ਐੱਨਪੀ ਧਵਨ
ਪਠਾਨਕੋਟ, 23 ਮਾਰਚ
ਪਠਾਨਕੋਟ-ਅੰਮ੍ਰਿਤਸਰ ਨੈਸ਼ਨਲ ਹਾਈਵੇਅ ’ਤੇ ਪੈਂਦੇ ਲਦਪਾਲਵਾਂ ਟੌਲ ਪਲਾਜ਼ਾ ’ਤੇ ਕੇਂਦਰ ਸਰਕਾਰ ਦੇ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਧਰਨੇ ’ਤੇ ਬੈਠੇ ਕਿਸਾਨਾਂ ਵੱਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ। ਇਸ ਮੌਕੇ ਲੋਕ ਕਲਾ ਮੰਚ ਮੁੱਲਾਂਪੁਰ (ਲੁਧਿਆਣਾ) ਦੀ ਨਾਟਕ ਟੀਮ ਨੇ ਸ਼ਹੀਦ ਭਗਤ ਸਿੰਘ ਦੀ ਜੀਵਨੀ ਉਪਰ ਨਾਟਕ ਖੇਡਿਆ। ਇਸ ਮੌਕੇ ਬੁਲਾਰਿਆਂ ਨੇ ਕੇਂਦਰ ਸਰਕਾਰ ਨੂੰ ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਚਿਤਾਵਨੀ ਦਿੱਤੀ ਅਤੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਭਗਤ ਸਿੰਘ ਦੀ ਤਰ੍ਹਾਂ ਬਲੀਦਾਨ ਦੇਣਾ ਪਿਆ ਤਾਂ ਪੰਜਾਬ ਦਾ ਇੱਕ-ਇੱਕ ਨੌਜਵਾਨ ਇੰਨ੍ਹਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਬਲੀਦਾਨ ਦੇਣ ਤੋਂ ਪਿੱਛੇ ਨਹੀਂ ਹਟੇਗਾ।
ਹੁਸ਼ਿਆਰਪੁਰ (ਹਰਪ੍ਰੀਤ ਕੌਰ): ਲਾਚੋਵਾਲ ਟੌਲ ਪਲਾਜ਼ਾ ’ਤੇ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਜਾ ਰਹੇ ਧਰਨੇ ਦੇ ਅੱਜ 174ਵੇਂ ਦਿਨ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਨ ਮਨਾਇਆ ਗਿਆ। ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਦੌਰਾਨ 28 ਮਾਰਚ ਨੂੰ ਖੇਤੀ ਵਿਰੋਧੀ ਕਾਨੂੰਨਾਂ ਦੀਆਂ ਕਾਪੀਆਂ ਸਾੜਣ ਦਾ ਫ਼ੈਸਲਾ ਲਿਆ ਗਿਆ। ਇਸੇ ਦੌਰਾਨ ਕੰਢੀ ਕਿਸਾਨ ਯੂਨੀਅਨ ਵਲੋਂ ਨੰਗਲ ਸ਼ਹੀਦਾਂ ਮੋਰਚੇ ’ਤੇ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਨ ਮਨਾਇਆ ਗਿਆ। ਇਸੇ ਦੌਰਾਨ ਜ਼ਿਲ੍ਹਾ ਭਾਜਪਾ ਸਪੋਰਟਸ ਸੈੱਲ ਵੱਲੋਂ ਜ਼ਿਲ੍ਹਾ ਪ੍ਰਧਾਨ ਮੋਹਿਤ ਸੰਧੂ ਦੀ ਅਗਵਾਈ ਹੇਠ ਸ਼ਹੀਦ ਭਗਤ ਸਿੰਘ, ਰਾਜ ਗੁਰੂ ਤੇ ਸੁਖਦੇਵ ਨੂੰ ਉਨ੍ਹਾਂ ਦੇ ਸ਼ਹੀਦੀ ਦਿਵਸ ’ਤੇ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਸਬੰਧੀ ਸ਼ਿਵ ਮੰਦਰ ਬੰਸੀ ਨਗਰ ਵਿੱਚ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਦੋ ਮਿੰਟ ਦਾ ਮੋਨ ਰੱਖ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।ਇਸੇ ਦੌਰਾਨ ਆਜ਼ਾਦ ਕਿਸਾਨ ਕਮੇਟੀ ਦੋਆਬਾ ਵੱਲੋਂ ਸੁਤਹਿਰੀ ਰੋਡ ’ਤੇ ਰਿਲਾਇੰਸ ਸ਼ੋਅਰੂਮ ਅੱਗੇ ਦਿੱਤੇ ਜਾ ਰਹੇ ਧਰਨੇ ਦੌਰਾਨ ਅੱਜ 164ਵੇਂ ਦਿਨ ਮੀਤ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਤੇ ਹੋਰ ਕਿਸਾਨ ਆਗੂਆਂ ਨੇ ਸ਼ਹੀਦ ਭਗਤ ਸਿੰਘ ਨੂੰ ਸ਼ਹੀਦੀ ਦਿਵਸ ’ਤੇ ਸ਼ਰਧਾਂਜਲੀ ਭੇਟ ਕੀਤੀ।
ਚੇਤਨਪੁਰਾ (ਪੱਤਰ ਪ੍ਰੇਰਕ): ਇੱਥ ਅੱਜ ਖੰਡ ਮਿੱਲ ਭਲਾ ਪਿੰਡ ਵਿੱਚ ਪੰਜਾਬ ਖੰਡ ਮਿੱਲ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਸਤਿੰਦਰਜੀਤ ਸਿੰਘ ਮਜੀਠਾ ਅਤੇ ਪੰਜਾਬ ਜਨਰਲ ਸਕੱਤਰ ਪਲਵਿੰਦਰ ਸਿੰਘ ਸੰਗਤਪੁਰਾ ਦੀ ਅਗਵਾਈ ਹੇਠ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ। ਇਸ ਮੌਕੇ ਸਮੂਹ ਮੁਲਾਜ਼ਮਾਂ ਤੇ ਵਰਕਰਾਂ ਵੱਲੋਂ ਦੋ ਮਿੰਟ ਦਾ ਮੌਨ ਧਾਰਨ ਕਰਕੇ ਦੇਸ਼ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਪਲਵਿੰਦਰ ਸਿੰਘ ਸੰਗਤਪੁਰਾ ਨੇ ਕਿਹਾ ਕਿ ਇਸ ਸ਼ਹੀਦੀ ਦਿਹਾੜੇ ਤੇ ਜਿੱਥੇ ਉਹ ਦੇਸ਼ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰ ਰਹੇ ਹਨ, ਉੱਥੇ ਹੀ ਉਹ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਵਿਰੋਧੀ ਤਿੰਨ ਕਾਲੇ ਕਾਨੂੰਨਾਂ ਦੀ ਭੇਟ ਚੜ੍ਹ ਕੇ ਸ਼ਹੀਦ ਹੋਏ ਕਿਸਾਨਾਂ ਦੇ ਜਜ਼ਬੇ ਨੂੰ ਵੀ ਸਲਾਮ ਕਰਦੇ ਹਨ।
ਫਗਵਾੜਾ (ਪੱਤਰ ਪ੍ਰੇਰਕ): ਸ਼ਹੀਦੇ ਆਜ਼ਮ ਸ.ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ’ਤੇ ਫਗਵਾੜਾ ਕਾਂਗਰਸ ਵੱਲੋਂ ਸ਼ਰਧਾਂਜਲੀ ਸਮਾਗਮ ਬਲਾਕ ਕਾਂਗਰਸ ਦੇ ਪ੍ਰਧਾਨ ਸੰਜੀਵ ਬੁੱਗਾ ਦੀ ਅਗਵਾਈ ’ਚ ਸਿਟੀ ਕਲੱਬ ਵਿੱੱਚ ਕੀਤਾ ਗਿਆ। ਇਸ ਮੌਕੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਸ਼ਾਮਲ ਹੋਏ।
ਸ਼ਾਹਕੋਟ (ਪੱਤਰ ਪ੍ਰੇਰਕ): ਬਲਾਕ ਸ਼ਾਹਕੋਟ ਦੇ ਪਿੰਡ ਰੇੜ੍ਹਵਾਂ ਅਤੇ ਨਿਰਮਲ ਕੁਟੀਆ ਲੋਹੀਆਂ ਖਾਸ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕੌਮੀ ਮੁਕਤੀ ਲਹਿਰ ਦੇ ਮਹਾਨ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਵਸ ਮਨਾਇਆ। ਇਨ੍ਹਾਂ ਸਥਾਨਾਂ ’ਤੇ ਹੋਏ ਸ਼ਹੀਦੀ ਸਮਾਗਮਾਂ ਦੀ ਪ੍ਰਧਾਨਗੀ ਸਲਵਿੰਦਰ ਸਿੰਘ ਜਾਣੀਆਂ, ਗੁਰਮੇਲ ਸਿੰਘ ਰੇੜ੍ਹਵਾਂ,ਜਰਨੈਲ ਸਿੰਘ ਰਾਂਮੇ ਅਤੇ ਹਰਪ੍ਰੀਤ ਸਿੰਘ ਕੋਟਲੀ ਨੇ ਕੀਤੀ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਨੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕਰਦੇ ਕਿਹਾ ਕਿ ਸ਼ਹੀਦਾਂ ਦੇ ਸੁਪਨੇ ਸਾਕਾਰ ਕਰਨ ਲਈ ਹੀ ਕਿਸਾਨੀ ਅੰਦੋਲਨ ਲੜਿਆ ਜਾ ਰਿਹਾ ਹੈ। ਸੰਤਰਸ਼ ਨੂੰ ਜਿੱਤ ਤੱਕ ਪਹੁੰਚਾਉਣ ਤੋਂ ਬਾਅਦ ਹੀ ਸੰਘਰਸ਼ ਖਤਮ ਕੀਤਾ ਜਾਵੇਗਾ। ਸੂਬਾ ਵਿੱਤ ਸਕੱਤਰ ਗੁਰਲਾਲ ਸਿੰਘ ਪੰਡੋਰੀ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਮੁਲਕ ਨੂੰ ਪੂੰਜੀਪਤੀਆਂ ਦੇ ਹੱਥਾਂ ’ਚ ਵੇਚਣ ਦੇ ਸੁਪਨੇ ਪੂਰੇ ਨਹੀਂ ਹੋਣ ਦਿੱਤੇ ਜਾਣਗੇ। ਜਥੇਬੰਦੀ ਨੂੰ ਹੋਰ ਮਜਬੂਤ ਕਰਨ ਲਈ ਬਣਾਏ ਲੋਹੀਆਂ ਖਾਸ ਜ਼ੋਨ ਦਾ ਸਲਵਿੰਦਰ ਸਿੰਘ ਜਾਣੀਆਂ ਨੂੰ,ਸ਼ਹੀਦ ਊਧਮ ਸਿੰਘ ਜ਼ੋਨ ਦਾ ਸਤਨਾਮ ਸਿੰਘ ਰਾਈਵਾਲ ਨੂੰ ਅਤੇ ਸ਼ਹੀਦ ਸੰਦੀਪ ਕੁਮਾਰ ਜ਼ੋਨ ਦਾ ਨਿਰਮਲ ਸਿੰਧਘ ਢੰਡੋਵਾਲ ਨੂੰ ਪ੍ਰਧਾਨ ਬਣਾਇਆ ਗਿਆ। ਸੰਯੁਕਤ ਕਿਸਾਨ ਮੋਰਚੇ ਵੱਲੋਂ 26 ਮਾਰਚ ਨੂੰ ਭਾਰਤ ਬੰਦ ਦੇ ਦਿੱਤੇ ਸੱਦੇ ਨੂੰ ਸਫਲ ਬਣਾਉਣ ਲਈ ਲੋਹੀਆਂ ਖਾਸ ਦੇ ਟੀ ਪੁਆਇੰਟ ’ਤੇ ਅਤੇ ਸ਼ਾਹਕੋਟ-ਮਲਸੀਆਂ ਦੇ ਰੇਲਵੇ ਫਾਟਕ ਉੱਪਰੋਂ ਜਾਂਦੇ ਰਾਸ਼ਟਰੀ ਹਾਈਵੇ ਨੂੰ ਜਾਮ ਕਰਕੇ ਆਵਾਜਾਈ ਠੱਪ ਕਰਨ ਦਾ ਫੈਸਲਾ ਕੀਤਾ ਗਿਆ।
ਸ਼ਹੀਦ-ਏ-ਆਜ਼ਮ ਨੂੰ ਸਮਰਪਿਤ ਵਿਸ਼ੇਸ਼ ਗੈਲਰੀ ਸਥਾਪਿਤ
ਨਵਾਂ ਸ਼ਹਿਰ (ਲਾਜਵੰਤ ਸਿੰਘ): ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਐੱਸਐੱਸਪੀ ਦਫ਼ਤਰ ਵਿੱਚ ਸ਼ਹੀਦਾਂ ਨੂੰ ਸਮਰਪਿਤ ਗੈਲਰੀ ਦਾ ਸ਼ੁੱਭ ਅਰੰਭ ਅੱਜ ਐੱਸਐੱਸਪੀ ਅਲਕਾ ਮੀਨਾ ਵੱਲੋਂ ਕੀਤਾ ਗਿਆ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬੀ-ਬਲਾਕ ਵਿਚ ਬਣੇ ਨਵੇਂ ਐੱਸਐੱਸਪੀ ਦਫ਼ਤਰ ਵਿੱਚ ਇਹ ਗੈਲਰੀ ਸਥਾਪਿਤ ਕੀਤੀ ਗਈ ਹੈ। ਇਸ ਮੌਕੇ ਐੱਸਐੱਸਪੀ ਅਲਕਾ ਮੀਨਾ ਨੇ ਜ਼ਿਲ੍ਹੇ ਦੇ ਸਮੂਹ ਪੁਲੀਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਸ਼ਹੀਦਾਂ ਦੇ ਪੂਰਨਿਆਂ ’ਤੇ ਚੱਲਣ ਅਤੇ ਉਨ੍ਹਾਂ ਦੇ ਸੁਪਨਿਆਂ ਦਾ ਸਮਾਜ ਸਿਰਜਣ ਵਿਚ ਆਪਣਾ ਯੋਗਦਾਨ ਪਾਉਣ ਦੀ ਤਾਕੀਦ ਕੀਤੀ।
ਪਿੰਗਲਵਾੜਾ ਮਾਨਾਂਵਾਲਾ ਬ੍ਰਾਂਚ ਵਿੱਚ ਬੇਕਰੀ ਯੂਨਿਟ ਦਾ ਉਦਘਾਟਨ
ਜੰਡਿਆਲਾ ਗੁਰੂ (ਪੱਤਰ ਪ੍ਰੇਰਕ): ਅੱਜ ਇੱਥੋਂ ਨੇੜੇ ਮਾਨਾਂਵਾਲਾ ਸਥਿਤ ਆਲ ਇੰਡੀਆ ਪਿੰਗਲਾਵਾੜਾ ਚੈਰੀਟੇਬਲ ਸੋਸਾਇਟੀ ਅੰਮ੍ਰਿਤਸਰ ਦੀ ਬ੍ਰਾਂਚ ਵਿਖੇ ਮਰੀਜ਼ਾਂ ਨੂੰ ਬੇਕਰੀ ਨਾਲ ਸਬੰਧਤ ਖਾਣ ਪੀਣ ਦੀਆਂ ਚੀਜ਼ਾਂ ਪੋਸ਼ਟਿਕ ਅਤੇ ਸਾਫ ਸੁਥਰੀਆਂ ਮੁਹਈਆ ਕਰਵਾਉਣ ਦੇ ਮੰਤਵ ਨਾਲ ਬੇਕਰੀ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਸਭ ਤੋਂ ਪਹਿਲਾਂ ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ ਅਤੇ ਸੁਖਦੇਵ ਨੂੰ ਉਨ੍ਹਾਂ ਦੇ ਸ਼ਹੀਦੀ ਦਿਨ ਮੌਕੇ ਸਰਧਾਂਜ਼ਲੀ ਭੇਟ ਕੀਤੀ ਗਈ।ਬੇਕਰੀ ਯੁਨਿਟ ਦਾ ਉਦਘਾਟਨ ਆਰਟਿਸਟ ਪਰਮਜੀਤ ਕੌਰ ਵੱਲੋਂ ਕੀਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਮੁੱਖੀ ਡਾ: ਇੰਦਰਜੀਤ ਕੌਰ ਨੇ ਦੱਸਿਆ ਕਿ ਨਵੀਂ ਲੱਗੀ ਬੇਕਰੀ ਵਿੱਚ ਪਿੰਗਲਵਾੜਾ ਸੰਸਥਾ ਦੇ ਹੀ ਸਪਾਇਨਲ ਇੰਜਰੀ ਤੋਂ ਪੀੜਤ ਮਰੀਜ਼ਾਂ ਨੂੰ ਲਵਲੀ ਪ੍ਰਫੈਸ਼ਨਲ ਯੂਨੀਵਰਸਿਟੀ ਜਲੰਧਰ ਤੋਂ ਬੇਕਰੀ ਉਤਪਾਦ ਤਿਆਰ ਕਰਨ ਦਾ ਕੋਰਸ ਕਰਕੇ ਵਧੀਆ ਤਿਆਰ ਹੋਏ ਕਾਰੀਗਰ ਸੰਸਥਾ ਅੰਦਰ ਮਰੀਜ਼ਾਂ ਦੀਆਂ ਬੇਕਰੀ ਨਾਲ ਸਬੰਧਿਤ ਖਾਣ ਪੀਣ ਦੀਆਂ ਚੀਜ਼ਾਂ ਇਹ ਖੁਦ ਤਿਆਰ ਕਰਨਗੇ। ਉਦਘਾਟਨ ਮੌਕੇ ਪਰਮਜੀਤ ਕੌਰ ਵੱਲੋਂ ਆਪਣੇ ਹੱਥੀਂ ਭਗਤ ਪੂਰਨ ਸਿੰਘ ਜੀ ਦੀ ਥਰੈੱਡ ਵਰਕ ਨਾਲ ਬਣਾਈ ਗਈ ਕਲਾ ਕ੍ਰਿਤੀ ਡਾ: ਇੰਦਰਜੀਤ ਕੌਰ ਨੂੰ ਭੇਂਟ ਕੀਤੀ ਗਈ।ਪਰਮਜੀਤ ਕੌਰ ਵੱਲੋਂ ਲੋਕਾਈ ਦੀ ਭਲਾਈ ਕਰਨ ਵਾਲੀ ਪਿੰਗਲਵਾੜਾ ਸੰਸਥਾ ਦੀ ਸ਼ਲਾਘਾ ਕੀਤੀ ਗਈ।
ਕੈਂਪ ਵਿੱਚ 41 ਨੌਜਵਾਨਾਂ ਵੱਲੋਂ ਖੂਨ ਦਾਨ
ਭੁਲੱਥ (ਪੱਤਰ ਪ੍ਰੇਰਕ): ਲਾਇਨਜ਼ ਕਲੱਬ ਬੇਗੋਵਾਲ ਰਾਇਲ ਬੰਦਗੀ ਵੱਲੋਂ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ ’ਤੇ ਸਾਂਝ ਕੇਦਰ ਭੁਲੱਥ ਦੇ ਸਹਿਯੋਗ ਨਾਲ ਪ੍ਰਧਾਨ ਰਛਪਾਲ ਸਿੰਘ ਬੱਚਾਜੀਵੀ ਦੀ ਅਗਵਾਈ ਹੇਠ ਖੂਨ ਦਾਨ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਕਲੱਬ ਦੇ ਜ਼ਿਲ੍ਹਾ ਗਵਰਨਰ-1 ਲਾਈਨ ਜੀਐਸ ਸੇਠੀ, ਗਵਰਨਰ-2 ਦਵਿੰਦਰਪਾਲ ਅਰੋੜਾ ਅਤੇ ਐੱਸਪੀ (ਐਚ) ਕਪੂਰਥਲਾ ਜਸਬੀਰ ਸਿੰਘ ਨੇ ਕੀਤਾ। ਇਸ ਮੌਕੇ ਸਿਵਲ ਹਸਪਤਾਲ ਕਪੂਰਥਲਾ ਦੇ ਬਲੱਡ ਦੇ ਮੁਖੀ ਡਾ. ਜਸਵਿੰਦਰ ਪਾਲ ਸ਼ਰਮਾ ਤੇ ਡਾ. ਸਿਮਰਨ ਦੀ ਅਗਵਾਈ ਹੇਠ ਟੀਮ ਵੱਲੋਂ 41 ਯੂਨਿਟ ਖੂਨ ਇਕੱਠਾ ਕੀਤਾ ਗਿਆ।
ਪਿੰਡਾਂ ਤੋਂ 3000 ਹਜ਼ਾਰ ਤੋਂ ਵੱਧ ਕਿਸਾਨ ਖਟਕੜ ਕਲਾਂ ਪਹੁੰਚੇ
ਆਦਮਪੁਰ ਦੋਆਬਾ (ਹਤਿੰਦਰ ਮਹਿਤਾ): ਨੌਜਵਾਨ ਸੰਘਰਸ਼ ਜੱਥਾ ਪੰਜਾਬ ਦੀ ਅਗਵਾਈ ਹੇਠ ਅੱਜ ਵੱਖ ਵੱਖ ਪਿੰਡਾਂ ਤੋਂ ਜੱਥਿਆਂ ਦੇ ਰੂਪ ਵਿਚ 3000 ਤੋਂ ਵੱਧ ਕਿਸਾਨ ਟਰੈਕਟਰ ਟਰਾਲੀਆਂ, ਕਾਰਾਂ, ਜੀਪਾਂ ਮੋਟਰਸਾਈਕਲ ਅਤੇ ਹੋਰ ਸਾਧਨਾਂ ਰਾਹੀਂ ਖਟਕੜ ਕਲਾਂ ਗਏ। ਜਿਥੇ ਉਨ੍ਹਾਂ ਨੇ ਕਿਸਾਨ ਵਿਰੋਧੀ ਕਾਲੇ ਬਿਲਾਂ ਪ੍ਰਤੀ ਵਿਰੋਧ ਪਗ੍ਰਟ ਕੀਤਾ। ਅੱਜ ਸਵੇਰੇ ਨਹਿਰ ਵਾਲੇ ਪੁਲ ਅਤੇ ਦਾਣਾ ਮੰਡੀ ਆਦਮਪੁਰ ਵਿਚ ਪਿੰਡਾਂ ਤੋਂ ਆਏ ਕਿਸਾਨ ਇੱਕਠੇ ਹੋਏ ਤੇ ਜੱਥਿਆਂ ਦੇ ਰੂਪ ਵਿਚ ਉਹ ਕੇਂਦਰ ਸਰਕਾਰ ਵਿਰੋਧੀ ਨਾਅਰੇ ਲਗਾਉਂਦੇ ਹੋਏ ਖਟਕੜ ਕਲਾਂ ਲਈ ਰਵਾਨਾ ਹੋਏ।