ਕਰਮਜੀਤ ਸਿੰਘ ਚਿੱਲਾ
ਬਨੂੜ, 21 ਮਈ
ਇੱਥੋਂ ਤੇਪਲਾ (ਅੰਬਾਲਾ) ਨੂੰ ਜਾਂਦੇ ਕੌਮੀ ਮਾਰਗ ਉੱਤੇ ਅੱਜ ਬਾਅਦ ਦੁਪਹਿਰ ਤਿੰਨ ਕੁ ਵਜੇ ਕਾਰ ਅਤੇ ਟਾਟਾ 407 ਦਰਮਿਆਨ ਵਾਪਰੇ ਭਿਆਨਕ ਹਾਦਸੇ ਵਿੱਚ ਕਾਰ ਚਾਲਕ ਨੌਜਵਾਨ ਦੀ ਮੌਤ ਹੋ ਗਈ ਅਤੇ ਉਸ ਦੀ ਦਾਦੀ ਗੰਭੀਰ ਜ਼ਖ਼ਮੀ ਹੋ ਗਈ। ਹਾਦਸੇ ਮਗਰੋਂ ਟਾਟਾ-407 ਦਾ ਚਾਲਕ ਗੱਡੀ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ।
ਜਾਣਕਾਰੀ ਅਨੁਸਾਰ ਬਨੂੜ ਥਾਣੇ ਅਧੀਨ ਪੈਂਦੇ ਪਿੰਡ ਰਾਮਪੁਰ ਖੁਰਦ ਦਾ 27 ਸਾਲਾ ਸੰਦੀਪ ਸਿੰਘ ਪੁੱਤਰ ਮੋਹਨ ਲਾਲ ਆਪਣੀ ਸੱਤਰ ਸਾਲਾ ਦਾਦੀ ਲਕਸ਼ਮੀ ਦੇਵੀ ਪਤਨੀ ਮੁਕੰਦੀ ਲਾਲ ਸਮੇਤ ਵਰਨਾ ਕਾਰ ਵਿੱਚ ਬਨੂੜ ਤੋਂ ਅੰਬਾਲਾ ਜਾ ਰਿਹਾ ਸੀ। ਪਿੰਡ ਰਾਜਗੜ੍ਹ ਨੇੜੇ ਤੇਪਲਾ ਵੱਲੋਂ ਆ ਰਹੀ ਤੇਜ਼ ਰਫ਼ਤਾਰ ਟਾਟਾ 407 ਗੱਡੀ ਨੇ ਕਾਰ ਨੂੰ ਫੇਟ ਮਾਰੀ। ਹਾਦਸੇ ਵਿੱਚ ਕਾਰ ਚਾਲਕ ਸੰਦੀਪ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਤੇ ਕਾਰ ਦੀ ਪਿਛਲੀ ਸੀਟ ’ਤੇ ਬੈਠੀ ਉਸ ਦੀ ਦਾਦੀ ਗੰਭੀਰ ਜ਼ਖ਼ਮੀ ਹੋ ਗਈ। ਮੌਕੇ ਉੱਤੇ ਪਹੁੰਚੀ ਸੰਭੂ ਥਾਣੇ ਦੀ ਪੁਲੀਸ ਨੇ ਗੰਭੀਰ ਜ਼ਖ਼ਮੀ ਹੋਈ ਲਕਸ਼ਮੀ ਦੇਵੀ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦੀ ਹਾਲਤ ਕਾਫ਼ੀ ਗੰਭੀਰ ਬਣੀ ਹੋਈ ਹੈ। ਸੰਭੂ ਥਾਣੇ ਦੇ ਮੁਖੀ ਗੁਰਮੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਪੋਸਟਮਾਰਟਮ ਲਈ ਰਾਜਪੁਰਾ ਦੇ ਏਪੀ ਜੈਨ ਹਸਪਤਾਲ ਵਿਖੇ ਭੇਜਿਆ ਗਿਆ ਹੈ ਤੇ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।