਹਾਂ ਦੇ ਸੱਸ-ਸਹੁਰੇ ਆਪਣੇ ਪਿਛਲੇ ਜਨਮਾਂ ਦੇ ਪਾਪਾਂ ਕਾਰਨ ਦਰ ਦਰ ਧੱਕੇ ਖਾਂਦੇ ਫਿਰਦੇ ਨੇ। ਸੁਣਿਐ, ਉਂਝ ਕੱਟੇ-ਕੁਟੇ ਦਾਨ ਕਰਕੇ ਮਨ ਦੇ ਡਰ ਵੀ ਦੂਰ ਹੋ ਜਾਂਦੇ ਨੇ ਤੇ ਚੰਦਰੇ ਗ੍ਰਹਿ ਵੀ ਪੱਤਰਾ ਵਾਚ ਜਾਂਦੇ ਨੇ।”
“ਥੋਡਾ ਖਿਆਲ ਹੈ ਕਿ ਸਾਨੂੰ ਇਹਦਾ ਇਲਮ ਨਹੀਂ? ਅੱਜ ਬੁਲਾਇਐ ਕਿਸੇ ਪਹੁੰਚੇ ਹੋਏ ਬਾਬੇ ਨੂੰ ,ਕਰ ਲਾਂ ਗੀਆਂ ਇਹ ਵੀ। ਐਵੇਂ ਲੇਟ ਕਰਾਈ ਜਾਨੇ ਓ ਹੋਰ ਹੀ ਗੱਲਾਂ ਕਰਕੇ। ਹਾਂ… ਲੰਚ ਕਰ ਲਿਓ- ਫੇਸਬੁੱਕ ’ਤੇ ਹੀ।”
‘‘ਅੱਜ ਤਾਂ ਰੱਬ ਨੇ ਛੱਪਰ ਫਾੜ ਕੇ ਮੌਕਾ ਦੇ ਦਿੱਤਾ- ਚਲੋ ਯਾਰਾਂ ਦੋਸਤਾਂ ਨਾਲ ਚੱਲਦੇ ਆਂ ਕਿਸੇ ਰੈਸਤਰਾਂ ’ਚ ਖਾਣਾ ਖਾਣ। ਪਹਿਲਾਂ ਸਭਾ ਦੇ ਪ੍ਰਧਾਨ ਨੂੰ ਹੀ ਫੋਨ ਕਰੀਏ ਜਦੋਂ ਦੀ ਸਭਾ ਛੱਡੀ ਐ ਕਦੇ ਉਨ੍ਹਾਂ ਨਾਲ ਰਲ ਬੈਠ ਇਨਜੁਆਏ ਨਹੀਂ ਕੀਤਾ। ਉਹ ਵੀ ਅਜਿਹੇ ਮੌਕੇ ਦੀ ਤਲਾਸ਼ ’ਚ ਰਹਿੰਦੈ।’’ ਮੋਬਾਈਲ ਮਿਲਾਇਆ, ਆਊਟ ਆਫ ਰੇਂਜ, ਵਾਰ ਵਾਰ ਸੁਣਾਈ ਦੇ ਰਿਹਾ ਸੀ। ‘ਕਿਧਰ ਗਿਆ ਯਾਰ ਅੱਜ? ਚੱਲੋ ਭਾਬੀ ਤੋਂ ਪੁੱਛਦੇ ਹਾਂ।’ ਉਸ ਦੀ ਪਤਨੀ ਦਾ ਜਵਾਬ ਸੀ, “ਭਰਾ ਜੀ ਪਤਾ ਨਹੀਂ ਜਦੋਂ ਦੇ ਚੋਣਾਂ ਦੇ ਨਤੀਜੇ ਆਏ ਨੇ ਹਊ-ਬੜੱਕੇ ਲਈ ਜਾਂਦੇ ਸੀ। ਉੱਠਦਿਆਂ ਹੀ ਮੋਬਾਈਲ ਨੂੰ ਵਖ਼ਤ ਪਾ ਦਿੱਤਾ, ਚਾਹ ਨ੍ਹੀ ਪੀਤੀ, ਰੋਟੀ ਨ੍ਹੀ ਖਾਧੀ, ਉੱਚੀ ਉੱਚੀ ਬੋਲਦੇ ਘਰੋਂ ਬਾਹਰ ਚਲੇ ਗਏ।”
“ਥੋਨੂੰ ਦੱਸਿਆ ਨ੍ਹੀ ਕੁਝ ਕਿ ਕਿੱਥੇ ਜਾ ਰਿਹਾ ਹਾਂ? ਜਾਂ ਥੋਨੂੰ ਕਿਸੇ ਗੱਲ ਤੋਂ ਅੰਦਾਜ਼ਾ ਲੱਗਿਆ ਹੋਵੇ?”
“ਕੋਈ ਮੰਤਨ ਮੁੰਤਨ ਕਹੀ ਜਾਂਦੇ ਸੀ, ਕਰਨੈ।”
“ਭਾਬੀ ਜੀ ਮੰਤਨ ਨਹੀਂ, ਮੰਥਨ ਆਂਹਦਾ ਹੋਊ।”
“ਹਾਂ ਹਾਂ ਇਹੀ ਕਹਿ ਰਹੇ ਸੀ।”
“ਐਂ ਨ੍ਹੀਂ ਦੱਸਿਆ ਬਈ ਕਿੱਥੇ ਕਰਨੈ।”
“ਤੁਸੀਂ ਸਾਰੇ ਲੇਖਕ ਇਕੋ ਥੈਲੀ ਦੇ ਚੱਟੇ ਬੱਟੇ ਹੋ, ਦੱਸ ਕੇ ਥੋੜ੍ਹਾ ਜਾਨੇ ਓ ਕਿਤੇ? ਇੰਨਾ ਹੀ ਕਹਿੰਦੇ ਓ ਸਾਹਿਤ ਸਭਾ ਦੀ ਅੱਜ ਮੀਟਿੰਗ ਹੈ।”
ਵਿੱਤ ਸਕੱਤਰ ਦੀ ਪਤਨੀ ਨੇ ਥੋੜ੍ਹੀ ਜਿਹੀ ਰਾਜਸੀ ਭਾਸ਼ਾ ਵਿੱਚ ਦੱਸ ਦਿੱਤਾ ਕਿਉਂਕਿ ਉਹ ਆਪ ਵੀ ਰਾਜਨੀਤਕ ਪਾਰਟੀਆਂ ਅਤੇ ਜਥੇਬੰਦੀਆਂ ਨੂੰ ਸੰਨ੍ਹ ਲਾਉਣ ਦੀ ਤਾਕ ’ਚ ਰਹਿੰਦੀ ਸੀ, “ਕਿੱਥੇ ਗਏ ਨੇ, ਇਹ ਤਾਂ ਮੈਨੂੰ ਨਹੀਂ ਦੱਸਿਆ ਪਰ ਦਿਮਾਗ਼ ਉਨ੍ਹਾਂ ਦਾ ਅੱਜ ਹੈਂਗ ਹੋਇਆ ਲੱਗ ਰਿਹਾ ਸੀ। ਕਹਿੰਦੇ ਸੀ ਹੱਥੋਂ ਖ਼ਜ਼ਾਨਾ ਖੁੱਸਣ ਵਾਲੈ। ਅੱਗੇ ਰਾਜਨੀਤਕ ਪਾਰਟੀਆਂ ਦੇ ਕੇਕਾਂ ’ਚੋਂ ਬੁਰਕੀ ਮਿਲ ਜਾਂਦੀ ਸੀ ਪਰ ਹੁਣ ਤਾਂ ਕੇਕ ਹੀ ਨਹੀਂ ਪੱਕਣੇ, ਬੁਰਕੀਆਂ ਕਿੱਥੋਂ ਮਿਲਣਗੀਆਂ? ਇਸੇ ਲਈ ਸਾਰੇ ਅਹੁਦੇਦਾਰਾਂ ਨੇ ਇਕੱਠੇ ਬੈਠ ਕੇ ਮਹਿਲ ਨੂੰ ਡਿੱਗਣੋਂ ਬਚਾਉਣ ਲਈ ਮੰਥਨ ਕਰਨਾ ਹੈ। ਨਾਲੇ ਕਹਿੰਦੇ ਸੀ ਦਿਨੇ ਤਾਂ ਮੰਥਨ ਦਾ ਸੁਆਦ ਈ ਨਹੀਂ ਆਉਣਾ… ਸ਼ਾਮ ਢਲੇ ਈ… ਕੋਈ ਨਤੀਜਾ ਨਿਕਲੂ।”
ਬਾਕੀ ਅਹੁਦੇਦਾਰਾਂ ਦੇ ਪਰਿਵਾਰਾਂ ਤੋਂ ਵੀ ਦਿਲ-ਤੋੜੂ ਕਨਸੋਆਂ ਮਿਲੀਆਂ।
ਡਾ. ਮੰਗੂ ਰਾਮ ਦਾ ਅੱਜ ਮਰੀਜ਼ਾਂ ਨੂੰ ਵੇਖਣ ’ਚ ਵੀ ਮਨ ਨਹੀਂ ਸੀ ਲੱਗ ਰਿਹਾ ਕਿਉਂਕਿ ਸਵੇਰ ਤੋਂ ਜਿੰਨੀਆਂ ਮਾਈਆਂ ਦਵਾਈ ਲੈਣ ਆਈਆਂ ਜੋ ਪਹਿਲਾਂ ਆਪਦਾ ਢਿੱਡ ਹਲਕਾ ਕਰਨ ਲਈ ਡਾ. ਸਾਹਿਬ ਨਾਲ ਬੈਠ ਕੇ ਨੂੰਹ-ਚੁਗਲੀਆਂ, ਗੁਆਂਢਣ ਚੁਗਲੀਆਂ, ਪਿੰਡ ’ਚ ਵਾਪਰੀਆਂ ਘਟਨਾਵਾਂ, ਇੱਥੋਂ ਤੱਕ ਕਿ ਆਪਣੇ ਘਰ ਦੇ ਖੱਲਾਂ-ਖੂੰਜਿਆਂ ’ਚ ਛੁਪੇ ਕਿੱਸੇ ਵੀ ਕਿਸੇ ਨਾ ਕਿਸੇ ਰੂਪ ’ਚ ਸੁਣਾ ਜਾਂਦੀਆਂ ਸਨ ਅੱਜ ਹਰ ਇਕ ਆਉਂਦਿਆਂ ਹੀ ਡਾਕਟਰ ਨੂੰ ਹੁਕਮ ਸੁਣਾ ਦਿੰਦੀ, “ਵੇ ਭਾਈ ਡਾਕਟਰਾ, ਜਲਦੀ ਦਵਾਈ ਦੇਦੇ, ਅੱਜ ਮੈਂ ਤਾਂ ਸੰਬੂਰੇ ਦੀ ਮਾਂ ਨਾਲ ਮੀਟਿੰਗ ਕਰਨੀ ਐ। ਉਹ ਤਾਂ ਵਿਚਾਰੀ ਆਪ ਪ੍ਰੇਸ਼ਾਨ ਹੋਈ ਬੈਠੀ ਐ, ਕਹਿੰਦੀ ਐ ਜਦੋਂ ਦੇ ਸਰਦਾਰ ਜੀ ਚੋਣਾਂ ’ਚੋਂ ਜੱਗੋਂ ਤੇਰਵੀਂ ਹਾਰ ਦਾ ਟੋਕਰਾ ਚੱਕ ਲਿਆਏ ਨੇ, ਮੰਥਨ ਕਰਨ ਦੀ ਰਟ ਲਾਈ ਬੈਠੇ ਨੇ। ਆਜੋ ਭੈਣੋਂ ਆਪਾਂ ਵੀ ਨੂੰਹਾਂ ਨੂੰ ਕਾਬੂ ’ਚ ਰੱਖਣ ਲਈ ਪਹਿਲਾਂ ਈ ਮੰਥਨ ਕਰ ਲਈਏ। ਇਸੇ ਲਈ ਅੱਜ ਸਾਡੇ ਕੋਲ ਹੈ ਨਹੀਂ ਸਮਾਂ।”
‘ਖਾਣੇ ਦੇ ਆਸਾਰ ਤਾਂ ਕੱਕੋ ਪਹਿਲਾਂ ਹੀ ਡਿਮ ਕਰ ਗਈ ਸੀ, ਕਿਉਂ ਨਾ ਘਰ ਦਾ ਕੋਈ ਕੰਮ ਨਬਿੇੜ ਲਈਏ, ਚਾਰ ਕਿੱਲੇ ਕਣਕ ਰੰਗ ਵਟਾਈ ਖੜ੍ਹੀ ਐ, ਪਹਿਲਾਂ ਈ ਪ੍ਰਵਾਸੀ ਲੇਬਰ ਨਾਲ ਗੱਲ ਕਰ ਲਈਏ’ ਤੇ ਜਿਉਂ ਹੀ ਡਾ. ਮੰਗੂ ਰਾਮ ਉਨ੍ਹਾਂ ਦੇ ਰੈਣ-ਬਸੇਰਿਆਂ ਕੋਲ ਪਹੁੰਚਿਆ ਉੱਥੇ ਉੱਲੂ ਹੀ ਬੋਲ ਰਹੇ ਸਨ। ਸ਼ੁਕਰ ਸੀ ਇਕ ਮਾਤਾ ਮੰਜੇ ’ਤੇ ਬੈਠੀ ਮਿਲ ਗਈ, “ਭਾਈ ਕਿੱਥੇ ਗਏ ਨੇ ਸਾਰੇ?”
“ਡਾਕਟਰ ਭਈਆ, ਵੋ ਕਹਿਤੇ ਥੇ ਕੋਈ ਮੰਥਨ ਕਰਨਾ ਹੈ ਨੈਹਰ ਕਿਨਾਰੇ ਚਲਤੇ ਹੈਂ।”
“ਉਹ ਕਿਸ ਲੀਏ ਮਾਤਾ?”
“ਕਹਿਤੇ ਥੇ ਅਬ ਤੋ ਬੜੇ ਬੜੇ ਲੀਡਰ ਨੇਤਾ ਭੀ ਕਰ ਰਹੇਂ ਹੈਂ, ਆਪਾਂ ਵੀ ਕਰ ਲੇਤੇ ਹੈਂ, ਅਗਰ ਹਾੜੀ ਕਾਟਨੇ ਲਗ ਗਏ ਤੋ ਮੌਕਾ ਨਹੀ ਮਿਲੇਗਾ।”
“ਪਰ ਮਾਈ ਬੜੇ ਬੜੇ ਨੇਤਾ ਤੋ ਮੰਥਨ ਇਸ ਲੀਏ ਕਰਤੇ ਹੈਂ ਕਿ ਵੋ ਚੋਣ-ਅਖਾੜੇ ’ਚ ਢਹਿ ਗਏ ਨੇ ਔਰ ਉਨਕਾ ਬੁਰਾ ਹਾਲ ਹੋ ਗਿਆ ਹੈ।”
“ਭਈਆ ਹਮਾਰਾ ਭੀ ਤੋ ਬੁਰਾ ਹਾਲ ਹੋ ਜਾਤਾ ਹੈ, ਜਬ ਲੋਗ ਕਾਮ ਕਰਵਾ ਲੇਤੇ ਹੈਂ, ਪੈਸੇ ਦੇਤੇ ਨਹੀਂ, ਭੌਂਕਤੇ ਰਹਿਤੇ ਹੈਂ ਉਨ ਕੇ ਮਗਰ।”
ਇੱਥੇ ਵੀ ਮਿਹਨਤ ਪੱਲੇ ਨਾ ਪਈ ਤਾਂ ਭਰੇ ਜਿਹੇ ਮਨ ਨਾਲ ਸੋਚਿਆ, ‘ਚੱਲੋ ਬੇਟੇ ਦਾ ਸਕੂਲੋਂ ਨੰਬਰ ਕਾਰਡ ਈ ਲੈ ਆਈਏ।’ ਉੱਥੇ ਪਹੁੰਚਦਿਆਂ ਹੀ ਪ੍ਰਿੰਸੀਪਲ ਜੀ ਬੜੀ ਗਰਮਜੋਸ਼ੀ ਨਾਲ ਮਿਲੇ, “ਬਈ ਬਹੁਤ ਲੰਬੀ ਉੁਮਰ ਹੈ ਡਾਕਟਰ ਸਾਹਿਬ ਤੁਹਾਡੀ, ਥੋਨੂੰ ਹੀ ਯਾਦ ਕਰੀ ਜਾਂਦੇ ਸੀ। ਅੱਜ ਸਾਡੇ ਬਹੁਤੇ ਅਧਿਆਪਕਾਂ ਦਾ ਸਿਰ ਉਤਾਂਹ ਈ ਨਹੀਂ ਚੁੱਕਿਆ ਜਾਂਦਾ, ਲੱਗਦੈ ਵੱਡੇ ਵੱਡੇ ਮੂੰਹ ਪਰਨੇ ਡਿੱਗੇ ਲੀਡਰਾਂ ਦਾ ਅਸਰ ਕਬੂਲੀ ਬੈਠੇ ਨੇ। ਦਰਦ ਵੀ ਇੰਨਾ ਹੋ ਰਿਹੈ ਕਿ ਲੱਗਦੇ ਰਾਜਨੀਤਕ ਦਲਾਂ ਵਾਂਗ ਸਿਰ ਹੀ ਫਟ ਜਾਊ। ਦਿਓ ਕੋਈ ਗੋਲੀਆਂ ਗਾਲੀਆਂ…।”
“ਜਨਾਬ ਗੋਲੀਆਂ ਤਾਂ ਮੈਂ ਦੇ ਦੇਊਂ, ਪਰ ਗਾਲੀਆਂ… ਉਹ ਵੀ ਦੇਸ਼ ਦੇ ਉਸਰੱਈਆਂ ਨੂੰ… ਨਾ ਜੀ ਨਾ…।”
“ਡਾਕਟਰ ਸਾਹਿਬ ਹਾਸੇ ਦੀ ਗੱਲ ਨ੍ਹੀਂ, ਅਸਲ ਵਿੱਚ ਜਦੋਂ ਦਾ ਕਰੋਨੇ ਦੀ ਮਿਹਰਬਾਨੀ ਕਰਕੇ ਘਰੇ ਰਹਿਣਾ ਪਿਐ, ਘਰ ਨਾਲ ਕੁਝ ਜ਼ਿਆਦਾ ਹੀ ਮੋਹ-ਮੁਹੱਬਤ ਹੋ ਗਈ ਤੇ ਹੁਣ ਇੱਥੇ ਸਕੂਲੇ ਸਮੇਂ ਸਿਰ ਆਉਣ ਦੀ ਮਜਬੂਰੀ ਅਤੇ ਕੰਮ ਕਰਨ ਦਾ ਬੋਝ… ਇਸ ਲਈ ਦਿਮਾਗ਼ ਨਾਲ ਕੁਝ ਤਾਲਮੇਲ ਨਹੀਂ ਬੈਠ ਰਿਹਾ। ਵੈਸੇ ਅੱਜ ਅਸੀਂ ਬਣਾਇਐ ਪ੍ਰੋਗਰਾਮ ਮੰਥਨ ਕਰਨ ਦਾ। ਬੱਸ ਚਾਹ ਪਕੌੜੇ ਮੰਗਵਾਏ ਨੇ, ਆ ਈ ਰਹੇ ਨੇ ਫਿਰ ਬਹਿਨੇ ਆ ਮੰਥਨ ਕਰਨ…।”
“ਤੇ ਤੁਸੀਂ ਬੱਚਿਆਂ ਨੂੰ ਸੱਦ ਲਉ ਸਕੂਲੇ, ਤੁਹਾਡਾ ਜੀਅ ਵੀ ਲੱਗ ਜੂ ਉਨ੍ਹਾਂ ਨਾਲ। ਹੁਣ ਤਾਂ ਸਰਕਾਰ ਨੇ ਬੰਦਸ਼ਾਂ ਵੀ ਹਟਾ ਦਿੱਤੀਆਂ ਨੇ।”
“ਉਹੀ ਤਾਂ ਤੜਕੇ ਦੇ ਕਰੀ ਜਾਨੈ ਆਂ, ਕਿਸੇ ਨੂੰ ਫੋਨ, ਕਿਸੇ ਨੂੰ ਮੈਸੇਜ, ਕਿਸੇ ਦੇ ਘਰੇ ਪੀਅਨ ਭੇਜਿਆ ਪਰ ਹਰ ਇਕ ਬੱਚੇ ਦਾ ਇਕੋ ਈ ਉਤਰ, ‘ਮੈਂ ਨਹੀਂ ਆਉਂਦਾ ਸਕੂਲੇ ਅੱਜ, ਮੰਥਨ ’ਤੇ ਜਾ ਰਿਹਾਂ’।”
ਸੰਪਰਕ: 94177-53892