ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਨਵੰਬਰ
ਕਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ (ਕੈਟ) ਦੇ ਕੌਮੀ ਪ੍ਰਧਾਨ ਬੀਸੀ ਭਾਰਤੀਆ ਤੇ ਕੌਮੀ ਜਨਰਲ ਸਕੱਤਰ ਪ੍ਰਵੀਨ ਖੰਡੇਲਵਾਲ ਨੇ ਦੱਸਿਆ ਕਿ ਸਵੇਰੇ ‘ਕੈਟ’ ਰਿਸਰਚ ਐਂਡ ਟਰੇਡ ਡਿਵੈਲਪਮੈਂਟ ਸੁਸਾਇਟੀ ਨੇ ਸਾਰੇ ਰਾਜਾਂ ਦੇ ਪ੍ਰਮੁੱਖ ਵਪਾਰਕ ਆਗੂਆਂ ਨਾਲ ਮੁਲਾਕਾਤ ਕੀਤੀ ਹੈ। ਦੇਸ਼ ਦੇ ਵੱਖ-ਵੱਖ ਰਾਜਾਂ ਦੇ 20 ਸ਼ਹਿਰਾਂ, ਜਿਨ੍ਹਾਂ ਨੂੰ ਦੇਸ਼ ਵਿੱਚ ਵੰਡ ਕੇਂਦਰਾਂ ਵਜੋਂ ਜਾਣਿਆ ਜਾਂਦਾ ਹੈ, ਦੇ ਕਾਰੋਬਾਰੀ ਆਗੂਆਂ ਦਾ ਟੈਲੀਫੋਨ ਸਰਵੇਖਣ ਕਰਕੇ, ਉਨ੍ਹਾਂ ਨੇ ਆਪਣੇ-ਆਪਣੇ ਰਾਜਾਂ ਵਿੱਚ ਦੀਵਾਲੀ ਦੀ ਵਿਕਰੀ ਬਾਰੇ ਇੱਕ ਸਰਵੇਖਣ ਕੀਤਾ, ਜਿਸ ਤੋਂ ਇਹ ਅੰਦਾਜ਼ਾ ਲਗਾਇਆ ਗਿਆ ਕਿ ਇਸ ਸਾਲ ਜਿੱਥੇ ਪੂਰੇ ਦੇਸ਼ ’ਚ ਦੀਵਾਲੀ ਦੇ ਤਿਉਹਾਰ ’ਤੇ ਵਿਕਰੀ 1 ਲੱਖ 25 ਹਜ਼ਾਰ ਕਰੋੜ ਰੁਪਏ ਤੋਂ ਵੱਧ ਹੋ ਗਈ ਹੈ, ਉੱਥੇ ਹੀ ਪਟਾਕਾ ਨੀਤੀ ਨੂੰ ਲੈ ਕੇ ਸੂਬਾ ਸਰਕਾਰਾਂ ਦੇ ਢਿੱਲੇ ਰਵੱਈਏ ਕਾਰਨ ਪਟਾਕੇ ਬਣਾਉਣ ਵਾਲੇ ਛੋਟੇ ਨਿਰਮਾਤਾਵਾਂ ਅਤੇ ਵਿਕਰੇਤਾਵਾਂ ਨੂੰ ਕਰੀਬ 10 ਹਜ਼ਾਰ ਰੁਪਏ ਦਾ ਕਾਰੋਬਾਰੀ ਨੁਕਸਾਨ ਹੋਇਆ ਹੈ| ਸਰਵੇਖਣ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਇਸ ਸਾਲ ਦੀਵਾਲੀ ’ਤੇ ਲਗਭਗ 15,000 ਕਰੋੜ ਰੁਪਏ ਦੇ ਕਾਰੋਬਾਰ ਨਾਲ ਪੈਕੇਜਿੰਗ ਕਾਰੋਬਾਰ ਇਕ ਨਵਾਂ ਕਾਰੋਬਾਰ ਬਣ ਗਿਆ ਹੈ। ਖੰਡੇਲਵਾਲ ਨੇ ਉਮੀਦ ਪ੍ਰਗਟਾਈ ਹੈ ਕਿ ਦੀਵਾਲੀ ਮੌਕੇ ਕੀਤੇ ਗਏ ਤੇਜ਼ੀ ਨਾਲ ਕਾਰੋਬਾਰ ਦੇ ਮੱਦੇਨਜ਼ਰ ਦਸੰਬਰ 2021 ਦੇ ਅੰਤ ਤੱਕ ਲਗਭਗ ਕਰੋੜਾਂ ਰੁਪਏ ਦੀ ਪੂੰਜੀ ਵਿੱਤੀ ਸੰਕਟ ਵੀ ਖਤਮ ਹੋ ਜਾਵੇਗਾ। ਇਸ ਸਾਲ ਛੋਟੇ ਕਾਰੀਗਰਾਂ, ਘੁਮਿਆਰਾਂ ਅਤੇ ਸਥਾਨਕ ਕਲਾਕਾਰਾਂ ਨੇ ਆਪਣੇ ਉਤਪਾਦ ਖੂਬ ਵੇਚੇ। ਰਾਜ ਪੱਧਰ, ਜ਼ਿਲ੍ਹਾ ਪੱਧਰ ਅਤੇ ਖੇਤਰੀ ਪੱਧਰ ’ਚ ਹਜ਼ਾਰਾਂ ਛੋਟੇ ਨਿਰਮਾਤਾਵਾਂ ਨੇ ਆਪਣੀਆਂ ਚੀਜ਼ਾਂ ਵੇਚ ਕੇ ਐੱਫਐੱਮਸੀਜੀ, ਕੰਜ਼ਿਊਮਰ ਤੇ ਕਰਿਆਨੇ ਦੇ ਉਤਪਾਦਾਂ ਦੇ ਖੇਤਰ ਵਿੱਚ ਵੱਡੀਆਂ ਵਿਦੇਸ਼ੀ ਅਤੇ ਭਾਰਤੀ ਕੰਪਨੀਆਂ ਦੀ ਅਜਾਰੇਦਾਰੀ ਨੂੰ ਤਬਾਹ ਕੀਤਾ ਹੈ। ਪਿਛਲੇ ਦੋ ਸਾਲਾਂ ਦੀ ਬੇਮਿਸਾਲ ਮੰਦੀ ਤੋਂ ਰਾਹਤ ਮਹਿਸੂਸ ਕਰਦੇ ਹੋਏ ਦੇਸ਼ ਭਰ ਦੇ ਵਪਾਰਕ ਭਾਈਚਾਰੇ ਨੇ ਅੱਜ ਦੀਵਾਲੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ। ਸ੍ਰੀ ਖੰਡੇਲਵਾਲ ਨੇ ਦੱਸਿਆ ਕਿ ਇਸ ਵਾਰ ਦੇਸ਼ ਭਰ ਦੀਆਂ ਮੰਡੀਆਂ ਵਿੱਚ ਚੀਨੀ ਵਸਤੂਆਂ ਬਿਲਕੁਲ ਵੀ ਨਹੀਂ ਵਿਕੀਆਂ ਅਤੇ ਗਾਹਕਾਂ ਦਾ ਵਿਸ਼ੇਸ਼ ਜ਼ੋਰ ਭਾਰਤੀ ਵਸਤਾਂ ਦੀ ਖਰੀਦੋ-ਫਰੋਖਤ ’ਤੇ ਰਿਹਾ, ਜਿਸ ਕਾਰਨ ਚੀਨ ਨੂੰ 50 ਹਜ਼ਾਰ ਕਰੋੜ ਤੋਂ ਵੱਧ ਦੇ ਵਪਾਰ ਦਾ ਸਿੱਧਾ ਨੁਕਸਾਨ ਹੋਇਆ|