ਗੁਰਦੀਪ ਸਿੰਘ ਲਾਲੀ
ਸੰਗਰੂਰ, 25 ਸਤੰਬਰ
ਪੰਜਾਬ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਐੱਨ.ਪੀ.ਐੱਸ. (ਨੈਸ਼ਨਲ ਪੈਨਸ਼ਨ ਸਿਸਟਮ) ਮੁਲਾਜ਼ਮਾਂ ਵੱਲੋਂ ਅੱਜ ਇੱਥੇ ਡੀ.ਸੀ. ਦਫ਼ਤਰ ਅੱਗੇ ਪੰਜਾਬ ਸਰਕਾਰ ਦੇ ਲਾਰਿਆਂ ਦੀ ਪੰਡ ਫ਼ੂਕਦਿਆਂ ਪ੍ਰਦਰਸ਼ਨ ਕੀਤਾ ਗਿਆ। ਸਰਕਾਰ ਦੇ ਲਾਰਿਆਂ ਤੋਂ ਅੱਕੇ ਮੁਲਾਜ਼ਮਾਂ ਵੱਲੋਂ ਨਾਅਰੇਬਾਜ਼ੀ ਕੀਤੀ ਗਈ ਅਤੇ 30 ਅਕਤੂਬਰ ਨੂੰ ਮੁੱਖ ਮੰਤਰੀ ਦੇ ਹਲਕਾ ਧੂਰੀ ਵਿੱਚ ਸੂਬਾ ਪੱਧਰੀ ਰੋਸ ਰੈਲੀ ਕਰਨ ਦਾ ਐਲਾਨ ਕੀਤਾ।
ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਕਨਵੀਨਰ ਸਰਬਜੀਤ ਸਿੰਘ ਪੁੰਨਾਂਵਾਲ ਅਤੇ ਜਨਰਲ ਸਕੱਤਰ ਸਤਵੰਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਲੱਖਾਂ ਐੱਨਪੀਐੱਸ ਮੁਲਾਜ਼ਮਾਂ ਨਾਲ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਵਾਅਦਾ ਕਰ ਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਲਾਰਿਆਂ ਨਾਲ ਡੰਗ ਸਾਰ ਰਹੀ ਹੈ। ਇਹ ਸਰਕਾਰ ਵੀ ਦੂਜੀਆਂ ਸਰਕਾਰਾਂ ਵਾਂਗ ਕਾਰਪੋਰੇਟ ਪੱਖੀ ਘਰਾਣਿਆਂ ਦੇ ਹੱਕ ਵਿੱਚ ਭੁਗਤ ਕੇ ਲੁਕਵੇਂ ਢੰਗ ਨਾਲ ਨਿੱਜੀਕਰਨ ਵੱਲ ਵਧ ਰਹੀ ਹੈ ਅਤੇ ਸਰਕਾਰੀ ਅਦਾਰਿਆਂ ਦਾ ਭੋਗ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਐੱਨਪੀਐੱਸ ਮੁਲਾਜ਼ਮਾਂ ਦੇ ਦਬਾਅ ਸਦਕਾ ਪੰਜਾਬ ਦੇ ਮੁੱਖ ਮੰਤਰੀ ਨੇ ਮੁੱਖ ਸਕੱਤਰ ਨੂੰ ਪੁਰਾਣੀ ਪੈਨਸ਼ਨ ਬਹਾਲ ਕਰਨ ਦੀਆਂ ਸੰਭਾਵਨਾਵਾਂ ਤਲਾਸ਼ਣ ਲਈ ਟਵੀਟ ਕੀਤਾ ਹੈ ਪਰ ਉਹ ਨੋਟੀਫਿਕੇਸ਼ਨ ਹੋਣ ਤੱਕ ਸੰਘਰਸ਼ ਜਾਰੀ ਰੱਖਣਗੇ। ਆਗੂਆਂ ਮਨਪ੍ਰੀਤ ਟਿੱਬਾ, ਗੁਰਪ੍ਰੀਤ ਕੌਰ, ਹੁਸ਼ਿਆਰ ਸਿੰਘ, ਬਲਵਿੰਦਰ ਭੁੱਕਲ, ਬਾਰਾ ਸਿੰਘ, ਅਮਨ ਮੂਣਕ, ਜਸਵੀਰ ਨਮੋਲ ਤੇ ਸ਼ੀਤਲ ਕੁਮਾਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁਲਾਜ਼ਮਾਂ ਦੇ ਦਰਦ ਨੂੰ ਸਮਝਦੇ ਹੋਏ ਰਾਜਸਥਾਨ ਸਰਕਾਰ, ਛੱਤੀਸਗੜ੍ਹ ਸਰਕਾਰ ਅਤੇ ਝਾਰਖੰਡ ਸਰਕਾਰ ਨੇ ਪੁਰਾਣੀ ਪੈਨਸ਼ਨ ਬਹਾਲ ਕਰ ਦਿੱਤੀ ਹੈ ਪਰ ਆਮ ਲੋਕਾਂ ਦੀ ਸਰਕਾਰ ਹੋਣ ਦਾ ਦਾਅਵਾ ਕਰਨ ਵਾਲੀ ਪੰਜਾਬ ਸਰਕਾਰ ਨੇ ਅਜੇ ਤੱਕ ਪੁਰਾਣੀ ਪੈਨਸ਼ਨ ਸਕੀਮ ਲਾਗੂ ਨਹੀਂ ਕੀਤੀ ਗਈ। ਇਸ ਮੌਕੇ ਯੂਨੀਅਨ ਆਗੂ ਬੱਗਾ ਸਿੰਘ, ਦਾਤਾ ਸਿੰਘ, ਫ਼ਕੀਰ ਸਿੰਘ ਟਿੱਬਾ, ਸੁਖਦੇਵ ਸਿੰਘ ਚੰਗਾਲੀਵਾਲਾ, ਦੇਵੀ ਦਿਆਲ, ਕਰਨੈਲ ਮੂਣਕ, ਬਲਜੀਤ ਸਿੰਘ, ਜਗਦੇਵ ਕੁਮਾਰ, ਸੌਰਵ ਜੋਸ਼ੀ, ਹਰਜਿੰਦਰ ਭੱਠਲ, ਭੁਪਿੰਦਰ ਸਿੰਘ, ਸ਼ਸ਼ੀ ਬਾਲਾ, ਸਰਬਜੀਤ ਕੌਰ, ਅਮਰਜੀਤ ਕੌਰ, ਰਾਮ ਸਿੰਘ, ਸੁਰੇਸ ਕਾਂਸਲ, ਹਰਬੰਸ ਡੂਡੀਆ, ਲਖਵੀਰ ਸਿੰਘ, ਸੋਨੂ ਸਿੰਘ ਤੇ ਗੁਲਜ਼ਾਰ ਸਿੰਘ ਆਦਿ ਨੇ ਸੰਬੋਧਨ ਕੀਤਾ।