ਕਾਨਪੁਰ, 5 ਨਵੰਬਰ
ਕਾਨਪੁਰ ਵਿਚ 30 ਜਣੇ ਹੋਰ ਜ਼ੀਕਾ ਵਾਇਰਸ ਤੋਂ ਪੀੜਤ ਪਾਏ ਗਏ ਹਨ। ਜ਼ਿਲ੍ਹੇ ਵਿਚ ਪੀੜਤਾਂ ਦੀ ਗਿਣਤੀ ਹੁਣ 66 ਹੋ ਗਈ ਹੈ। ਪੀੜਤਾਂ ਵਿਚ 45 ਪੁਰਸ਼ ਤੇ 21 ਔਰਤਾਂ ਹਨ। ਯੂਪੀ ਦੇ ਕਾਨਪੁਰ ਵਿਚ ਪਹਿਲਾ ਕੇਸ 23 ਅਕਤੂਬਰ ਨੂੰ ਮਿਲਿਆ ਸੀ ਜਦ ਇੰਡੀਅਨ ਏਅਰ ਫੋਰਸ ਦਾ ਵਾਰੰਟ ਅਫ਼ਸਰ ਵਾਇਰਸ ਦੀ ਲਪੇਟ ਵਿਚ ਆਇਆ ਸੀ। ਜ਼ਿਲ੍ਹਾ ਮੈਜਿਸਟਰੇਟ ਵਿਸ਼ਾਕ ਜੀ ਅਈਅਰ ਨੇ ਦੱਸਿਆ ਕਿ ਹਵਾਈ ਸੈਨਾ ਸਟੇਸ਼ਨ ਵਿਚੋਂ ਸੈਂਪਲ ਲਏ ਗਏ ਸਨ ਤੇ ਲੈਬ ਵਿਚ ਟੈਸਟ ਲਈ ਭੇਜੇ ਗਏ ਸਨ। ਇਨ੍ਹਾਂ ਵਿਚੋਂ 30 ਜ਼ੀਕਾ ਵਾਇਰਸ ਲਈ ਪਾਜ਼ੇਟਿਵ ਮਿਲੇ ਹਨ। ਜ਼ੀਕਾ ਮੱਛਰਾਂ ਤੋਂ ਪੈਦਾ ਹੋਣ ਵਾਲਾ ਇਕ ਵਾਇਰਸ ਹੈ। ਅਧਿਕਾਰੀ ਨੇ ਕਿਹਾ ਕਿ ਮੱਛਰਾਂ ਤੋਂ ਛੁਟਕਾਰਾ ਪਾ ਕੇ ਹੀ ਇਸ ਬੀਮਾਰੀ ਤੋਂ ਬਚਿਆ ਜਾ ਸਕਦਾ ਹੈ। ਬੀਮਾਰੀ ਦੇ ਫੈਲਾਅ ਨੂੰ ਜਾਂਚਣ ਲਈ ਸਿਹਤ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ। ਇਨ੍ਹਾਂ ਵੱਲੋਂ ਸੈਨੀਟੇਸ਼ਨ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ। ਐਂਟੀ-ਲਾਰਵਾ ਸਪਰੇਅ ਕੀਤੀ ਜਾ ਰਹੀ ਹੈ ਤੇ ਬੁਖਾਰ ਦੇ ਮਰੀਜ਼ਾਂ ਦੀ ਸ਼ਨਾਖ਼ਤ ਕੀਤੀ ਜਾ ਰਹੀ ਹੈ। ਗੰਭੀਰ ਬੀਮਾਰ ਲੋਕਾਂ ਤੇ ਗਰਭਵਤੀ ਮਹਿਲਾਵਾਂ ਦੀ ਵੱਖਰੀ ਸਕਰੀਨਿੰਗ ਹੋ ਰਹੀ ਹੈ। ਸਿਹਤ ਵਿਭਾਗ ਨੂੰ ਨਿਗਰਾਨੀ ਵਧਾਉਣ ਲਈ ਕਿਹਾ ਗਿਆ ਹੈ ਤੇ ਦਰਾਂ ਤੋਂ ਜਾ ਕੇ ਸੈਂਪਲ ਭਰਨ ਦੀ ਹਦਾਇਤ ਦਿੱਤੀ ਗਈ ਹੈ। -ਪੀਟੀਆਈ