ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 21 ਮਈ
ਨਗਰ ਕੌਂਸਲ ਦੇ ਸਫ਼ਾਈ ਕਾਮੇ ਸੂਬਾ ਸਰਕਾਰ ਤੋਂ ਮੰਗਾਂ ਮਨਵਾਉਣ ਲਈ ਪਿਛਲੇ ਕਰੀਬ ਇੱਕ ਹਫ਼ਤੇ ਤੋਂ ਹੜਤਾਲ ’ਤੇ ਹਨ। ਸਿਆਸੀ ਪਾਰਟੀਆਂ ਆਪਣੀ ਆਦਤ ਮੁਤਾਬਿਕ ਸਿਆਸੀ ਲਾਹਾ ਲੈਣ ਦੀ ਤਾਕ ਵਿਚ ਰਹਿੰਦੀਆਂ ਹਨ। ਕੱਲ੍ਹ ਅਕਾਲੀ ਦਲ ਦੇ ਆਗੂ ਨਗਰ ਕੌਂਸਲ ਦਫ਼ਤਰ ਕੈਂਪਸ ’ਚ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਬੈਠੇ ਸਫ਼ਾਈ ਕਾਮਿਆਂ ਕੋਲ ਹਮਦਰਦੀ ਦਾ ਪ੍ਰਗਟਾਵਾ ਕਰਨ ਲਈ ਪਹੁੰਚੇ। ਇਸ ਦੀ ਭਿਣਕ ਜਦੋਂ ਅਕਾਲੀ ਦਲ ਦੀ ਪੁਰਾਣੀ ਭਾਈਵਾਲ ਪਾਰਟੀ ਭਾਜਪਾ ਦੇ ਸਥਾਨਕ ਆਗੂਆਂ ਨੂੰ ਲੱਗੀ ਤਾਂ ਉਹ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਪ੍ਰਧਾਨ ਗੌਰਵ ਖੁੱਲਰ ਦੀ ਅਗਵਾਈ ਹੇਠ ਨਗਰ ਕੌਂਸਲ ਸਫ਼ਾਈ ਕਾਮਿਆਂ ਕੋਲ ਪਹੁੰਚ ਗਏ। ਜਦੋਂ ਭਾਜਪਾਈਆਂ ਦੇ ਕਾਮਿਆਂ ਕੋਲ ਪੁੱਜਣ ਦੀ ਖ਼ਬਰ ਨਗਰ ਕੌਂਸਲ ਪ੍ਰਧਾਨ ਜਤਿੰਦਰਪਾਲ ਰਾਣਾ, ਕੌਂਸਲਰ ਜਗਜੀਤ ਜੱਗੀ, ਅਮਨ ਕਪੂਰ, ਰਵਿੰਦਰਪਾਲ ਰਾਜੂ ਅਤੇ ਸਾਥੀਆਂ ਨੂੰ ਪਤਾ ਲੱਗੀ ਤਾਂ ਉਹ ਵੀ ਕੌਂਸਲ ਦਫ਼ਤਰ ਪਹੁੰਚ ਗਏ। ਪ੍ਰਧਾਨ ਸਣੇ ਹਾਜ਼ਰ ਹੋਰ ਲੋਕਾਂ ਨੇ ਭਾਜਪਾਈਆਂ ਨੂੰ ਆਖਿਆ ਕਿ ਨਗਰ ਕੌਂਸਲ ਦੇ ਸਫ਼ਾਈ ਕਾਮੇ ਉਨ੍ਹਾਂ ਦਾ ਪਰਿਵਾਰ ਹਨ। ਹੜਤਾਲ ਇਕੱਲੇ ਜਗਰਾਉਂ ਦੇ ਕਾਮਿਆਂ ਦੀ ਨਹੀਂ ਸਾਰੇ ਸੂਬੇ ਦੇ ਕਾਮਿਆਂ ਦੀ ਸਾਂਝੀ ਹੈ ਜਿਸ ਦਾ ਜਲਦੀ ਹੱਲ ਹੋ ਜਾਵੇਗਾ। ਉਨਾਂ ਆਖਿਆ ਕਿ ਰਾਜਨੀਤੀ ਕਰਨੀ ਹੈ ਤਾਂ ਕਿੱਤੇ ਹੋਰ ਜਾ ਕੇ ਕਰੋ ਇੱਥੇ ਤੁਹਾਡੇ ਲਈ ਕੋਈ ਥਾਂ ਨਹੀਂ ਹੈ। ਲੰਬੀ ਬਹਿਸ ਉਪਰੰਤ ਭਾਜਪਈਆਂ ਨੂੰ ਨਿਰਾਸ਼ ਹੋ ਮੁੜਨਾ ਪਿਆ।