ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 24 ਮਾਰਚ
ਪੰਜਾਬ ਸਰਕਾਰ ਵੱਲੋਂ ਕਰੋਨਾ ਦੇ ਮੱਦੇਨਜ਼ਰ ਸਕੂਲ ਬੰਦ ਰੱਖਣ ਦੇ ਹੁਕਮ ਖ਼ਿਲਾਫ਼ ਮਾਪਿਆਂ ਅਤੇ ਅਧਿਆਪਕਾਂ ਦੇ ਵੱਲੋਂ ਸੰਘਰਸ਼ ਸ਼ੁਰੂ ਕਰ ਦਿੱਤਾ ਗਿਆ ਹੈ। ਪੰਜਾਬ ਭਰ ਦੇ ਨਿੱਜੀ ਸਕੂਲਾਂ ਦੀ ਜਥੇਬੰਦੀ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਆਫ ਪੰਜਾਬ ਵੱਲੋ ਦਿੱਤੇ ਸੱਦੇ ਤਹਿਤ ਅੱਜ ਪੂਰੇ ਪੰਜਾਬ ਦੇ ਪ੍ਰਾਈਵੇਟ ਸਕੂਲ ਸੰਚਾਲਕਾਂ ਅਤੇ ਉਨ੍ਹਾਂ ਦੇ ਅਧਿਆਪਕਾਂ ਵੱਲੋਂ ਕਾਲੇ ਮਾਸਕ ਪਹਿਨ ਅਤੇ ਹੱਥਾਂ ਵਿੱਚ ਕਾਲੀਆਂ ਝੰਡੀਆਂ ਲੈ ਕੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ।
ਫੈਡਰੇਸ਼ਨ ਦੇ ਸੂਬਾਈ ਪ੍ਰਧਾਨ ਜਗਜੀਤ ਸਿੰਘ ਧੂਰੀ ਨੇ ਕਿਹਾ ਕਿ ਸਰਕਾਰ ਵੱਲੋਂ ਕਰੋਨਾ ਦੀ ਆੜ ਵਿੱਚ ਵਿਦਿਆਰਥੀਆਂ ਦਾ ਭਵਿੱਖ ਤਬਾਹ ਕੀਤਾ ਜਾ ਰਿਹਾ ਹੈ। ਪਿਛਲਾ ਸਾਰਾ ਸਾਲ ਕਰੋਨਾ ਕਾਰਨ ਸਕੂਲ ਬੰਦ ਰਹੇ ਅਤੇ ਜਦੋਂ ਵਿਦਿਆਰਥੀ ਲੰਬੇ ਵਕਫ਼ੇ ਤੋਂ ਬਾਅਦ ਮੁੜ ਸਕੂਲਾਂ ਵਿੱਚ ਆਏ ਸਨ ਤਾਂ ਉਨ੍ਹਾਂ ਦਾ ਵਿੱਦਿਅਕ ਮਿਆਰ ਇੰਨਾ ਥੱਲੇ ਆ ਚੁੱਕਾ ਸੀ ਕਿ ਅਧਿਆਪਕਾਂ ਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ ਪਈ। ਜੇ ਹੁਣ ਮੁੜ ਤੋਂ ਸਕੂਲ ਬੰਦ ਹੋ ਜਾਂਦੇ ਹਨ ਤਾਂ ਵਿਦਿਆਰਥੀਆਂ ਦਾ ਹੀ ਨਹੀਂ ਬਲਕਿ ਪੰਜਾਬ ਦਾ ਭਵਿੱਖ ਮਲੀਆਮੇਟ ਹੋ ਜਾਵੇਗਾ। ਸੂਬਾ ਪ੍ਰਧਾਨ ਨੇ ਕਿਹਾ ਕਿ ਕਰੋਨਾ ਕੇਵਲ ਸਕੂਲਾਂ ਲਈ ਹੀ ਹੈ ਜਦੋਂ ਕਿ ਸਿਆਸੀ ਰੈਲੀਆਂ ਵਿੱਚ ਕਿਸਾਨੀ ਸੰਘਰਸ਼ਾਂ ਵਿੱਚ, ਰੇਲਾਂ ਵਿਚ, ਬੱਸਾਂ ਦੇ ਵਿੱਚ, ਢਾਬਿਆਂ-ਹੋਟਲਾਂ ਦੇ ਵਿੱਚ ਅਤੇ ਹੋਰ ਪਬਲਿਕ ਥਾਵਾਂ ਤੇ ਮੋਢੇ ਨਾਲ ਮੋਢਾ ਖਹਿੰਦਾ ਆਮ ਵੇਖਿਆ ਜਾ ਸਕਦਾ ਹੈ।