ਕਰਨ ਭੀਖੀ
ਭੀਖੀ, 26 ਅਪਰੈਲ
ਸਥਾਨਕ ਅਨਾਜ ਮੰਡੀ ਵਿੱਚ ਕੰਮ ਕਰਦੇ ਨੌਜਵਾਨ ਮਜ਼ਦੂਰ ਦਾ ਬੀਤੀ ਰਾਤ ਕਤਲ ਹੋ ਗਿਆ ਸੀ। ਪ੍ਰਾਪਤ ਜਾਣਕਾਰੀ ਮੁਤਾਬਕ ਵਿੱਕੀ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਸਮਾਓਂ ਦਾ ਬੀਤੀ ਰਾਤ ਤੇਜ਼ ਹਥਿਆਰਾਂ ਨਾਲ ਭੀਖੀ ਦੀ ਅਨਾਜ ਮੰਡੀ ਵਿੱਚ ਅਣਪਛਾਤੇ ਲੋਕਾਂ ਨੇ ਕਤਲ ਕਰ ਦਿੱਤਾ ਸੀ। ਜ਼ਿਕਰਯੋਗ ਹੈ ਕਿ ਮ੍ਰਿਤਕ ਆਪਣੇ ਪਰਿਵਾਰ ਦੀ ਰੋਜ਼ੀ-ਰੋਟੀ ਦਾ ਇਕੱਲਾ ਸਹਾਰਾ ਸੀ। ਉਸ ਦੇ ਪਿਤਾ ਦਾ ਦੇਹਾਂਤ ਹੋ ਚੁੱਕਾ ਹੈ, ਵੱਡਾ ਭਰਾ ਮਾਨਸਿਕ ਤੌਰ ’ਤੇ ਬਿਮਾਰ ਤੇ ਮਾਤਾ ਬਜ਼ੁਰਗ ਹੈ।
ਇਸ ਘਟਨਾ ਦੇ ਰੋਸ ਵਜੋਂ ਮਜ਼ਦੂਰ-ਕਿਸਾਨ ਜਥੇਬੰਦੀਆਂ ਵੱਲੋਂ ਬੁਢਲਾਡਾ ਕੈਂਚੀਆਂ ਜਾਮ ਕਰ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਤੋਂ ਬਾਅਦ ਵਿੱਚ ਥਾਣੇ ਦਾ ਘਿਰਾਓ ਕੀਤਾ ਗਿਆ। ਇਸ ਸਮੇਂ ਬੋਲਦਿਆਂ ਮਜ਼ਦੂਰ ਮੁਕਤੀ ਮੋਰਚਾ ਆਗੂ ਭਗਵੰਤ ਸਿੰਘ ਸਮਾਓਂ ਨੇ ਕਿਹਾ ਕਿ ਇਹ ਗੁੰਡਾਗਰਦੀ ਦਾ ਨੰਗਾ ਨਾਚ ਕਰਨ ਵਾਲੇ ਗੁੰਡਿਆਂ ਵੱਲੋਂ ਪਹਿਲਾਂ ਵੀ ਭੀਖੀ ਸ਼ਹਿਰ ਅਤੇ ਸਮਾਓਂ ਪਿੰਡ ਅੰਦਰ ਵੀ ਗੁੰਡਾਗਰਦੀ ਕੀਤੀ ਗਈ ਸੀ। ਉਸ ਸਮੇਂ ਭੀਖੀ ਪੁਲੀਸ ਨੇ ਜੇ ਇਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਹੁੰਦੀ ਤਾਂ ਇਸ ਨੌਜਵਾਨ ਦੀ ਜਾਨ ਬਚ ਸਕਦੀ ਸੀ। ਕਿਸਾਨ ਆਗੂ ਭੋਲਾ ਸਿੰਘ ਸਮਾਓਂ ਨੇ ਕਿਹਾ ਕਿ ਇਲਾਕੇ ਅੰਦਰ ਵਧ ਰਹੀ ਗੁੰਡਾਗਰਦੀ ਨੂੰ ਪੁਲੀਸ ਪ੍ਰਸਾਸ਼ਨ ਤੁਰੰਤ ਨੱਥ ਪਾਵੇ। ਉਨ੍ਹਾਂ ਕਿਹਾ ਕਿ ਜੇ ਅਜਿਹਾ ਨਹੀਂ ਕੀਤਾ ਜਾਂਦਾ ਤੇ ਪੁਲੀਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਨਾ ਭੇਜਿਆ ਤਾਂ ਪ੍ਰਸਾਸ਼ਨ ਖ਼ਿਲਾਫ਼ ਸੰਘਰਸ਼ ਵਿੱਢਿਆ ਜਾਵੇਗਾ। ਇਸ ਮਾਮਲੇ ਬਾਰੇ ਡੀਐੱਸਪੀ ਗੁਰਮੀਤ ਸਿੰਘ ਬਰਾੜ ਤੇ ਡੀਐੱਸਪੀ ਤਰਸੇਮ ਮਸੀਹ ਨੇ ਧਰਨੇ ਵਿੱਚ ਬੈਠੇ ਲੋਕਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਮੁਲਜ਼ਮਾਂ ਖ਼ਿਲਾਫ਼ ਐਸਸੀ ਐਸਟੀ ਐਕਟ ਤਹਿਤ ਐਫਆਈਆਰ ਦਰਜ ਕਰ ਗਈ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਜਲਦ ਤੋਂ ਜਲਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।