ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 8 ਜਨਵਰੀ
ਪਟਿਆਲਾ ਤੋਂ ਪਹੇਵਾ ਨੂੰ ਜਾਂਦੇ ਰਾਜ ਮਾਰਗ, ਜਿਸ ਦਾ ਕੰਮ ਪਿੰਡ ਮੀਰਾਂਪੁਰ ਤੋਂ ਹਰਿਆਣਾ ਬਾਰਡਰ ਤੱਕ ਹੋਣ ਲਈ ਰਹਿੰਦਾ ਸੀ, ਨੂੰ ਅੱਜ ਹਲਕਾ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਾਨ ਦੇ ਯਤਨਾ ਸਦਕਾ ਮੀਰਾਂਪੁਰ ਤੋਂ ਸ਼ੁਰੂ ਕਰਵਾਇਆ ਗਿਆ। ਇਸ ਮੌਕੇ ਹੈਰੀਮਾਨ ਨੇ ਦੱਸਿਆ ਕਿ ਇਸ ਸੜਕ ਉਪਰ 27 ਕਰੋੜ 65 ਲੱਖ ਰੁਪਏ ਖਰਚ ਹੋਣਗੇ ਅਤੇ ਇਸ ਸੜਕ ਨੂੰ 23 ਫੁੱਟ ਤੋਂ 33 ਫੁੱਟ ਤੱਕ ਚੌੜ੍ਹਾ ਕੀਤਾ ਜਾਵੇਗਾ। ਇਸ ਸੜਕ ਨੂੰ ਬਣਾਉਣ ਦਾ ਕੰਮ ਲੋਕ ਨਿਰਮਾਣ ਵਿਭਾਗ ਕਰੇਗਾ ਅਤੇ 16 ਮਹੀਨਿਆਂ ਵਿੱਚ ਮੁਕੰਮਲ ਕੀਤਾ ਜਾਵੇਗਾ। ਇਸ ਦੌਰਾਨ ਅੱਜ ਹੈਰੀਮਾਨ ਨੇ ਦੁਧਨਸਾਧਾਂ ਕਾਂਗਰਸ ਦੇ ਦਫਤਰ ਵਿੱਚ 24 ਪੰਚਾਇਤਾਂ ਨੂੰ 50 ਲੱਖ ਦੇ ਚੈੱਕ ਵੰਡੇ। ਇਸ ਤੋਂ ਪਹਿਲਾਂ ਵੀ ਹੈਰੀਮਾਨ 4 ਕਰੋੜ ਦੇ ਚੈੱਕ 129 ਪੰਚਾਇਤਾਂ ਨੂੰ ਵੰਡ ਚੁੱਕੇ ਹਨ, ਜੋ ਕਿ ਪਿੰਡਾਂ ਦੇ ਵੱਖ-ਵੱਖ ਵਿਕਾਸ ਦੇ ਕੰਮਾਂ ਲਈ ਖਰਚੇ ਜਾਣਗੇ। ਇਸ ਮੌਕੇ ਹੈਰੀਮਾਨ ਨੇ ਕਿਹਾ ਕਿ ਪਿੰਡਾਂ ਦੇ ਵਿਕਾਸ ਲਈ ਵੱਡੀਆਂ ਗਰਾਂਟਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਯਤਨਾ ਸਦਕਾ ਦਿੱਤੀਆਂ ਗਈਆਂ ਹਨ। ਇਸੇ ਦੌਰਾਨ ਅੱਜ ਹੈਰੀਮਾਨ ਨੇ ਪਿੰਡ ਮੁਖਮੈਲਪੁਰ ਵਿੱਚ ਗਰੀਬ ਵਰਗ ਦੇ 41 ਪਰਿਵਾਰਾਂ ਨੂੰ 5-5 ਮਰਲੇ ਦੇ ਪਲਾਟ ਵੰਡੇ। ਇਸ ਮੌਕੇ ਜੋਗਿੰਦਰ ਸਿੰਘ ਕਾਕੜਾ, ਜੀਤ ਸਿੰਘ ਮੀਰਾਂਪੁਰ ਚੇਅਰਮੈਨ, ਦੇਬਣ ਹਾਜੀਪੁਰ, ਤਿਲਕ ਰਾਜ ਸ਼ਰਮਾ, ਰਮੇਸ਼ ਲਾਂਬਾ ਉਪ ਚੇਅਰਮੈਨ, ਰਿੰਕੂ ਮਿੱਤਲ, ਸੋਨੀ ਨਿਜ਼ਾਮਪੁਰ, ਹਰਬੀਰ ਸਿੰਘ ਥਿੰਦ ਪ੍ਰਧਾਨ, ਬਲਦੇਵ ਰਾਜ ਭੰਬੂਆਂ, ਸੁਖਦੇਵ ਸਿੰਘ ਮੀਰਾਂਪੁਰ, ਜੱਸਾ ਸਿੰਘ ਖੇੜੀ ਰਾਜੂ, ਸਤਿੰਦਰ ਸਿੰਘ ਸਰਪੰਚ ਤੋਂ ਇਲਾਵਾ ਮਹਿਕਮਾ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ ਮੌਜੂਦ ਸਨ।