ਪੱਤਰ ਪ੍ਰੇਰਕ
ਐੱਸ.ਏ.ਐੱਸ. ਨਗਰ (ਮੁਹਾਲੀ), 22 ਫਰਵਰੀ
ਆਮ ਆਦਮੀ ਪਾਰਟੀ (ਆਪ) ਦੇ ਵਾਲੰਟੀਅਰਾਂ ਨੇ ਪੈਟਰੋਲ, ਡੀਜ਼ਲ ਅਤੇ ਘਰੇਲੂ ਗੈਸ ਦੀਆਂ ਕੀਮਤਾਂ ਵਿੱਚ ਭਾਰੀ ਵਾਧੇ ਖ਼ਿਲਾਫ਼ ਅੱਜ ਇੱਥੇ ਡੀਸੀ ਦਫ਼ਤਰ ਦੇ ਬਾਹਰ ਕੇਂਦਰ ਸਰਕਾਰ ਵਿਰੁੱਧ ਰੋਸ ਮੁਜ਼ਾਹਰਾ ਕੀਤਾ ਅਤੇ ਹੁਕਮਰਾਨਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਧਰਨੇ ਦੀ ਅਗਵਾਈ ‘ਆਪ’ ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਗੋਲਡੀ ਤੇ ਜਨਰਲ ਸਕੱਤਰ ਪ੍ਰਭਜੋਤ ਕੌਰ ਨੇ ਕੀਤੀ। ਉਨ੍ਹਾਂ ਨੇ ਐੱਸਡੀਐੱਮ ਜਗਦੀਪ ਸਹਿਗਲ ਨੂੰ ਮੰਗ ਪੱਤਰ ਵੀ ਦਿੱਤਾ ਜਿਸ ਵਿੱਚ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਦੀ ਅਪੀਲ ਕੀਤੀ ਗਈ।
ਪਰਮਿੰਦਰ ਸਿੰਘ ਗੋਲਡੀ ਨੇ ਕਿਹਾ ਕਿ ਦੇਸ਼ ਵਾਸੀ ਪਹਿਲਾਂ ਹੀ ਕਰੋਨਾ ਮਹਾਮਾਰੀ ਦੀ ਮਾਰ ਝੱਲ ਰਹੇ ਹਨ ਅਤੇ ਸਾਲ ਭਰ ਤੋਂ ਲੋਕਾਂ ਦੇ ਕਾਰੋਬਾਰ ਠੱਪ ਪਏ ਹਨ ਪ੍ਰੰਤੂ ਕੇਂਦਰ ਸਰਕਾਰ ਨੇ ਆਮ ਲੋਕਾਂ ਦੀ ਬਾਂਹ ਫੜਨ ਦੀ ਬਜਾਏ ਉਲਟਾ ਪੈਟਰੋਲ-ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਵਾਧਾ ਕੇ ਲੋਕਾਂ ਦੀਆਂ ਜੇਬਾਂ ’ਤੇ ਡਾਕਾ ਮਾਰਨ ਦਾ ਕੰਮ ਕੀਤਾ ਹੈ।
ਅੱਛੇ ਦਿਨ ਲਿਆਉਣ ਦੇ ਝੂਠੇ ਵਾਅਦੇ ਕਰਕੇ ਸੱਤਾ ਹਥਿਆਉਣ ਵਾਲੀ ਮੋਦੀ ਸਰਕਾਰ ਨੂੰ ਘੇਰਦਿਆਂ ਪ੍ਰਭਜੋਤ ਕੌਰ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਮਹਿੰਗਾਈ ਨੂੰ ਨੱਥ ਨਹੀਂ ਪਾ ਸਕਦੀ ਤਾਂ ਭਾਜਪਾ ਨੂੰ ਸੱਤਾ ਵਿੱਚ ਬਣੇ ਰਹਿਣ ਦਾ ਕੋਈ ਹੱਕ ਨਹੀਂ। ਉਨ੍ਹਾਂ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਜਿਵੇਂ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਵਿੱਚ ਭਾਜਪਾ ਦਾ ਸਫ਼ਾਇਆ ਕੀਤਾ ਹੈ, ਉਵੇਂ ਆਗਾਮੀ ਚੋਣਾਂ ਵਿੱਚ ਭਾਜਪਾ ਲੀਡਰਸ਼ਿਪ ਸੱਤਾ ਤੋਂ ਲਾਂਭੇ ਕੀਤਾ ਜਾਵੇ ਅਤੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਫਤਵਾ ਦਿੱਤਾ ਜਾਵੇ। ਇਸ ਮੌਕੇ ਸੂਬਾ ਆਗੂ ਰਾਜ ਗਿੱਲ, ਗੁਰਿੰਦਰ ਸਿੰਘ ਕੈਰੋਂ, ਬਹਾਦਰ ਸਿੰਘ ਚਾਹਲ, ਗੋਵਿੰਦਰ ਮਿੱਤਲ, ਐਡਵੋਕੇਟ ਅਮਰਦੀਪ ਕੌਰ, ਕੁਲਜੀਤ ਸਿੰਘ ਰੰਧਾਵਾ, ਨਵਜੋਤ ਸੈਣੀ, ਸਵਰਨਜੀਤ ਕੌਰ ਬਲਟਾਣਾ, ਸਵੀਟੀ ਸ਼ਰਮਾ, ਹਰਜੀਤ ਸਿੰਘ ਬੰਟੀ, ਗੁਰਤੇਜ ਸਿੰਘ ਪੰਨੂ, ਕੌਂਸਲਰ ਰਾਮ ਸਰੂਪ ਸ਼ਰਮਾ ਅਤੇ ਅਰੁਨਾ ਸ਼ਰਮਾ, ਵਿਨੀਤ ਵਰਮਾ, ਅਤੁਲ ਸ਼ਰਮਾ ਸਮੇਤ ਹੋਰਨਾਂ ਆਗੂਆਂ ਅਤੇ ਵਾਲੰਟੀਅਰਾਂ ਨੇ ਸ਼ਿਰਕਤ ਕੀਤੀ।
ਰੂਪਨਗਰ (ਬਹਾਦਰਜੀਤ ਸਿੰਘ): ਆਮ ਆਦਮੀ ਪਾਰਟੀ (ਆਪ) ਵਰਕਰਾਂ ਨੇ ਡੀਜ਼ਲ-ਪੈਟਰੋਲ ਦੀਆਂ ਵਧ ਰਹੀਆਂ ਕੀਮਤਾਂ ਅਤੇ ਮਹਿੰਗਾਈ ਨੂੰ ਲੈ ਕੇ ਕੇਂਦਰ ਸਰਕਾਰ ਅਤੇ ਕੈਪਟਨ ਸਰਕਾਰ ਵਿਰੁੱਧ ਘੋੜੇ ਰੇਹੜੇ ’ ਤੇ ਸਵਾਰੀ ਕਰਕੇ ਰੋਸ ਮੁਜ਼ਾਹਰਾ ਕੀਤਾ। ‘ਆਪ’ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਦਿਨੇਸ਼ ਚੱਢਾ ਅਤੇ ਬਾਕੀ ਅਹੁਦੇਦਾਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਤੇਲ ਅਤੇ ਗੈਸ ਦੀਆਂ ਕੀਮਤਾਂ ਵਿੱਚ ਵਾਧੇ ਖ਼ਿਲਾਫ਼ ਮੰਗ ਪੱਤਰ ਦੇਣ ਲਈ ਘੋੜੇ ਰੇਹੜੇ ’ਤੇ ਗਏ। ਰੂਪਨਗਰ ਦੇ ਤਹਿਸੀਲਦਾਰ ਨੇ ਮਿਨੀ ਸਕੱਤਰੇਤ ਦੇ ਮੁੱਖ ਗੇਟ ’ਤੇ ਆ ਕੇ ਰੇਹੜੇ ਦੇ ਉੱਪਰੋਂ ਹੀ ਮੰਗ ਪੱਤਰ ਪ੍ਰਾਪਤ ਕੀਤਾ।
ਜ਼ਿਲ੍ਹਾ ਪ੍ਰਧਾਨ ਵਕੀਲ ਦਿਨੇਸ਼ ਚੱਢਾ, ਸਰਪ੍ਰਸਤ ਭਾਗ ਸਿੰਘ ਮੈਦਾਨ ਅਤੇ ਬਾਬੂ ਚਮਨ ਲਾਲ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਕੈਪਟਨ ਸਰਕਾਰ ਜ਼ਰੂਰੀ ਚੀਜ਼ਾਂ ਦੀਆਂ ਕੀਮਤਾਂ ਵਿੱਚ ਵਾਧਾ ਕਰਕੇ ਲੋਕਾਂ ਦਾ ਗਲਾ ਘੁੱਟ ਰਹੀ ਹੈ। ਇਸ ਮੌਕੇ ਡਾ. ਚਰਨਜੀਤ ਸਿੰਘ, ਸਵਰਨ ਸਿੰਘ ਸਾਂਪਲਾ, ਲੈਕਚਰਾਰ ਸੁਰਜਨ ਸਿੰਘ, ਸ਼ਿਵ ਕੁਮਾਰ ਸੈਣੀ, ਰਾਮ ਕੁਮਾਰ ਮੁਕਾਰੀ, ਮਨਜੀਤ ਸਿੰਘ ਬਰਨਾਲਵੀਂ, ਸੁਦੀਪ ਵਿੱਜ, ਅਮਨਦੀਪ ਸਿੰਘ, ਨਵਪ੍ਰੀਤ ਸ਼ਰਮਾ, ਦਵਿੰਦਰ ਸਿੰਘ ਸ਼ਿੰਦੂ, ਜਰਨੈਲ ਸਿੰਘ ਸਿੰਘ ਦਬੂੜ, ਭਜਨ ਸਿੰਘ ਡੁਮੇਵਾਲ, ਕੁਲਦੀਪ ਸਿੰਘ ਗਿੱਲ, ਮਨਜੀਤ ਸਿੰਘ ਬਹਿਰਾਮਪੁਰ, ਪਰਸ਼ੋਤਮ ਸਿੰਘ ਮਾਹਲਾਂ ਅਤੇ ਪਰਲਾਦ ਸਿੰਘ ਢੰਗਰਾਲੀ ਆਦਿ ਮੌਜੂਦ ਸਨ।
ਡੇਰਾਬੱਸੀ (ਅਤਰ ਸਿੰਘ): ਆਮ ਆਦਮੀ ਪਾਰਟੀ ਦੇ ਆਗੂ ਕੁਲਜੀਤ ਸਿੰਘ ਰੰਧਾਵਾ, ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਗੋਲਡੀ ਅਤੇ ਜਨਰਲ ਸਕੱਤਰ ਪ੍ਰਭਜੋਤ ਕੌਰ ਨੇ ਪੈਟਰੋਲ ਤੇ ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਕੀਤੇ ਜਾ ਰਹੇ ਵਾਧੇ ਨੂੰ ਨਿੰਦਣਯੋਗ ਦੱਸਿਆ ਹੈ। ਉਨ੍ਹਾਂ ਕੇਂਦਰ ਸਰਕਾਰ ਦੇ ਹਰ ਖੇਤਰ ਵਿੱਚ ਫੇਲ੍ਹ ਹੋਣ ਲਈ ਪ੍ਰਧਾਨ ਮੰਤਰੀ ਨੂੰ ਆਪਣੀ ਜ਼ਿੰਮੇਵਾਰੀ ਸਮਝਦਿਆਂ ਅਸਤੀਫਾ ਦੇਣ ਦੀ ਮੰਗ ਕੀਤੀ ਹੈ।
ਮਹਿੰਗਾਈ ਤੋਂ ਤੰਗ ਲੋਕਾਂ ਵੱਲੋਂ ਨਾਅਰੇਬਾਜ਼ੀ
ਮੁੱਲਾਂਪੁਰ ਗਰੀਬਦਾਸ (ਚਰਨਜੀਤ ਚੰਨੀ): ਕੇਂਦਰ ਸਰਕਾਰ ਵੱਲੋਂ ਦਿਨੋਂ-ਦਿਨ ਵਧਾਈ ਜਾ ਰਹੀ ਮਹਿੰਗਾਈ ਖ਼ਿਲਾਫ਼ ਲੋਕਾਂ ਵਿੱਚ ਰੋਸ ਹੈ। ਪਿੰਡ ਸਿੱਸਵਾਂ-ਮਾਜਰਾ ਟੀ ਪੁਆਇੰਟ ਉੱਤੇ ਇਲਾਕੇ ਦੇ ਨੌਜਵਾਨਾਂ, ਦੁਕਾਨਦਾਰਾਂ ਤੇ ਮਜ਼ਦੂਰਾਂ ਨੇ ਕਿਹਾ ਕਿ ਘਰੇਲੂ ਚੀਜ਼ਾਂ ਦੇ ਭਾਅ ਦਿਨੋਂ ਦਿਨ ਅਸਮਾਨੀਂ ਚੜ੍ਹ ਰਹੇ ਹਨ। ਤੇਲ ਕੀਮਤਾਂ ਵਿੱਚ ਬੇਤਹਾਸ਼ਾ ਵਾਧਾ ਹੋ ਰਿਹਾ ਹੈ। ਸੰਜੀਵ ਕੁਮਾਰ, ਮਨਜੀਤ ਸਿੰਘ ਸਮੇਤ ਹੋਰਨਾਂ ਲੋਕਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਕੇਂਦਰ ਵਿੱਚ ਕਾਂਗਰਸ ਸਰਕਾਰ ਸਮੇਂ ਇੰਨੀ ਜ਼ਿਆਦਾ ਮਹਿੰਗਾਈ ਨਹੀਂ ਸੀ,ਜਿੰਨੀ ਅੱਜ ਕੇਂਦਰ ਵਿੱਚ ਭਾਜਪਾ ਸਰਕਾਰ ਸਮੇਂ ਹੈ।