ਨਵੀਂ ਦਿੱਲੀ, 19 ਮਈ
ਸੀਨੀਅਰ ਕਾਂਗਰਸ ਆਗੂ ਨੇ ਅੱਜ ਕਿਹਾ ਕਿ ਧਰੁਵੀਕਰਨ ਦੇ ਟਾਕਰੇ ਅਤੇ ਸੰਵਿਧਾਨ, ਜਮਹੂਰੀਅਤ ਤੇ ਵੱਖ ਵੱਖ ਸੰਸਥਾਵਾਂ ਦੀ ਰਾਖੀ ਲਈ ਹਮਾਇਤ ਜੁਟਾਉਣ ਦੇ ਇਰਾਦੇ ਨਾਲ 2 ਅਕਤੂਬਰ ਨੂੰ ਕੱਢੀ ਜਾਣ ਵਾਲੀ ‘ਭਾਰਤ ਜੋੜੋ’ ਯਾਤਰਾ ਲਈ ਸਿਵਲ ਸੁਸਾਇਟੀ ਦੇ ਮੈਂਬਰਾਂ ਅਤੇ ਹਮਖਿਆਲ ਸਿਆਸੀ ਪਾਰਟੀਆਂ ਤੱਕ ਪਹੁੰਚ ਕੀਤੀ ਜਾਵੇਗੀ। ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਕੱਢੀ ਜਾਣ ਵਾਲੀ 3500 ਕਿਲੋਮੀਟਰ ਲੰਮੀ ਇਹ ਯਾਤਰਾ 12 ਰਾਜਾਂ ਵਿਚੋਂ ਹੋ ਕੇ ਲੰਘੇਗੀ ਅਤੇ ਦਹਾਕਿਆਂ ਵਿੱਚ ਪਹਿਲੀ ਪ੍ਰਮੁੱਖ ਮਸ਼ਕ ਹੋਵੇਗੀ, ਜੋ ਦੱਖਣ ਤੋਂ ਉੱਤਰ ਵਲ ਲਗਪਗ ਸਾਰੇ ਮੁਲਕ ਨੂੰ ਕਵਰ ਕਰੇਗੀ। ‘ਭਾਰਤ ਜੋੜੋ’ ਯਾਤਰਾ ਕੱਢਣ ਦਾ ਐਲਾਨ ਉਦੈਪੁਰ ਵਿੱਚ ਹੋਏ ਚਿੰਤਨ ਸ਼ਿਵਿਰ ਵਿੱਚ ਕੀਤਾ ਗਿਆ ਸੀ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਰਾਜਾਂ ਦੇ 70 ਵਰਕਿੰਗ ਪ੍ਰਧਾਨਾਂ ਤੇ ਪਾਰਟੀ ਸ਼ਾਸਿਤ ਰਾਜਾਂ ਦੇ ਮੰਤਰੀਆਂ ਤੋਂ ਇਲਾਵਾ ਕੁਝ ਪਾਰਟੀ ਤਰਜਮਾਨਾਂ ਨਾਲ ਵੀ ਇਕ ਰੋਜ਼ਾ ਮੀਟਿੰਗ ਕਰਨਗੇ। ਆਗੂਆਂ ਨੇ ਕਿਹਾ ਕਾਂਗਰਸ ਪ੍ਰਧਾਨ ਉਦੈਪੁਰ ਐਲਾਨਨਾਮੇ ਦੇ ਫ਼ੈਸਲਿਆਂ ਨੂੰ ਪੜਾਅਵਾਰ ਢੰਗ ਨਾਲ ਅੰਤਿਮ ਰੂਪ ਦੇਣ ਲਈ ਜਲਦੀ ਹੀ ਟਾਸਕ ਫੋਰਸ ਦੇ ਗਠਨ ਦਾ ਐਲਾਨ ਕਰਨਗੇ। -ਪੀਟੀਆਈ