ਰਾਜਨ ਮਾਨ
ਰਮਦਾਸ, 6 ਫਰਵਰੀ
ਵਿਧਾਨ ਸਭਾ ਹਲਕਾ ਰਾਜਾਸਾਂਸੀ ਵਿੱਚ ‘ਝਾੜੂ’ ਰਵਾਇਤੀ ਪਾਰਟੀਆਂ ਕਾਂਗਰਸ ਤੇ ਅਕਾਲੀ ਦਲ ਦਾ ਗਣਿਤ ਵਿਗਾੜਦਾ ਨਜ਼ਰ ਆ ਰਿਹਾ ਹੈ ਅਤੇ ਝਾੜੂ ਨੇ ਹਲਕੇ ਅੰਦਰ ‘ਪੰਜੇ’ ਤੇ ‘ਤੱਕੜੀ’ ਨੂੰ ਫਿਕਰਾਂ ਵਿੱਚ ਪਾ ਦਿੱਤਾ ਹੈ। ਇਸ ਵਿਧਾਨ ਸਭਾ ਹਲਕੇ ਤੇ ਕਾਂਗਰਸ ਪਾਰਟੀ ਦਾ ਜ਼ਿਆਦਾ ਕਬਜ਼ਾ ਰਿਹਾ ਹੈ, ਜਿੱਥੇ 1977 ਤੋਂ ਲੈ ਕੇ ਹੁਣ ਤੱਕ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੇ 5 ਵਾਰ ਜਿੱਤ ਪ੍ਰਾਪਤ ਕੀਤੀ ਜਦਕਿ ਅਕਾਲੀ ਦਲ 3 ਵਾਰ ਤੇ ਇੱਕ ਵਾਰ ਸੀਪੀਐੱਮ ਦਾ ਉਮੀਦਵਾਰ ਕਾਬਜ਼ ਰਿਹਾ ਹੈ। ਇਸ ਹਲਕੇ ਤੋਂ ਐਤਕੀਂ ਕਾਂਗਰਸ ਨੇ ਸੁਖਬਿੰਦਰ ਸਿੰਘ ਸਰਕਾਰੀਆ ਨੂੰ ਮੈਦਾਨ ਵਿੱਚ ਉਤਾਰਿਆ ਹੈ ਜਦਕਿ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਵੱਲੋਂ ਵੀਰ ਸਿੰਘ ਲੋਪੋਕੇ ਅਤੇ ਆਮ ਆਦਮੀ ਪਾਰਟੀ ਵੱਲੋਂ ਬਲਦੇਵ ਸਿੰਘ ਮਿਆਦੀਆਂ ਮੈਦਾਨ ਵਿੱਚ ਹਨ। ਸਰਕਾਰੀਆ ਪਾਰਟੀ ਵੱਲੋਂ ਹਲਕੇ ਤੋਂ ਪੰਜਵੀਂ ਵਾਰ ਚੋਣ ਲੜ ਰਹੇ ਹਨ। ਉਹ ਦੋ ਵਾਰ ਅਕਾਲੀ ਦਲ ਦੇ ਉਮੀਦਵਾਰ ਵੀਰ ਸਿੰਘ ਤੋਂ 1997 ਤੇ 2002 ਵਿੱਚ ਹਾਰੇ ਸਨ ਅਤੇ ਹੁਣ ਲਗਾਤਾਰ 2007 ਤੋਂ ਜਿੱਤਦੇ ਆ ਰਹੇ ਹਨ। ਕਾਂਗਰਸ ਵੱਲੋਂ ਆਪਣੀ ਪੱਕੀ ਸਮਝੀ ਜਾਣ ਵਾਲੀ ਸੀਟ ’ਤੇ ਇਸ ਵਾਰ ਆਮ ਆਦਮੀ ਪਾਰਟੀ ਦੇ ਝਾੜੂ ਨੇ ਦੂਸਰੀਆਂ ਰਵਾਇਤੀ ਸਿਆਸੀਆਂ ਪਾਰਟੀਆਂ ’ਚ ਬੇਚੈਨੀ ਪੈਦਾ ਕਰ ਰੱਖੀ ਹੈ। ‘ਆਪ’ ਵੱਲ ਲੋਕਾਂ ਦੇ ਵੱਧ ਰਹੇ ਰੁਝਾਨ ਨੇ ਇਨ੍ਹਾਂ ਪਾਰਟੀਆਂ ਦੇ ਉਮੀਦਵਾਰਾਂ ਦੀ ਨੀਂਦ ਉਡਾਈ ਹੋਈ ਹੈ। ਪਿੰਡਾਂ ਦੀਆਂ ਸੱਥਾਂ ਵਿੱਚ ‘ਆਪ’ ਦੀ ਚਰਚਾ ਹੁੰਦੀ ਆਮ ਦੇਖ ਜਾ ਰਹੀ ਹੈ ਤੇ ਲੋਕ ਅੰਦਰਖਾਤੇ ਰਵਾਇਤੀ ਪਾਰਟੀਆਂ ਨੂੰ ਕੋਸ ਰਹੇ ਹਨ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸੀ ਉਮੀਦਵਾਰ ਸੁੱਖ ਸਰਕਾਰੀਆ ਨੂੰ 59,628 ਵੋਟਾਂ ਮਿਲੀਆਂ ਸਨ ਜਦਕਿ ਅਕਾਲੀ ਦਲ ਦੇ ਉਮੀਦਵਾਰ ਵੀਰ ਸਿੰਘ ਲੋਪੋਕੇ ਨੂੰ 53,901 ਤੇ ‘ਆਪ’ ਦੇ ਉਮੀਦਵਾਰ ਜਗਜੋਤ ਸਿੰਘ ਨੂੰ 13,213 ਵੋਟਾਂ ਮਿਲੀਆਂ ਸਨ। ਕਾਂਗਰਸ ਨੇ 45,49 ਫ਼ੀਸਦ, ਅਕਾਲੀ ਦਲ ਨੂੰ 41,12 ਫ਼ੀਸਦ ਅਤੇ ‘ਆਪ’ ਨੂੰ 10,08 ਫ਼ੀਸਦ ਵੋਟਾਂ ਮਿਲੀਆਂ ਸਨ। ਇਸ ਹਲਕੇ ਤੋਂ ਇਸ ਵਾਰ 1,77,713 ਵੋਟਰ ਆਪਣੇ ਹੱਕ ਦਾ ਇਸਤੇਮਾਲ ਕਰਨਗੇ।
ਇਸ ਹਲਕੇ ਤੋਂ ਪਹਿਲਾਂ ਹਮੇਸ਼ਾ ਹੀ ਕਾਂਗਰਸ ਤੇ ਅਕਾਲੀ ਦਲ ਵਿਚਕਾਰ ਹੀ ਮੁਕਾਬਲਾ ਹੁੰਦਾ ਆਇਆ ਹੈ, ਪਰ ਇਸ ਵਾਰ ਹਾਲਾਤ ਕੁਝ ਬਦਲਦੇ ਨਜ਼ਰ ਆ ਰਹੇ ਹਨ ਅਤੇ ‘ਆਪ’ ਹਲਕੇ ਵਿੱਚ ਤੀਜੀ ਧਿਰ ਬਣ ਕੇ ਖੜ੍ਹੀ ਹੋ ਗਈ ਹੈ।
ਉਮੀਦਵਾਰ ਵੱਖ-ਵੱਖ ਮੁੱਦਿਆਂ ’ਤੇ ਮੰਗ ਰਹੇ ਨੇ ਵੋਟਾਂ
ਕਾਂਗਰਸੀ ਉਮੀਦਵਾਰ ਹਲਕੇ ਵਿੱਚ ਵਿਕਾਸ ਕੰਮਾਂ ਦੇ ਨਾਮ ’ਤੇ ਵੋਟਾਂ ਮੰਗ ਰਹੇ ਹਨ ਜਦਕਿ ਅਕਾਲੀ ਦਲ ਦੇ ਉਮੀਦਵਾਰ ਵੱਲੋਂ ਕਾਂਗਰਸ ਸਰਕਾਰ ਵੱਲੋਂ ਹਲਕੇ ਅੰਦਰ ਲੋਕਾਂ ਨਾਲ ਕੀਤੀਆਂ ਵਧੀਕੀਆਂ ਬਾਰੇ ਪ੍ਰਚਾਰ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ‘ਆਪ’ ਉਮੀਦਵਾਰ ਵੱਲੋਂ ਇਨ੍ਹਾਂ ਦੋਵਾਂ ਰਵਾਇਤੀ ਪਾਰਟੀਆਂ ਵੱਲੋਂ ਪਿਛਲੇ ਕਈ ਦਹਾਕਿਆਂ ਤੋਂ ਲੋਕਾਂ ਨੂੰ ਕਥਿਤ ਲੁੱਟਣ ਤੇ ਕੁੱਟਣ ਹਵਾਲਾ ਦੇ ਕੇ ਸਹਿਯੋਗ ਦੀ ਮੰਗ ਕੀਤੀ ਜਾ ਰਹੀ ਹੈ।