ਜੋਗਿੰਦਰ ਸਿੰਘ ਮਾਨ
ਮਾਨਸਾ, 22 ਜੂਨ
ਮਾਨਸਾ ਵਿੱਚ ਅੱਜ ਭਾਰਤੀ ਏਅਰ ਫੋਰਸ ਦੇ ਛੇ ਹੈਲੀਕਾਪਟਰ ਲਿਆਂਦੇ ਗਏ। ਹੈਲੀਕਾਪਟਰ ਦੇਖਦਿਆਂ ਸਾਰ ਹੀ ਲੋਕਾਂ ਦੀ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ। ਦਰਅਸਲ ਭਾਰਤੀ ਏਅਰ ਫੋਰਸ ਨੇ ਬੀਤੇ ਦਿਨੀਂ ਆਪਣੇ ਨਕਾਰਾ ਹੈਲੀਕਾਪਟਰਾਂ ਦੀ ਨਿਲਾਮੀ ਕੀਤੀ ਸੀ, ਜਿਸ ਨੂੰ ਮਾਨਸਾ ਦੇ ਕਬਾੜੀਏ ਮਿੱਠੂ ਰਾਮ ਮੋਫਰ ਨੇ ਖਰੀਦਿਆ। ਉਹ ਲੰਮੇ ਸਮੇਂ ਤੋਂ ਭਾਰਤੀ ਫ਼ੌਜ ਦਾ ਕਬਾੜ ਖਰੀਦ ਰਿਹਾ ਹੈ।
ਮਿੱਠੂ ਰਾਮ ਨੇ ਦੱਸਿਆ ਕਿ ਇਹ ਨਿਲਾਮੀ ਯੂਪੀ ਦੇ ਸਹਾਰਨਪੁਰ ਵਿੱਚ ਰੱਖੀ ਗਈ ਸੀ। ਖਰੀਦਣ ਤੋਂ ਬਾਅਦ ਇਨ੍ਹਾਂ ਨੂੰ ਟਰਾਲਿਆਂ ’ਤੇ ਲੱਦ ਕੇ ਮਾਨਸਾ ਲਿਆਂਦਾ ਗਿਆ। ਜਦੋਂ ਲੋਕਾਂ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਹੈਲੀਕਾਪਟਰ ਦੇਖਣ ਲੋਕਾਂ ਦੀ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ। ਮਿੱਠੂ ਰਾਮ ਨੇ ਦੱਸਿਆ ਕਿ ਉਹ ਅਤੇ ਉਸ ਦਾ ਭਰਾ ਪ੍ਰੇਮ ਕੁਮਾਰ ਅਰੋੜਾ ਅਕਸਰ ਹੀ ਭਾਰਤੀ ਫ਼ੌਜ ਦਾ ਕਬਾੜ ਖਰੀਦਦੇ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਉਹ ਪਹਿਲਾਂ ਵੀ ਕਈ ਵਾਰ ਅਜਿਹਾ ਸਾਮਾਨ ਲਿਆਏ ਹਨ ਪਰ ਇਸ ਵਾਰ ਸੋਸ਼ਲ ਮੀਡੀਆ ’ਤੇ ਇਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਜ਼ਿਆਦਾ ਵਾਇਰਲ ਹੋ ਗਈਆਂ।