ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 5 ਫਰਵਰੀ
ਉਮੀਦਵਾਰ ਘਰ-ਘਰ ਤੱਕ ਪਹੁੰਚ ਬਣਾਉਣ ਲਈ ਸਿਰਫ਼ ਪਿੰਡਾਂ ਤੇ ਕਸਬਿਆਂ ਦੇ ਚੌਕਾਂ ’ਚ ਜਲਸੇ ਕਰਨ ਤੱਕ ਸੀਮਤ ਨਹੀਂ ਰਹੇ ਸਗੋਂ ਉਹ ਵੋਟਰਾਂ ਦੀਆਂ ਰਸੋਈਆਂ ਤੱਕ ਦਸਤਕ ਦੇਣ ਲੱਗੇ ਹਨ। ਉਮੀਦਵਾਰਾਂ ਤੋਂ ਇਲਾਵਾ ਉਨ੍ਹਾਂ ਦੀਆਂ ਘਰਵਾਲੀਆਂ, ਧੀਆਂ ਤੇ ਹੋਰ ਪਰਿਵਾਰਕ ਮੈਂਬਰ ਸੁਆਣੀਆਂ ਨਾਲ ਰੋਟੀਆਂ ਲਾਹੁਣ ਤੱਕ ਜਾਂਦੀਆਂ ਹਨ। ਉਮੀਦਵਾਰ ਤਾਂ ਪ੍ਰਚਾਰ ਦੌਰਾਨ ਦੁਪਹਿਰ ਤੇ ਰਾਤ ਦੀ ਰੋਟੀ ਵੀ ਕਿਸੇ ਪਾਰਟੀ ਹਮਾਇਤੀਆਂ ਜਾਂ ਵੋਟਰ ਦੇ ਘਰ ਖਾਣ ਬੈਠ ਜਾਂਦੇ ਹਨ। ਖਾਸ ਪਿੰਡਾਂ ’ਚ ਚੋਣ ਪ੍ਰਚਾਰ ਸਮੇਂ ਰਸੋਈ ’ਚ ਪੀੜ੍ਹੀ ’ਤੇ ਬੈਠ ਕੇ ਪ੍ਰਸ਼ਾਦਾ ਛਕਦੇ ਦੀਆਂ ਫੋਟੋਆਂ ਖਿਚਵਾਈਆਂ ਜਾਂਦੀਆਂ ਹਨ।
ਮਰਹੂਮ ਲੋਕ ਗਾਇਕਾ ਨਰਿੰਦਰ ਬੀਬਾ ਦੇ ਜਵਾਈ ਭਾਜਪਾ ਉਮੀਦਵਾਰ ਕੰਵਰ ਨਰਿੰਦਰ ਸਿੰਘ ਅਕਸਰ ਹੀ ਅਜਿਹਾ ਕਰਦੇ ਹਨ। ਤਹਿਸੀਲਦਾਰ ਦੇ ਅਹੁਦੇ ਤੋਂ ਸੇਵਾਮੁਕਤ ਇਹ ਉਮੀਦਵਾਰ ਆਪਣੇ ਇਸ ਅੰਦਾਜ਼ ਨਾਲ ਲੋਕਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਧਰ, ਬੇਟ ਇਲਾਕੇ ਦੇ ਦੌਰੇ ’ਤੇ ਨਿੱਕਲੇ ਦਾਖਾ ਤੋਂ ਅਕਾਲੀ ਉਮੀਦਵਾਰ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਜਦੋਂ ਮਲਸੀਹਾਂ ਤੇ ਕੀੜੀ ਭਮਾਲ ਪਿੰਡਾਂ ’ਚ ਪਹੁੰਚੇ ਤਾਂ ਚੋਣ ਜਲਸੇ ’ਚ ਸ਼ਾਮਲ ਲੋਕਾਂ ਲਈ ਤਵੀ ’ਤੇ ਰੋਟੀਆਂ ਲਾਹ ਰਹੀਆਂ ਬੀਬੀਆਂ ਕੋਲ ਜਾ ਬੈਠੇ। ਉਨ੍ਹਾਂ ਕੁਝ ਸਮਾਂ ਉਥੇ ਬੈਠ ਕੇ ਰੋਟੀਆਂ ਲਾਹ ਰਹੀਆਂ ਔਰਤਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦਾ ਹਾਲਚਾਲ ਜਾਣਿਆ।
ਵਿਦੇਸ਼ਾਂ ਤੋਂ ਪਹੁੰਚੇ ਉਮੀਦਵਾਰਾਂ ਦੇ ਧੀਆਂ-ਪੁੱਤ ਤੇ ਹਮਾਇਤੀ
ਚੋਣ ਪ੍ਰਚਾਰ ਹੁਣ ਇਕੱਲੇ ਉਮੀਦਵਾਰ ਨਹੀਂ ਬਲਕਿ ਉਸ ਦਾ ਸਾਰਾ ਟੱਬਰ ਹੀ ਲਗਦਾ ਹੈ। ਜਗਰਾਉਂ ਹਲਕੇ ਤੋਂ ਖੜ੍ਹੇ ਉਮੀਦਵਾਰਾਂ ਦੇ ਸਕੇ-ਸਬੰਧੀ ਵੀ ਵਿਦੇਸ਼ਾਂ ਤੋਂ ਚੋਣ ਪ੍ਰਚਾਰ ਲਈ ਪਹੁੰਚੇ ਹੋਏ ਹਨ। ਭਾਜਪਾ ਦੇ ਉਮੀਦਵਾਰ ਕੰਵਰ ਨਰਿੰਦਰ ਸਿੰਘ ਦਾ ਫਰਜ਼ੰਦ ਕੰਵਰ ਇਕਬਾਲ ਸਿੰਘ ਤੇ ਨੂੰਹ ਸ਼ਿਖਾ ਸੰਧੂ ਕੈਨੇਡਾ ਤੋਂ ਵਿਸ਼ੇਸ਼ ਤੌਰ ’ਤੇ ਚੋਣ ਪ੍ਰਚਾਰ ਲਈ ਪਹੁੰਚੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਲੋਕ ਬਦਲਾਅ ਚਾਹੁੰਦੇ ਹਨ ਜੋ ਭਾਜਪਾ ਦੇ ਸਕਦੀ ਹੈ ਅਤੇ ਕੇਂਦਰ ’ਚ ਭਾਜਪਾ ਸਰਕਾਰ ਹੋਣ ਕਰ ਕੇ ਇਹੋ ਪੰਜਾਬ ਦਾ ਬਹੁਪੱਖੀ ਵਿਕਾਸ ਕਰ ਸਕਦੀ ਹੈ। ‘ਆਪ’ ਉਮੀਦਵਾਰ ਦੀ ਹਮਾਇਤ ਲਈ ਕੁਲਵਿੰਦਰ ਸਿੰਘ ਕਾਲਾ ਵੀ ਵਿਦੇਸ਼ ਤੋਂ ਇਸੇ ਹਫ਼ਤੇ ਪਹੁੰਚੇ ਹਨ। ਇਸੇ ਤਰ੍ਹਾਂ ਸਾਬਕਾ ਅਕਾਲੀ ਵਿਧਾਇਕ ਐੱਸਆਰ ਕਲੇਰ ਦੀ ਪਤਨੀ ਰਣਵੀਰ ਕੌਰ ਇੰਗਲੈਂਡ ਤੋਂ ਆ ਕੇ ਡੋਟ-ਟੂ-ਡੋਰ ਪ੍ਰਚਾਰ ’ਚ ਲੱਗ ਗਏ ਹਨ। ਕਾਂਗਰਸੀ ਉਮੀਦਵਾਰ ਦੀ ਹਮਾਇਤ ਕਰਨ ਲਈ ਜਗਤਾਰ ਸਿੰਘ ਸਿੱਧੂ ਅਲੀਗੜ੍ਹ ਕੈਨੇਡਾ ਤੋਂ ਆ ਕੇ ਡਟ ਗਏ ਹਨ। ਵਿਦੇਸ਼ ਤੋਂ ਆਏ ਸਮਰਥਕ ਵੀ ਸਥਾਨਕ ਵਰਕਰਾਂ ਵਾਂਗ ਹੀ ਪ੍ਰਚਾਰ ਵਿਚ ਡਟ ਗਏ ਹਨ। ਉਹ ਵੀ ਲੋਕਾਂ ਦੇ ਘਰਾਂ ਵਿਚ ਜਾ ਕੇ ਆਪਣੇ ਹਮਾਇਤੀਆਂ ਦਾ ਚੋਣ ਪ੍ਰਚਾਰ ਕਰ ਰਹੇ ਹਨ।