ਇਸਲਾਮਾਬਾਦ, 12 ਅਕਤੂਬਰ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸੂੁਚਨਾ ਤੇ ਪ੍ਰਸਾਰਨ ਸਬੰਧੀ ਵਿਸ਼ੇਸ਼ ਸਲਾਹਕਾਰ ਅਸੀਮ ਸਲੀਮ ਬਾਜਵਾ ਨੇ ਅੱਜ ਅਸਤੀਫ਼ਾ ਦੇ ਦਿੱਤਾ। ਬਾਜਵਾ ’ਤੇ ਦੋਸ਼ ਹੈ ਕਿ ਪਰਿਵਾਰ ਦੇ ਕਈ ਕਾਰੋਬਾਰ ਸਥਾਪਤ ਕਰਨ ’ਚ ਉਨ੍ਹਾਂ ਆਪਣੇ ਦਫ਼ਤਰ ਦੀ ਵਰਤੋਂ ਕੀਤੀ ਹੈ।
ਪੱਛਮੀ ਕਮਾਂਡ ’ਚ ਸੇਵਾਵਾਂ ਨਿਭਾਅ ਚੁੱਕੇ ਪਾਕਿਸਤਾਨੀ ਫ਼ੌਜ ਦੇ ਸਾਬਕਾ ਤਰਜਮਾਨ ਨੇ ਟਵੀਟ ਕੀਤਾ, ‘ਮੈਂ ਮਾਣਯੋਗ ਪ੍ਰਧਾਨ ਮੰਤਰੀ ਨੂੰ ਗੁਜ਼ਾਰਿਸ਼ ਕੀਤੀ ਕਿ ਮੈਨੂੰ ਸੂਚਨਾ ਤੇ ਪ੍ਰਸਾਰਨ ਸਬੰਧੀ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਸਲਾਹਕਾਰ (ਐੱਸਏਪੀਐੱਮ) ਦੇ ਅਹੁਦੇ ਤੋਂ ਹਟਾ ਦਿੱਤਾ ਜਾਵੇ। ਉਨ੍ਹਾਂ ਮੇਰੀ ਬੇਨਤੀ ਮਨਜ਼ੂਰ ਕਰ ਲਈ।’ ਹਾਲਾਂਕਿ ‘ਡਾਅਨ’ ਅਖ਼ਬਾਰ ਦੀ ਰਿਪੋਰਟ ਮੁਤਾਬਕ ਉਹ ਚੀਨ-ਪਾਕਿਸਤਾਨ ਇਕਨਾਮਿਕ ਕੌਰੀਡੋਰ (ਸੀਪੀਈਸੀ) ਅਥਾਰਿਟੀ ਦੇ ਚੇਅਰਮੈਨ ਵਜੋਂ ਕੰਮ ਕਰਦੇ ਰਹਿਣਗੇ। ਇੱਕ ਵੈੱਬਸਾਈਟ ’ਤੇ ਰਿਪੋਰਟ ’ਚ ਪਤਨੀ, ਪੁੱਤਰਾਂ ਅਤੇ ਭਰਾ ਦੀ ਕਾਰੋਬਾਰ ਸਥਾਪਤ ਕਰਨ ’ਚ ਮਦਦ ਦੇ ਕਥਿਤ ਦੋਸ਼ ਕਾਰਨ ਲੱਗਪਗ ਇੱਕ ਮਹੀਨਾ ਪਹਿਲਾਂ ਬਾਜਵਾ ਵੱਲੋਂ ਅਸਤੀਫ਼ਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਸੌਂਪਿਆ ਗਿਆ ਸੀ। ਹਾਲਾਂਕਿ ਪ੍ਰਧਾਨ ਮੰਤਰੀ ਨੇ ਉਸ ਸਮੇਂ ਅਸਤੀਫ਼ਾ ਰੱਦ ਕਰਦਿਆਂ ਬਾਜਵਾ ਨੂੰ ਵਿਸ਼ੇਸ਼ ਸਹਾਇਕ ਵਜੋਂ ਕੰਮ ਜਾਰੀ ਰੱਖਣ ਲਈ ਕਿਹਾ ਸੀ। -ਪੀਟੀਆਈ