ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 21 ਜੁਲਾਈ
ਲੁਧਿਆਣਾ ਨੂੰ ਹਰਾ ਭਰਾ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਸਥਾਨਕ ਐੱਨਜੀਓ ਸਿਟੀ ਨੀਡਜ਼ ਦੇ ਸਹਿਯੋਗ ਨਾਲ ਜ਼ਿਲ੍ਹੇ ਦੇ ਲੋਕਾਂ ਨੂੰ ਮੁਫ਼ਤ ਬੂਟੇ ਵੰਡਣ ਦੇ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ, ਜਿਸ ਲਈ ਡੀਸੀ ਵੱਲੋਂ ਹਰਿਆਲੀ ਵੈਨ (ਮੋਬਾਈਲ ਟ੍ਰੀ ਏਟੀਐੱਮ) ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਹੁਣ ਲੁਧਿਆਣਾ ਦੇ ਲੋਕ ਮੁਫ਼ਤ ਬੂਟੇ ਲੈਣ ਦੇ ਲਈ ਮੋਬਾਈਲ ਫੋਨ ’ਤੇ ਮਿਸਡ ਕਾਲ ਕਰ ਸਕਦੇ ਹਨ, ਜਿਸ ਮਗਰੋਂ ਐੱਨਜੀਓ ਮੈਂਬਰ ਲੋਕਾਂ ਨੂੰ ਮੁਫ਼ਤ ਵਿੱਚ ਬੂਟੇ ਦੇਣਗੇ। ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਦੱਸਿਆ ਕਿ ਲੋਕ ਮੁਫਤ ਬੂਟੇ ਲੈਣ ਅਤੇ ਪਲਾਂਟੇਸ਼ਨ ਲਈ ਮੋਬਾਈਲ ਨੰਬਰ 82890-66979 0ਤੇ ਮਿਸਡ ਕਾਲ ਕਰ ਸਕਦੇ ਹਨ ਜਾਂ ਵੈੱਬਸਾਈਟ www.cityneeds.info ’ਤੇ ਵੀ ਸੰਪਰਕ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਮਿਸਡ ਕਾਲ ਤੋਂ ਬਾਅਦ ਲੋਕਾਂ ਨੂੰ ਉਨ੍ਹਾਂ ਦੇ ਫੋਨ ’ਤੇ ਲਿੰਕ ਮਿਲੇਗਾ ਅਤੇ ਉਹ ਬੂਟਿਆਂ ਦੀ ਗਿਣਤੀ, ਆਪਣੀ ਪਸੰਦ ਦੇ ਬੂਟੇ ਅਤੇ ਆਪਣਾ ਪੂਰਾ ਪਤਾ ਦੱਸ ਕੇ ਆਨਲਾਈਨ ਫਾਰਮ ਭਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਹ ਪ੍ਰਕਿਰਿਆ ਮੁਕੰਮਲ ਹੋਣ ਉਪਰੰਤ ਐੱਨ.ਜੀ.ਓ. ਵੱਲੋਂ ਮੋਬਾਈਲ ਟ੍ਰੀ ਏ.ਟੀ.ਐਮ. (ਹਰਿਆਲੀ ਵੈਨ) ਰਾਹੀਂ ਮਿਸਡ ਕਾਲ ਕਰਨ ਵਾਲੇ ਵਸਨੀਕਾਂ ਦੇ ਘਰ-ਘਰ ਬੂਟੇ ਪਹੁੰਚਾਏ ਜਾਣਗੇ।ਉਨ੍ਹਾਂ ਕਿਹਾ ਕਿ ਬਾਅਦ ਵਿੱਚ, ਪ੍ਰਸ਼ਾਸਨ ਦੀ ਟੀਮ ਜਿਸ ਵਿੱਚ ਜੰਗਲਾਤ ਵਿਭਾਗ ਅਤੇ ਨਗਰ ਨਿਗਮ ਦੇ ਅਧਿਕਾਰੀ ਸਥਾਨਕ ਐਨਜੀਓ ਸਿਟੀ ਨੀਡਜ਼ ਦੇ ਸਹਿਯੋਗ ਨਾਲ ਉਨ੍ਹਾਂ ਦੇ ਘਰਾਂ ਵਿੱਚ ਬੂਟੇ ਸਪਲਾਈ ਕਰਨਗੇ।