ਪੱਤਰ ਪ੍ਰੇਰਕ
ਫਰੀਦਾਬਾਦ, 21 ਮਈ
ਕਰੋਨਾ ਪ੍ਰਤੀ ਲੋਕਾਂ ਨੂੰ ਦੁਬਾਰਾ ਜਾਗਰੂਕ ਕਰਨ ਲਈ, ਨਵ ਚੇਤਨਾ ਫਾਊਂਡੇਸ਼ਨ (ਐੱਨਐੱਚਪੀਸੀ) ਨੇ ਜ਼ਿਲ੍ਹਾ ਪ੍ਰਸ਼ਾਸਨ, ਰੈਡ ਕਰਾਸ ਸੁਸਾਇਟੀ ਫਰੀਦਾਬਾਦ ਨੂੰ ਦਿਹਾਤੀ ਦੇ ਪਿੰਡ ਛਾਪਰੌਲਾ, ਪ੍ਰਿਥਲਾ, ਤਰਤਾਰਪੁਰ, ਦੁਧੌਲਾ, ਬਾਘੌਲਾ ਅਤੇ ਸਹਾਰਾਲਾ ਵਿੱਚ ਨੁੱਕੜ ਨਾਟਕ ਰਾਹੀਂ ਲੋਕਾਂ ਨੂੰ ਕਰੋਨਾ ਦੀ ਲਾਗ ਨੂੰ ਰੋਕਣ ਲਈ ਲੋੜੀਂਦੀਆਂ ਹਦਾਇਤਾਂ ਦੀ ਪਾਲਣਾ ਕਰਨ ਲਈ ਪ੍ਰੇਰਤ ਕੀਤਾ। ਨਾਟਕ ਵਿੱਚ ਅਦਾਕਾਰਾਂ ਨੇ ਇਹ ਵੀ ਦੱਸਿਆ ਕਿ ਕਿਉਂ ਟੀਕਾ ਲਗਵਾਉਣਾ ਮਹੱਤਵਪੂਰਨ ਹੈ। ਇਹ ਪ੍ਰੋਗਰਾਮ ‘ਐੱਨਐੱਚਪੀਸੀ’ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ ਤੇ ਮੁੱਖ ਉਦੇਸ਼ ਆਮ ਲੋਕਾਂ ਨੂੰ ਕੋਵਿਡ 19 ਪ੍ਰਤੀ ਜਾਗਰੂਕ ਕਰਨਾ ਹੈ ਤਾਂ ਜੋ ਬਿਮਾਰੀ ਨੂੰ ਕਾਬੂ ਕੀਤਾ ਜਾ ਸਕੇ। ਇਹ ਪ੍ਰੋਗਰਾਮ ਪਿਛਲੇ 7 ਦਿਨਾਂ ਤੋਂ ਨਿਰੰਤਰ ਜਾਰੀ ਹੈ ਤੇ ਸੰਸਥਾ ਦਾ ਇਹ ਉਪਰਾਲਾ ਰਹੇਗਾ ਕਿ ਉਹ ਹਰ ਪਿੰਡ ਤੱਕ ਆਪਣੇ ਨਾਟਕ ਦੀ ਮੁਹਿੰਮ ਨੂੰ ਅੱਗੇ ਤੋਰਨ। ਬੀਡੀਪੀਓ ਪ੍ਰਦੀਪ ਕੁਮਾਰ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਪੇਂਡੂ ਖੇਤਰਾਂ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਲਈ ਕਾਰਗਰ ਸਿੱਧ ਹੋਣਗੇ। ਰੈਡ ਕਰਾਸ ਦੇ ਸਹਾਇਕ ਸਕੱਤਰ ਬਿਜੇਂਦਰ ਸੌਰੋਟ ਨੇ ਕਿਹਾ ਕਿ ਇਹ ਪ੍ਰੋਗਰਾਮ ਪੇਂਡੂ ਖੇਤਰਾਂ ‘ਚ ਲਾਗ ਨੂੰ ਰੋਕਣ ਲਈ ਜਾਗਰੂਕਤਾ ਲਿਆਏਗਾ।