ਸਤਪਾਲ ਰਾਮਗੜੀਆ
ਪਿਹੋਵਾ, 22 ਜੂਨ
ਗੁਰਦੁਆਰਾ ਗੁਰੂ ਸਿੰਘ ਸਭਾ ਕੁਰੂਕਸ਼ੇਤਰ ਰੋਡ ਪਿਹੋਵਾ ਵਿਖੇ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਮਤਿ ਸੰਗੀਤ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਵੱਖ-ਵੱਖ ਸੰਸਥਾਵਾਂ ਦੇ ਬੱਚਿਆਂ ਨੇ ਹਿੱਸਾ ਲਿਆ। ਸ੍ਰੀ ਗੁਰੂ ਸਿੰਘ ਸਭਾ ਕੁਰੂਕਸ਼ੇਤਰ ਰੋਡ ਪਿਹੋਵਾ ਦੇ ਸਕੱਤਰ ਪ੍ਰੀਤਮ ਸਿੰਘ ਮੱਲ੍ਹੀ ਨੇ ਦੱਸਿਆ ਕਿ ਇਹ ਮੁਕਾਬਲੇ ਗਰੁੱਪ ਏ ਜਿਸ ਵਿਚ 15 ਸਾਲ ਤੋਂ ਘੱਟ ਉਮਰ ਵਰਗ ਅਤੇ ਗਰੁੱਪ ਬੀ ਜਿਸ ਵਿਚ 15 ਸਾਲ ਤੋਂ ਵੱਧ ਉਮਰ ਵਰਗ ਦੇ ਬੱਚਿਆਂ ਦੀਆਂ ਟੀਮਾਂ ਦਰਮਿਆਨ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ’ਚ ਗੁ: ਗੁਰੂ ਸਿੰਘ ਸਭਾ ਕੁਰੂਕਸ਼ੇਤਰ ਰੋਡ ਪਿਹੋਵਾ, ਸ੍ਰੀ ਗੁਰੂ ਅਮਰਦਾਸ ਸੰਗੀਤ ਵਿਦਿਆਲਾ ਗਊਸ਼ਾਲਾ ਰੋਡ ਪਿਹੋਵਾ, ਗੁ: ਗੁਰੂ ਸਿੰਘ ਸਭਾ ਇਸਮਾਇਲਾਬਾਦ, ਗੁ: ਕਲਗੀਧਰ ਭੌਰ ਸਯਦਾਂ ਆਦਿ ਦੇ 21 ਬੱਚਿਆਂ ਨੇ ਹਿੱਸਾ ਲਿਆ। ਜੋਗਿੰਦਰ ਸਿੰਘ ਬੇਦੀ ਨੇ ਦੱਸਿਆ ਕਿ ਪਿਛਲੇ ਕਰੀਬ ਡੇਢ ਮਹੀਨੇ ਤੋਂ ਗੁਰੂ ਸਿੰਘ ਸਭਾ ਕੁਰੂਕਸ਼ੇਤਰ ਰੋਡ ਪਿਹੋਵਾ ਵਿਖੇ ਸੰਗੀਤ ਦੇ ਨਾਲ ਨਾਲ ਗੁਰਬਾਣੀ ਵਿਆਕਰਣ ਅਤੇ ਗੁਰਬਾਣੀ ਉਚਾਰਨ ਬਾਰੇ ਵੀ ਰੋਜ਼ਾਨਾ 3 ਘੰਟੇ ਕਲਾਸਾਂ ਭਾਈ ਸਤਵਿੰਦਰ ਸਿੰਘ ਸਿੱਖ ਮਿਸ਼ਨਰੀ ਕਾਲਜ ਭੌਰ ਸੈਯਦਾਂ ਵੱਲੋਂ ਲਾਈਆਂ ਜਾ ਰਹੀਆਂ ਹਨ। ਗਰੁੱਪ ਏ ’ਚ ਅਭਿਜੀਤ ਕੌਰ ਪਹਿਲੇ, ਖੁਸ਼ਦੀਪ ਕੌਰ ਦੂਜੇ ਅਤੇ ਤੀਜੇ ਸਥਾਨ ਲਈ ਜਸਮੀਤ ਕੌਰ ਤੇ ਗੁਰਇਕਬਾਲ ਨੂੰ ਐਲਾਨਿਆ ਗਿਆ। ਗਰੁੱਪ ਬੀ ’ਚ ਪਹਿਲੇ ਸਥਾਨ ’ਤੇ ਅਰਪਨ ਜੋਤ ਕੌਰ, ਦੂਜਾ ਸਮਨਦੀਪ ਕੌਰ ਅਤੇ ਤੀਜਾ ਸਥਾਨ ਲਈ ਸਿਮਰ ਕੌਰ ਅਤੇ ਜੁਗਲ ਪ੍ਰੀਤ ਕੌਰ ਨੂੰ ਐਲਾਨਿਆ ਗਿਆ। ਸਮਾਜਸੇਵੀ ਵਿਸ਼ਾਲ ਚਾਵਲਾ ਨੇ ਹਿੱਸਾ ਲੈਣ ਵਾਲੇ ਬੱਚਿਆਂ ਦੀ ਹੌਸਲਾ ਅਫਜ਼ਾਈ ਕੀਤੀ। ਸਿੱਖ ਮਿਸ਼ਨਰੀ ਕਾਲਜ ਭੌਰ ਸੈਯਦਾਂ ਦੇ ਪ੍ਰਿੰਸੀਪਲ ਅਮਰਜੀਤ ਸਿੰਘ ਨੇ ਬੱਚਿਆਂ ਨੂੰ ਸੰਗੀਤ ਦੀਆਂ ਬਾਰੀਕੀਆਂ ਤੋਂ ਜਾਣੂ ਕਰਵਾਇਆ।