ਮਹਿੰਦਰ ਸਿੰਘ ਰੱਤੀਆਂ/ਗੁਰਪ੍ਰੀਤ ਦੌਧਰ
ਮੋਗਾ/ਅਜੀਤਵਾਲ, 22 ਜੂਨ
ਇੱਥੇ ਮੋਗਾ-ਲੁਧਿਆਣਾ ਹਾਈਵੇਅ ’ਤੇ ਅਜੀਤਵਾਲ ਬਿਜਲੀ ਗਰੱਡ ਅੱਗੇ ਬਿਜਲੀ ਦੀ ਮਾੜੀ ਸਪਲਾਈ ਖ਼ਿਲਾਫ਼ 11 ਪਿੰਡਾਂ ਦੇ ਕਿਸਾਨਾਂ ਨੇ ਚੱਕਾ ਜਾਮ ਕਰਕੇ ਪਾਵਰਕੌਮ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪਾਵਰ ਕੰਟਰੋਲ ਪਟਿਆਲਾ ਨੇ ਕਿਹਾ ਕਿ ਸਮੁੱਚੇ ਸੂਬੇ ਦਾ ਪਾਵਰ ਸਿਸਟਮ ਸੁਚਾਰੂ ਢੰਗ ਨਾਲ ਚਲਾਉਣ ਲਈ ਪਾਵਰਕੱਟ ਉਨ੍ਹਾਂ ਦੀ ਮਜਬੂਰੀ ਹੈ। ਇਸ ਤੋਂ ਬਾਅਦ ਸਥਾਨਕ ਪਾਵਰਕੌਮ ਅਧਿਕਾਰੀਆਂ ਨੇ ਕਿਸਾਨਾਂ ਨੂੰ ਸ਼ਹਿਰੀ ਖੇਤਰ ਦੀ ਸਪਲਾਈ ਵਿੱਚ ਕੱਟ ਲਗਾ ਕੇ ਖੇਤੀ ਸੈਕਟਰ ਦੀ ਬਿਜਲੀ ਸਪਲਾਈ ਪੂਰੀ ਦੇਣ ਦਾ ਲਿਖਤੀ ਭਰੋਸਾ ਦਿੱਤਾ। ਇਸ ਤੋਂ ਬਾਅਦ ਚੱਕਾ ਜਾਮ ਤੇ ਧਰਨਾ ਖ਼ਤਮ ਕੀਤਾ ਗਿਆ।
ਇਸ ਮੌਕੇ ਥਾਣਾ ਅਜੀਤਵਾਲ ਮੁਖੀ ਸੁਖਜਿੰਦਰ ਸਿੰਘ ਅਤੇ ਪਾਵਰਕੌਮ ਅਧਿਕਾਰੀਆਂ ਨੇ ਕਿਸਾਨਾਂ ਨਾਲ ਮੀਟਿੰਗ ਕੀਤੀ। ਇਸ ਮੌਕੇ ਪਾਵਰ ਕੰਟਰੌਲ ਪਟਿਆਲਾ ਨੇ ਕਿਹਾ ਕਿ ਸਮੁੱਚੇ ਸੂਬੇ ਦਾ ਪਾਵਰ ਸਿਸਟਮ ਸੁਚਾਰੂ ਢੰਗ ਨਾਲ ਚਲਾਉਣ ਲਈ ਪਾਵਰਕੱਟ ਉਨ੍ਹਾਂ ਦੀ ਮਜਬੂਰੀ ਹੈ। ਸਥਾਨਕ ਅਧਿਕਾਰੀਆਂ ਐੱਸਡੀਓ ਇੰਜ. ਜਗਦੇਵ ਸਿੰਘ ਤੇ ਐੱਸਐੱਸਏ ਇੰਜ. ਸਚਿਨ ਕੁਮਾਰ ਨੇ ਕਿਸਾਨਾਂ ਨੂੰ ਲਿਖਤੀ ਭਰੋਸਾ ਦਿੱਤਾ ਕਿ ਸ਼ਹਿਰੀ ਖੇਤਰ ਦੀ ਸਪਲਾਈ ਵਿੱਚ ਕੱਟ ਲਗਾ ਕੇ ਖੇਤੀ ਸੈਕਟਰ ਦੀ ਬਿਜਲੀ ਪੂਰੀ ਕੀਤੀ ਜਾਵੇਗੀ। ਇਸ ਤੋਂ ਬਾਅਦ ਕਿਸਾਨਾਂ ਨੇ ਕਰੀਬ 2 ਵਜੇ ਇਹ ਧਰਨਾ ਖ਼ਤਮ ਕੀਤਾ।
ਇਸ ਮੌਕੇ ਬੀਕੇਯੂ (ਕ੍ਰਾਂਤੀਕਾਰੀ) ਗੁਰਸ਼ਰਨ ਸਿੰਘ, ਬੀਕੇਯੂ (ਉਗਰਾਹਾਂ) ਆਗੂ ਕੁਲਵਿੰਦਰ ਸਿੰਘ ਤੇ ਸੁਰਜੀਤ ਸਿੰਘ, ਸਤਨਾਮ ਸਿੰਘ ਬਾਬਾ, ਗੁਰਮੀਤ ਸਿੰਘ,ਦਲਜੀਤ ਸਿੰਘ ਤੇ ਹੋਰ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਆਖਿਆ ਕਿ ਸਰਕਾਰ ਵਲੋਂ ਖੇਤੀ ਸੈਕਟਰ ਲਈ ਦਿੱਤੀ ਜਾਣ ਵਾਲੀ 8 ਘੰਟੇ ਬਿਜਲੀ ਨਿਰਵਿਘਨ ਨਹੀਂ ਮਿਲ ਰਹੀ। ਝੋਨੇ ਦੀ ਫਸਲ ਲਵਾਈ ਦਾ ਕੰਮ ਪੂਰੇ ਜ਼ੋਰਾਂ ’ਤੇ ਜਾਰੀ ਹੈ। ਝੋਨੇ ਦੀ ਫ਼ਸਲ ਲਈ ਪੰਜਾਬ ਸਰਕਾਰ ਵੱਲੋਂ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਦਾ ਵਾਅਦਾ ਕੀਤਾ ਗਿਆ ਸੀ ਪਰ ਸਹੀ ਬਿਜਲੀ ਸਪਲਾਈ ਨਾ ਮਿਲਣ ਦੇ ਰੋਸ ’ਚ ਕਿਸਾਨ ਪ੍ਰੇਸ਼ਾਨ ਹਨ। ਉਨ੍ਹਾਂ ਆਖਿਆ ਪੂਰੀ ਬਿਜਲੀ ਸਪਲਾਈ ਨਾ ਮਿਲਣ ਕਾਰਨ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਲਗਾਉਣ ਵਿੱਚ ਭਾਰੀ ਸਮੱਸਿਆ ਆ ਰਹੀ ਹੈ। 8 ਘੰਟੇ ਬਿਜਲੀ ਸਪਲਾਈ ਵਿੱਚ 2 ਤੋਂ 3 ਘੰਟੇ ਬਿਜਲੀ ਕੱਟ ਲਗਾ ਕੇ ਕਿਸਾਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਕਿਸਾਨਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਹੋਰਨਾਂ ਵਾਅਦਿਆਂ ਵਾਂਗ ਬਿਜਲੀ ਸਪਲਾਈ ਦਾ ਵਾਅਦਾ ਪੂਰਾ ਕਰਨ ਵਿੱਚ ਵੀ ਨਾਕਾਮ ਰਹੀ ਹੈ।
ਤਪਾ ਮੰਡੀ (ਸੀ. ਮਾਰਕੰਡਾ): ਭਾਰਤੀ ਕਿਸਾਨ ਯੂਨੀਅਨ (ਏਕਤਾ) ਸਿੱਧੂਪੁਰ ਨੇ ਬੇਲੋੜੇ ਬਿਜਲੀ ਕੱਟਾਂ ਨੂੰ ਲੈ ਕੇ ਪਿੰਡ ਢਿੱਲਵਾਂ ਵਿੱਚ ਰੈਲੀ ਕੀਤੀ। ਯੂਨੀਅਨ ਦੇ ਜ਼ਿਲ੍ਹਾ ਮੀਤ ਪ੍ਰਧਾਨ ਗੋਰਾ ਸਿੰਘ ਢਿੱਲਵਾਂ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਝੋਨੇ ਦੀ ਲਵਾਈ ਸਿਖਰਾਂ ’ਤੇ ਹੈ। ਬਿਜਲੀ ਬੋਰਡ ਵੱਲੋਂ ਖੇਤੀ ਸੈਕਟਰ ਅਤੇ ਘਰੇਲੂ ਵਰਤੋਂ ਦੀ ਬਿਜਲੀ ਦੀ ਲਗਾਤਾਰ ਸਪਲਾਈ ਕਰਨ ਦੀ ਥਾਂ ਲੰਬੇ ਕੱਟ ਲਗਾਏ ਜਾ ਰਹੇ ਹਨ। ਉਨ੍ਹਾਂ ਆਖਿਆ ਕਿ ਜੇ ਬਿਜਲੀ ਬੋਰਡ ਦੇ ਅਧਿਕਾਰੀਆਂ ਨੇ ਬਿਜਲੀ ਦੇ ਕੱਟ ਬੰਦ ਨਾ ਕੀਤੇ ਤਾਂ ਸੁਖਪੁਰਾ ਦੇ ਬਿਜਲੀ ਗਰਿੱਡ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਭੁਪਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ ਬਲਾਕ ਸ਼ਹਿਣਾ (ਡਕੌਂਦਾ), ਬਲੌਰ ਸਿੰਘ ਅਤੇ ਮੇਲਾ ਸਿੰਘ ਹਾਜ਼ਰ ਸਨ।
ਕਿਸਾਨਾਂ ਵੱਲੋਂ ਪਿੰਡ ਭਲੂਰ ਗਰਿੱਡ ਦਾ ਘਿਰਾਓ
ਮੋਗਾ (ਨਿੱਜੀ ਪੱਤਰ ਪ੍ਰੇਰਕ): ਬਿਜਲੀ ਦੀ ਮਾੜੀ ਸਪਲਾਈ ਤੋਂ ਅੱਕੇ ਕਿਸਾਨਾਂ ਨੇ ਪਿੰਡ ਭਲੂਰ ਸਥਿਤ ਬਿਜਲੀ ਗਰਿੱਡ ਦਾ ਘਿਰਾਓ ਕਰਕੇ ਪਾਵਰਕੌਮ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਿਸਾਨਾਂ ਨੇ ਦੋਸ਼ ਲਗਾਇਆ ਕਿ ਬਿਨਾਂ ਕਿਸੇ ਕਾਰਨ ਵਾਰ ਵਾਰ ਕੱਟ ਲਗਾਏ ਜਾਂਦੇ ਹਨ ਜਦੋਂ ਕਿ ਪਾਵਰਕੌਮ ਅਧਿਕਾਰੀ ਆਖ ਰਹੇ ਹਨ ਕਿ ਉਨ੍ਹਾਂ ਨੂੰ ਜੋ ਮੁੱਖ ਦਫ਼ਤਰ ਵੱਲੋਂ ਹਦਾਇਤ ਆਉਂਦੀ ਹੈ ਉਸ ਮੁਤਾਬਕ ਕੱਟ ਲਗਾਇਆ ਜਾਂਦਾ ਹੈ। ਇਸ ਮੌਕੇ ਪਿੰਡ ਭਲੂਰ ਦੇ ਸਰਪੰਚ ਪਾਲਾ ਨੇ ਰਾਜ ਸਰਕਾਰ ਅਤੇ ਪਾਵਰਕੌਮ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਪਾਵਰਕੱਟ ਬੰਦ ਕੀਤੇ ਜਾਣ ਅਤੇ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾਵੇ।