ਨਵੀਂ ਦਿੱਲੀ, 22 ਫਰਵਰੀ
ਲੱਦਾਖ ਦੇ ਰਹਿਣ ਵਾਲੇ ਇੰਜਨੀਅਰ ਸੋਨਮ ਵਾਂਗਚੁਕ ਨੇ ਭਾਰਤੀ ਫ਼ੌਜ ਲਈ ਸੌਰ ਊਰਜਾ ਨਾਲ ਗਰਮ ਰਹਿਣ ਵਾਲਾ ਮੋਬਾਈਲ ਟੈਂਟ ਤਿਆਰ ਕੀਤਾ ਹੈ। ਜ਼ਿਕਰਯੋਗ ਹੈ ਕਿ ਵਾਂਗਚੁਕ ਪਿਛਲੇ 25 ਸਾਲਾਂ ਤੋਂ ਸੌਰ ਊਰਜਾ ਨਾਲ ਘਰ ਗਰਮ ਰੱਖਣ ਬਾਰੇ ਖੋਜ ਕਰ ਰਹੇ ਹਨ। ਫ਼ਿਲਮ ‘ਥ੍ਰੀ ਇਡੀਅਟਸ’ ਵਿਚਲਾ ਆਮਿਰ ਖ਼ਾਨ ਦਾ ਕਿਰਦਾਰ ਸੋਨਮ ਤੋਂ ਹੀ ਪ੍ਰੇਰਿਤ ਸੀ। ਫ਼ੌਜ ਉੱਚੇ ਪਹਾੜੀ ਇਲਾਕਿਆਂ ਵਿਚ ਇਨ੍ਹਾਂ ਟੈਂਟਾਂ ਦਾ ਇਸਤੇਮਾਲ ਕਰ ਸਕਦੀ ਹੈ। ਸੋਨਮ ਨੇ ਕਿਹਾ ਕਿ ਜਦ ਉਸ ਨੂੰ ਪਤਾ ਲੱਗਾ ਕਿ ਕਰੀਬ 50 ਹਜ਼ਾਰ ਫ਼ੌਜੀ ਸਖ਼ਤ ਸਰਦੀ ਵਿਚ ਪੂਰਬੀ ਲੱਦਾਖ ਵਿਚ ਤਾਇਨਾਤ ਹਨ ਤਾਂ ਉਸ ਨੇ ਅਜਿਹਾ ਟੈਂਟ ਤਿਆਰ ਕਰਨ ਬਾਰੇ ਸੋਚਿਆ। ਇਸ ਤੋਂ ਪਹਿਲਾਂ ਗਰਮਾਇਸ਼ ਲਈ ਮਿੱਟੀ ਦੇ ਤੇਲ ਦੀ ਵਰਤੋਂ ਹੁੰਦੀ ਸੀ ਜਿਸ ਨਾਲ ਕਾਫ਼ੀ ਖ਼ਰਚਾ ਵੀ ਹੁੰਦਾ ਸੀ। ਜ਼ਿਆਦਾਤਰ ਟੈਂਟ ਵੀ ਕੱਪੜੇ ਦੇ ਬਣੇ ਹੁੰਦੇ ਹਨ ਜਾਂ ਲੋਹੇ ਦੇ ਡੱਬੇ ਵੀ ਵਰਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਟੈਂਟ ਨੂੰ ਸੌਰ ਊਰਜਾ ਨਾਲ ਗਰਮ ਰੱਖਿਆ ਜਾ ਸਕੇਗਾ। -ਪੀਟੀਆਈ