ਪੱਤਰ ਪ੍ਰੇਰਕ
ਖਰੜ, 21 ਜੁਲਾਈ
ਨਗਰ ਕੌਂਸਲ ਦੇ ਵਾਰਡ ਨੰਬਰ-5 ਅਤੇ 6 ਵਿਚ ਵਗਦੀ ਬਰਸਾਤੀ ਚੋਈ ਵਿਚ ਕਿਸੇ ਬਿਲਡਰ ਵਲੋਂ ਪਾਈਪਾਂ ਪਾ ਕੇ ਪਾਣੀ ਦੇ ਕੁਦਰਤੀ ਵਹਾਅ ’ਚ ਰੁਕਾਵਟ ਖੜ੍ਹੀ ਕੀਤੀ ਗਈ ਹੈ, ਜਿਸ ਕਾਰਨ ਦਸਮੇਸ਼ ਨਗਰ ਦੇ ਘਰਾਂ ਵਿਚ ਪਾਣੀ ਦਾਖਲ ਹੋ ਗਿਆ। ਇਨ੍ਹਾਂ ਪਾਈਪਾਂ ਨੂੰ ਚੋਈ ’ਚੋਂ ਹਟਾਉਣ ਵਿਚ ਪ੍ਰਸ਼ਾਸਨ ਦੇ ਨਾਕਾਮ ਰਹਿਣ ਵਿਰੁੱਧ ਰੋਸ ਪ੍ਰਗਟ ਕਰਦੇ ਹੋਏ ਅੱਜ ਵਾਰਡ ਨੰਬਰ-5 ਦੇ ਵਸਨੀਕਾਂ ਨੇ ਖਰੜ-ਮੁਹਾਲੀ ਸੜਕ ਉਤੇ ਜਾਮ ਲਗਾ ਦਿੱਤਾ। ਇਸ ਜਾਮ ਕਾਰਨ ਇੱਕ ਪਾਸੇ ਟਰੈਫਿਕ ਮੁਕੰਮਲ ਤੌਰ ’ਤੇ ਬੰਦ ਹੋ ਗਈ।
ਲੋਕਾਂ ਨੇ ਪ੍ਰਸ਼ਾਸਨ ਵੱਲੋਂ ਕਾਰਵਾਈ ਨਾ ਕਰਨ ’ਤੇ ਹੈਰਾਨੀ ਪ੍ਰਗਟਾਈ ਹੈ। ਧਰਨੇ ’ਤੇ ਬੈਠੇ ਲੋਕਾਂ ਵਲੋਂ ਨਾਅਰੇਬਾਜ਼ੀ ਵੀ ਕੀਤੀ ਗਈ ਅਤੇ ਲਗਭਗ ਇੱਕ ਘੰਟੇ ਤੱਕ ਇਹ ਲੋਕ ਧਰਨੇ ’ਤੇ ਬੈਠੇ ਰਹੇ। ਉਨ੍ਹਾਂ ਨੇ ਧਰਨਾ ਉਸ ਸਮੇਂ ਚੁੱਕਿਆ ਜਦੋਂ ਖਰੜ ਦੇ ਐੱਸਡੀਐੱਮ ਰਵਿੰਦਰ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਸਬੰਧੀ ਕਾਰਵਾਈ ਦਾ ਭਰੋਸਾ ਦਿੱਤਾ।