ਇਕਬਾਲ ਸਿੰਘ ਸ਼ਾਂਤ
ਲੰਬੀ, 23 ਮਾਰਚ
ਮੰਡੀ ਕਿੱਲਿਆਂਵਾਲੀ ਦੀ ਦਾਣਾ ਮੰਡੀ ’ਚ ਬੀਤੀ ਰਾਤ ਝੁੱਗੀ ਬਸਤੀ ’ਚ ਵਸਦੇ ਪਰਿਵਾਰ ਦੇ ਜੁਆਕਾਂ ਦੀ ਲੜਾਈ ਨੇ ਹਿੰਸਕ ਰੂਪ ਧਾਰ ਲਿਆ ਤੇ ਇਸ ਝਗੜੇ ਵਿੱਚ ਇੱਕ ਔਰਤ ਦੀ ਮੌਤ ਹੋ ਗਈ। ਲੰਬੀ ਪੁਲੀਸ ਨੇ ਇਸ ਮਾਮਲੇ ਵਿੱਚ 5 ਜਣਿਆਂ ਨੂੰ ਨਾਮਜ਼ਦ ਕੀਤਾ ਹੈ ਤੇ ਇਨ੍ਹਾਂ ਸਮੇਤ ਦਰਜਨ ਹੋਰਨਾਂ ਖਿਲਾਫ਼ ਹੱਤਿਆ ਦਾ ਮੁਕੱਦਮਾ ਦਰਜ ਕੀਤਾ ਹੈ।
ਜਾਣਕਾਰੀ ਅਨੁਸਾਰ ਝੁੱਗੀ ਬਸਤੀ ਵਿੱਚ ਟੋਹਾਣਾ ਤੋਂ 11 ਸਾਲਾ ਲੜਕਾ ਮਹੀਪਾਲ ਰਿਸ਼ਤੇਦਾਰ ਰਾਜਕੁਮਾਰ ਨੂੰ ਮਿਲਣ ਆਇਆ ਸੀ। ਕੱਲ ਦੇਰ ਸ਼ਾਮ ਮਹੀਪਾਲ ਦੀ ਝੁੱਗੀ ਬਸਤੀ ’ਚ ਰਹਿੰਦੇ ਸਾਧੂ ਰਾਮ ਦੇ ਲੜਕੇ ਸੂਰਜ ਅਤੇ ਉਸਦੇ ਦੋਸਤ ਨਾਲ ਲੜਾਈ ਹੋ ਗਈ। ਸੂਰਜ ਅਤੇ ਰਾਕੇਸ਼ ਨੇ ਮਹੀਪਾਲ ਦੀ ਮਾਰਕੁੱਟ ਕੀਤੀ। ਇਸ ’ਤੇ ਮਹੀਪਾਲ ਨੇ ਟੋਹਾਣਾ ਵਿੱਚ ਉਸਦੇ ਪਿਤਾ ਜੀਵਨ ਨੂੰ ਫੋਨ ਕਰ ਦਿੱਤਾ। ਪੁੱਤ ਦੀ ਮਾਰ-ਕੁੱਟ ਤੋਂ ਭਖਿਆ ਉਸ ਦਾ ਪਿਤਾ ਜੀਜੇ ਦਲੀਪ, ਭਰਾ ਇਤਵਾਰੀ, ਭੂਰਾ ਅਤੇ ਹੋਰਨਾਂ ਬੰਦਿਆਂ ਨੂੰ ਲੈ ਕੇ ਕਿੱਲਿਆਂਵਾਲੀ ਪੁੱਜ ਗਿਆ, ਜਿਨ੍ਹਾਂ ਨੇ ਸੂਰਜ ਅਤੇ ਰਾਕੇਸ਼ ਆਦਿ ਦੀ ਮਾਰ-ਕੁੱਟ ਕੀਤੀ। ਸੂਰਜ ਨੂੰ ਬਚਾਉਂਦੇ ਸਮੇਂ ਉਸਦੀ ਮਾਂ ਦਰੋਪਦੀ ਦੇ ਢਿੱਡ ਵਿੱਚ ਲੱਤ ਵੱਜੀ, ਜਿਸ ਨਾਲ ਉਸ ਨੂੰ ਖੂਨ ਦੀ ਉਲਟੀ ਆ ਗਈ। ਉਸ ਨੂੰ ਡੱਬਵਾਲੀ ਦੇ ਸਰਕਾਰੀ ਹਸਪਤਾਲ ਅਤੇ ਅਗਰੋਹਾ ਮੈਡੀਕਲ ਕਾਲਜ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਪੁਲੀਸ ਨੇ ਇਸ ਮਾਮਲੇ ਵਿੱਚ ਦਰਜਨ ਤੋਂ ਵਧ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ।