ਸਿਓਲ, 25 ਸਤੰਬਰ
ਉੱਤਰੀ ਕੋਰੀਆ ਨੇ ਅੱਜ ਆਪਣੇ ਪੂਰਬੀ ਸਮੁੰਦਰੀ ਖੇਤਰ ਵੱਲੋਂ ਛੋਟੀ ਦੂਰੀ ਦੀ ਬੈਲਿਸਟਿਕ ਮਿਜ਼ਾਈਲ ਦਾ ਪਰੀਖਣ ਕੀਤਾ। ਦੱਖਣੀ ਕੋਰੀਆ ਨਾਲ ਸਾਂਝੇ ਫ਼ੌਜੀ ਅਭਿਆਸ ਲਈ ਜਹਾਜ਼ ਢੋਣ ਵਾਲੇ ਇਕ ਅਮਰੀਕੀ ਸਮੁੰਦਰੀ ਜਹਾਜ਼ (ਅਮਰੀਕੀ ਜਹਾਜ਼ ਕੈਰੀਅਰ) ਦੇ ਸਿਓਲ ਪਹੁੰਚਣ ਮੌਕੇ ਉੱਤਰੀ ਕੋਰੀਆ ਨੇ ਇਹ ਕਦਮ ਉਠਾਇਆ। ਅਮਰੀਕਾ ਅਤੇ ਦੱਖਣੀ ਕੋਰੀਆ, ਉੱਤਰੀ ਕੋਰੀਆ ਦੇ ਪਰਮਾਣੂ ਪ੍ਰੋਗਰਾਮ ਕਾਰਨ ਵਧਦੇ ਖਤਰੇ ਦੇ ਮੱਦੇਨਜ਼ਰ ਸਾਂਝਾ ਫ਼ੌਜੀ ਅਭਿਆਸ ਕਰ ਰਹੇ ਹਨ। ਦੱਖਣੀ ਕੋਰੀਆ ਦੇ ਜੁਆਇੰਟ ਚੀਫ਼ ਆਫ਼ ਸਟਾਫ਼ ਨੇ ਦੱਸਿਆ ਕਿ ਉੱਤਰੀ ਕੋਰੀਆ ਵੱਲੋਂ ਪੱਛਮੀ ਸ਼ਹਿਰ ਤਾਈਕੋਨ ਤੋਂ ਦਾਗੀ ਗਈ ਮਿਜ਼ਾਈਲ ਨੇ ਖੁੱਲ੍ਹੇ ਆਸਮਾਨ ਵਿੱਚ 60 ਕਿਲੋਮੀਟਰ ਦੀ ਵੱਧ ਤੋਂ ਵੱਧ ਉਚਾਈ ’ਤੇ 600 ਕਿਲੋਮੀਟਰ ਦੀ ਦੂਰੀ ਤੱਕ ਉਡਾਣ ਭਰੀ। ਦੱਖਣੀ ਕੋਰਿਆਈ ਫ਼ੌਜ ਨੇ ਉੱਤਰੀ ਕੋਰੀਆ ਦੇ ਮਿਜ਼ਾਈਲ ਪਰੀਖਣ ਦੀ ਸਖ਼ਤ ਨਿਖੇਧੀ ਕਰਦੇ ਹੋਏ ਇਸ ਨੂੰ ‘ਗੰਭੀਰ ਭੜਕਾਹਟ ਵਾਲਾ ਕਦਮ’ ਕਰਾਰ ਦਿੱਤਾ ਅਤੇ ਕਿਹਾ ਕਿ ਇਹ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ (ਯੂਐੱਨਐੱਸਸੀ) ਦੇ ਪ੍ਰਸਤਾਵਾਂ ਦਾ ਉਲੰਘਣ ਕਰਦਾ ਹੈ ਅਤੇ ਖੇਤਰ ਤੇ ਵਿਆਪਕ ਕੌਮਾਂਤਰੀ ਭਾਈਚਾਰੇ ਦੀ ‘‘ਸ਼ਾਂਤੀ ਤੇ ਸੁਰੱਖਿਆ ਨੂੰ ਨੁਕਸਾਨ ਪਹੁੰਚਾਉਂਦਾ ਹੈ।’’
ਉਧਰ, ਅਮਰੀਕੀ ਹਿੰਦ-ਪ੍ਰਸ਼ਾਂਤ ਕਮਾਂਡ ਨੇ ਕਿਹਾ ਕਿ ਮਿਜ਼ਾਈਲ ਪਰੀਖਣ ਨੇ ‘‘ਅਮਰੀਕੀ ਅਮਲੇ ਜਾਂ ਖੇਤਰ ਜਾਂ ਸਾਡੇ ਸਹਿਯੋਗੀਆਂ ਲਈ ਤੁਰੰਤ ਖ਼ਤਰਾ’ ਪੈਦਾ ਨਹੀਂ ਕੀਤਾ ਹੈ ਪਰ ਇਸ ਨੇ ਉੱਤਰੀ ਕੋਰੀਆ ਦੇ ਨਾਜਾਇਜ਼ ਪਰਮਾਣੂ ਹਥਿਆਰਾਂ ਅਤੇ ਮਿਜ਼ਾਈਲ ਪ੍ਰੋਗਰਾਮ ਦੇ ਮਾੜੇ ਪ੍ਰਭਾਵ ਨੂੰ ਉਜਾਗਰ ਕੀਤਾ ਹੈ। -ਏਪੀ
‘ਹਵਾਈ ਜਹਾਜ਼ਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਿਹੈ ਜਾਪਾਨ’
ਜਾਪਾਨ ਦੇ ਪ੍ਰਧਾਨ ਮੰਤਰੀ ਫੁਮਿਓ ਕਿਸ਼ਿਦਾ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਭਾਵੇਂ ਪਰੀਖਣ ਨਾਲ ਤਤਕਾਲ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ ਪਰ ਟੋਕੀਓ, ਉੱਤਰੀ ਕੋਰੀਆ ਦੇ ਮਿਜ਼ਾਈਲ ਪਰੀਖਣ ਬਾਰੇ ਜਾਣਕਾਰੀ ਇਕੱਤਰ ਕਰਨ ਅਤੇ ਸਮੁੰਦਰੀ ਜਹਾਜ਼ਾਂ ਤੇ ਹਵਾਈ ਜਹਾਜ਼ਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ‘ਪੂਰੀ ਕੋਸ਼ਿਸ਼’ ਕਰ ਰਿਹਾ ਹੈ। ਉੱਤਰੀ ਕੋਰੀਆ ਦੇ ਪਰਮਾਣੂ ਪ੍ਰੋਗਰਾਮ ਕਾਰਨ ਵਧਦੇ ਖ਼ਤਰੇ ਦਾ ਮੁੱਦਾ ਅਗਲੇ ਹਫਤੇ ਦੱਖਣੀ ਕੋਰੀਆ ਦੇ ਦੌਰੇ ’ਤੇ ਜਾ ਰਹੀ ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀਆਂ ਦੋ ਧਿਰੀ ਮੁਲਾਕਾਤਾਂ ਦਾ ਮੁੱਖ ਏਜੰਡਾ ਵੀ ਹੋ ਸਕਦਾ ਹੈ।