ਦਲੇਰ ਸਿੰਘ ਚੀਮਾ
ਭੁਲੱਥ, 21 ਜੁਲਾਈ
ਇੱਥੇ ਅੱਜ ਲਗਾਤਾਰ ਪਏ ਮੀਂਹ ਨੇਇਲਾਕੇ ਭੁਲੱਥ ਦੇ ਪਿੰਡਾਂ ਤੇ ਕਸਬਿਆਂ ਨੂੰ ਹਾਲੋ-ਬੇਹਾਲ ਕਰ ਦਿੱਤਾ ਹੈ। ਪਾਣੀ ਦੀ ਨਿਕਾਸੀ ਸਹੀ ਢੰਗ ਨਾਲ ਨਾ ਹੋਣ ਕਾਰਨ ਸੜਕਾਂ ਤੇ ਗਲੀਆਂ ਵਿਚ ਪਾਣੀ ਭਰ ਗਿਆ ਜਿਸ ਨਾਲ ਪਿੰਡਾਂ ਵਿੱਚ ਝੋਨੇ ਦੀ ਫ਼ਸਲ ਪਾਣੀ ਵਿੱਚ ਡੁੱਬ ਗਈ ਹੈ। ਕਸਬੇ ਭੁਲੱਥ ਦੀਆਂ ਸੜਕਾਂ ਤੇ ਗਲੀਆਂ ਵਿੱਚ ਪਾਣੀ ਭਰਿਆ ਪਿਆ ਹੈ। ਵੱਖ-ਵੱਖ ਪਿੰਡਾਂ ਤੇ ਕਸਬਿਆਂ ਨੂੰ ਦੇਖਣ ’ਤੇ ਹਰ ਪਾਸੇ ਪਾਣੀ ਹੀ ਪਾਣੀ ਦਿਖਾਈ ਦੇ ਰਿਹਾ ਹੈ।
ਪਿੰਡ ਭਦਾਸ ਦੇ ਸਰਪੰਚ ਦੇ ਪਤੀ ਨਿਸ਼ਾਨ ਸਿੰਘ ਬਲਿਆਣੀਏ ਨੇ ਦੱਸਿਆ ਕਿ ਪਿੰਡ ਦੀ ਤਿੰਨ ਸੌ ਏਕੜ ਝੋਨੇ ਦੀ ਮਾਰ ਹੇਠ ਹੈ ਜਿਸ ਦਾ ਮੁੱਖ ਕਾਰਨ ਲੋਕਾਂ ਵੱਲੋਂ ਨਿਕਾਸੀ ਨਾਲਿਆਂ ਨੂੰ ਭਰ ਦਿੱਤਾ ਜਾਣਾ ਹੈ ਅਤੇ ਪਾਣੀ ਦਾ ਨਿਕਾਸ ਨਹੀਂ ਹੋ ਰਿਹਾ। ਇਸ ਸਬੰਧੀ ਪਲਵਿੰਦਰ ਸਿੰਘ ਸਾਬੀ ਨੇ ਕਿਹਾ ਕਿ ਕਿਸਾਨਾਂ ਵੱਲੋਂ ਲੋਹੇ ਦੇ ਸੁਹਾਗੇ ਮਾਰਨ ਕਾਰਨ ਮਿੱਟੀ ਦੀ ਤਹਿ ਜੰਮਣ ਨਾਲ ਪਾਣੀ ਧਰਤੀ ਦੇ ਥੱਲੇ ਨਾ ਜਾਣ ਅਤੇ ਨਿਕਾਸੀ ਨਾ ਹੋਣ ਕਾਰਨ ਫ਼ਸਲ ਬਰਬਾਦ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਭੁਲੱਥ ਪ੍ਰਸ਼ਾਸਨ ਵੱਲੋਂ ਸੜਕਾਂ ਤੇ ਗਲੀਆਂ ’ਤੇ ਨਾਜਾਇਜ਼ ਕਬਜ਼ਿਆਂ ਤੇ ਨਿਕਾਸੀ ਨਾਲਿਆਂ ਨੂੰ ਨਾਜਾਇਜ਼ ਤੌਰ ’ਤੇ ਬੰਦ ਕਰਨ ਵਿਰੁੱਧ ਕਾਰਵਾਈ ਨਾ ਕਰਨ ਕਰਕੇ ਇਹ ਸਮੱਸਿਆ ਆਈ ਹੈ।
ਪੱਟੀ (ਬੇਅੰਤ ਸਿੰਘ ਸੰਧੂ): ਇਲਾਕੇ ਵਿੱਚ ਬੀਤੀ ਰਾਤ ਤੋਂ ਮੀਂਹ ਪੈਣ ਕਰਕੇ ਪੱਟੀ ਵਾਲੀ ਰੋਹੀ ਅੰਦਰ ਬਰਸਾਤੀ ਪਾਣੀ ਭਰ ਗਿਆ। ਪਾਣੀ ਦਾ ਨਿਕਾਸ ਨਾ ਹੋਣ ਕਾਰਨ ਪੱਟੀ ਹਲਕੇ ਦੇ ਹਥਾੜ ਇਲਾਕੇ ਦੇ ਪਿੰਡ ਸੀਤੋਂ ਨੋਅਬਾਦ ਤੇ ਸੀਤੋਂ ਮੈ ਝੂਗੀਆਂ ਦੀ ਸੈਂਕੜੇ ਏਕੜ ਝੋਨੇ ਦੀ ਫ਼ਸਲ ਵਿੱਚ ਪਾਣੀ ਭਰ ਗਿਆ। ਸੀਤੋਂ ਨੋਅਬਾਦ ਦੇ ਕਿਸਾਨ ਨੰਬਰਦਾਰ ਗੁਰਦੇਵ ਸਿੰਘ, ਨਿਸ਼ਾਨ ਸਿੰਘ, ਟਹਿਲ ਸਿੰਘ ਤੇ ਮਹਿਲ ਸਿੰਘ ਨੇ ਦੱਸਿਆ ਕਿ ਜਦੋਂ ਮਾਝੇ ਦੇ ਇਲਾਕੇ ਵਿੱਚ ਭਾਰੀ ਬਰਸਾਤ ਹੁੰਦੀ ਹੈ ਤਾਂ ਬਰਸਾਤੀ ਪਾਣੀ ਨਾਲ ਪੱਟੀ ਵਾਲੀ ਰੋਹੀ ਅੰਦਰ ਹੜ੍ਹ ਆ ਜਾਂਦਾ ਹੈ ਜਿਸ ਕਾਰਨ ਪਿਛਲੇ ਕਈ ਸਾਲਾਂ ਤੋਂ ਉਨ੍ਹਾਂ ਦੀ ਫ਼ਸਲਾਂ ਦਾ ਨੁਕਸਾਨ ਹੋ ਜਾਂਦਾ ਹੈ। ਕਿਸਾਨਾਂ ਨੇ ਪੰਜਾਬ ਸਰਕਾਰ ਕੋਲੋਂ ਪੱਟੀ ਵਾਲੀ ਰੋਹੀ ਦੇ ਪੱਕੇ ਤੌਰ ’ਤੇ ਨਿਕਾਸ ਦੀ ਮੰਗ ਕਰਦਿਆਂ ਫਸਲਾਂ ਦੇ ਨੁਕਸਾਨ ਲਈ ਪੰਜਾਬ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।
ਫਗਵਾੜਾ (ਜਸਬੀਰ ਸਿੰਘ ਚਾਨਾ): ਫਗਵਾੜਾ-ਨਕੋਦਰ ਸੜਕ ’ਤੇ ਸਥਿਤ ਦਰਵੇਸ਼ ਪਿੰਡ ਬਰਸਾਤੀ ਪਾਣੀ ਦੀ ਲਪੇਟ ਵਿੱਚ ਆ ਗਿਆ ਹੈ। ਇਸ ਕਾਰਨ ਝੋਨੇ ਦੀ ਫ਼ਸਲ ਵੀ ਨੁਕਸਾਨੀ ਗਈ ਹੈ ਅਤੇ ਡੇਰਿਆਂ ’ਤੇ ਖੜ੍ਹੇ ਪਸ਼ੂ ਵੀ ਚਾਰੇ ਤੋਂ ਵਾਂਝੇ ਹੋ ਗਏ ਹਨ। ਇਸ ਕਰਕੇ ਇਲਾਕੇ ਦੇ ਲੋਕ ਕਾਫ਼ੀ ਪ੍ਰੇਸ਼ਾਨ ਹਨ। ਇਸ ਦੀ ਸੂਚਨਾ ਮਿਲਦਿਆਂ ਹੀ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ, ਏ.ਡੀ.ਸੀ. ਡਾ. ਨਯਨ ਜੱਸਲ, ਸਾਬਕਾ ਮੰਤਰੀ ਤੇ ‘ਆਪ‘ ਆਗੂ ਜੋਗਿੰਦਰ ਸਿੰਘ ਮਾਨ ਦਰਵੇਸ਼ ਪਿੰਡ ਪੁੱਜੇ ਅਤੇ ਮੌਕੇ ਦਾ ਜਾਇਜ਼ਾ ਲਿਆ।
ਪਿੰਡ ਵਾਸੀ ਜਸਬੀਰ ਸਿੰਘ, ਨਿਸ਼ਾਨ ਸਿੰਘ, ਅਮਰਜੀਤ ਸਿੰਘ, ਵਿਸ਼ਾਲ ਤੇ ਸਰਪੰਚ ਭੁਪਿੰਦਰ ਸਿੰਘ ਖਹਿਰਾ ਆਦਿ ਨੇ ਦੱਸਿਆ ਕਿ ਬਾਰਿਸ਼ ਕਾਰਨ ਲਾਗਲੇ ਖੇਤਰਾਂ ਦਾ ਪਾਣੀ ਇਸ ਪਿੰਡ ’ਚ ਭਰ ਗਿਆ। ਕਈ ਡੇਰਿਆਂ ’ਤੇ 250-300 ਦੇ ਕਰੀਬ ਪਸ਼ੂ ਪਾਣੀ ’ਚ ਹੀ ਖੜ੍ਹੇ ਹਨ, ਉਨ੍ਹਾਂ ਲਈ ਚਾਰੇ ਦਾ ਪ੍ਰਬੰਧ ਕਰਨਾ ਵੀ ਮੁਸ਼ਕਿਲ ਹੋ ਗਿਆ ਹੈ। ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ’ਤੇ ਸਥਾਨਕ ਪ੍ਰਸਾਸ਼ਨ ਤੇ ਪੀ.ਡਬਲਯੂ.ਡੀ. ਦੇ ਅਧਿਕਾਰੀ ਮੌਕੇ ’ਤੇ ਪੁੱਜੇ ਤੇ ਉਨ੍ਹਾਂ ਕਈ ਪੁਲੀਆਂ ਨੂੰ ਹੇਠਾਂ ਤੋਂ ਡੂੰਘਾ ਕਰਵਾਇਆ ਤੇ ਫਗਵਾੜਾ-ਨਕਦੋਰ ਸੜਕ ’ਚ ਕੁਝ ਥਾਵਾਂ ’ਚ ਪਾੜ ਪਾਇਆ ਤਾਂ ਕਿ ਪਾਣੀ ਸੜਕ ਦੇ ਦੂਸਰੇ ਪਾਸੇ ਜਾ ਕੇ ਨਿਕਾਸੀ ਹੋ ਸਕੇ।
ਏਡੀਸੀ ਨੇ ਦੱਸਿਆ ਕਿ ਜੇਸੀਬੀ ਮਸ਼ੀਨਾਂ, ਪੀ.ਡਬਲਯੂ.ਡੀ. ਅਧਿਕਾਰੀ ਤੇ ਇੱਕ ਤਹਿਸੀਲਦਾਰ ਦੀ ਡਿਊਟੀ ਇਸ ਖੇਤਰ ’ਤੇ ਨਜ਼ਰ ਰੱਖਣ ਲਈ ਲਗਾਈ ਗਈ ਹੈ ਤੇ ਗੁਰਦੁਆਰਾ ਵਿਖੇ ਵੀ ਰਾਹਤ ਕੇਂਦਰ ਕਾਇਮ ਕੀਤਾ ਗਿਆ ਹੈ ਤਾਂ ਜੋ ਬਾਰਿਸ਼ ਆਉਣ ’ਤੇ ਲੋਕਾਂ ਲਈ ਮੁੱਢਲੇ ਪ੍ਰਬੰਧ ਕੀਤੇ ਜਾ ਸਕਣ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਥਿਤੀ ਕੰਟਰੋਲ ਹੇਠ ਹੈ ਅਤੇ ਕੋਈ ਵੀ ਅਣਸੁਖਾਵੀਂ ਘਟਨਾ ਦੀ ਸੂਚਨਾ ਨਹੀਂ ਹੈ। ਡੀ.ਸੀ. ਨੇ ਖੇਤਾਂ ’ਚ ਜਾ ਕੇ ਕਿਸਾਨਾਂ ਨਾਲ ਗੱਲਬਾਤ ਕੀਤੀ ਤੇ ਕਿਹਾ ਕਿ ਫ਼ਸਲਾਂ ਦੇ ਨੁਕਸਾਨ ਸਬੰਧੀ ਮੁਲਾਂਕਣ ਕਰਕੇ ਰਿਪੋਰਟ ਪੰਜਾਬ ਸਰਕਾਰ ਨੂੰ ਭੇਜੀ ਜਾਵੇਗੀ। ਇਸੇ ਦੌਰਾਨ ਡਿਪਟੀ ਕਮਿਸ਼ਨਰ ਨੇ ਚਹੇੜੂ ਡਰੇਨ ਵਿਖੇ ਪਾਣੀ ਦੇ ਪੱਧਰ ਦਾ ਵੀ ਜਾਇਜਾ ਲਿਆ। ਇਸ ਮੌਕੇ ਡਰੇਨਜ਼, ਮਾਲ ਤੇ ਹੋਰਨਾਂ ਸਬੰਧਿਤ ਵਿਭਾਗਾ ਦੇ ਅਧਿਕਾਰੀ ਵੀ ਸ਼ਾਮਿਲ ਸਨ।
ਸ਼ਾਹਕੋਟ (ਗੁਰਮੀਤ ਸਿੰਘ ਖੋਸਲਾ): ਇਲਾਕੇ ਵਿੱਚ ਦੂਜੇ ਦਿਨ ਵੀ ਭਰਵਾਂ ਮੀਂਹ ਪਿਆ। ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਪਹੁੰਚਾਉਣ ਦੇ ਨਾਲ-ਨਾਲ ਉਨ੍ਹਾਂ ਦੀਆਂ ਮੁਸ਼ਕਿਲਾਂ ਵਿੱਚ ਵੀ ਚੋਖਾ ਵਾਧਾ ਕਰ ਦਿੱਤਾ ਹੈ। ਲਗਾਤਾਰ ਦੂਜੇ ਦਿਨ ਪਏ ਮੀਂਹ ਨਾਲ ਕਸਬੇ ਦੀਆਂ ਗਲੀਆਂ, ਦਾਣਾ ਮੰਡੀ ਅਤੇ ਇਲਾਕੇ ਦੀਆਂ ਸੰਪਰਕ ਸੜਕਾਂ ਪਾਣੀ ਨਾਲ ਭਰ ਗਈਆਂ,ਜਿਸ ਕਾਰਨ ਰਾਹਗੀਰਾਂ ਨੂੰ ਚੱਲਣ ਸਮੇਂ ਭਾਰੀ ਮੁਸ਼ਕਿਲਾਂ ਦਾ ਸ਼ਾਹਮਣਾ ਕਰਨਾ ਪੈ ਰਿਹਾ ਹੈ।
ਬਰਸਾਤੀ ਪਾਣੀ ਸਰਕਾਰੀ ਅਦਾਰਿਆਂ ਤੇ ਘਰਾਂ ਵਿੱਚ ਵੜਿਆ
ਭੋਗਪੁਰ (ਬਲਵਿੰਦਰ ਸਿੰਘ ਭੰਗੂ): ਸ਼ਹਿਰ ਦੇ ਨਿਕਾਸੀ ਨਾਲਿਆਂ ’ਤੇ ਕਬਜ਼ੇ ਹੋਣ, ਚਾਰਮਾਰਗੀ ਕੌਮੀ ਮਾਰਗ ਉੱਚਾ ਹੋਣ ਅਤੇ ਸੀਵਰੇਜ ਨਾ ਪੈਣ ਕਰਕੇ ਬਰਸਾਤ ਦਾ ਪਾਣੀ ਵਾਰਡ ਨੰਬਰ ਇਕ ਦੇ ਵਾਸੀਆਂ ਦੇ ਘਰਾਂ ਅਤੇ ਸਰਕਾਰੀ ਅਦਾਰਿਆਂ ਦੇ ਦਫ਼ਤਰਾਂ ਵਿੱਚ ਦਾਖਲ ਹੋ ਗਿਆ ਜਿਸ ਕਰਕੇ ਲੋਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸ਼ਹਿਰ ਦੇ ਨੰਬਰਦਾਰ ਹਰਨਾਮ ਸਿੰਘ ਮਿਨਹਾਸ ਨੇ ਦੱਸਿਆ ਕਿ ਸਭ ਤੋਂ ਵੱਡੀ ਸਮੱਸਿਆ ਸੀਵਰੇਜ ਦੀ ਹੈ ਕਿਉਂਕਿ ਘਰਾਂ ਤੋਂ ਪਾਣੀ ਦੇ ਨਿਕਾਸ ਦਾ ਕੋਈ ਠੋਸ ਪ੍ਰਬੰਧ ਨਹੀਂ ਹੈ । ਸ਼ਹਿਰ ਵਿੱਚੋਂ ਨਿਕਲਦੇ ਦੋ ਨਿਕਾਸੀ ਨਾਲਿਆਂ ’ਤੇ ਨਾਜਾਇਜ਼ ਕਬਜ਼ੇ ਹੋਣ ਕਰਕੇ ਸ਼ਹਿਰ ਹੜ੍ਹਾਂ ਦੀ ਮਾਰ ਹੇਠ ਆ ਗਿਆ ਹੈ। ਸ਼ਹਿਰ ਵਿੱਚ ਥਾਣਾ, ਬਿਜਲੀ ਬੋਰਡ ਦੇ ਦਫ਼ਤਰ, ਬੀਡੀਪੀਓ ਦਾ ਦਫ਼ਤਰ, ਦੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸਰਕਾਰੀ ਅਰਾਮ ਘਰ, ਖੇਤੀਬਾੜੀ ਦਫਤਰ ਅਤੇ ਹੋਰ ਸਰਕਾਰੀ ਦਫਤਰ 5 ਤੋਂ 10 ਫੁੱਟ ਤੱਕ ਕੌਮੀ ਚਾਰ ਮਾਰਗ ਤੋਂ ਨੀਵੇਂ ਹੋ ਚੁੱਕੇ ਹਨ ਜਿਸ ਕਰਕੇ ਸਾਰੇ ਸਰਕਾਰੀ ਦਫ਼ਤਰਾਂ ਅਤੇ ਸਕੂਲਾਂ ਵਿੱਚ ਬਰਸਾਤ ਦਾ ਪਾਣੀ ਖੜ੍ਹਾ ਹੋ ਗਿਆ ਹੈ। ਸਮਾਜ ਸੇਵਕ ਗੁਰਪਾਲ ਸਿੰਘ ਸੈਣੀ ਨੇ ਕਿਹਾ ਕਿ ਜੇਕਰ ਸਰਕਾਰ ਸ਼ਹਿਰ ਵਿਚਲੀਆਂ ਨੀਵੀਆਂ ਹੋ ਚੁੱਕੀਆਂ ਸਰਕਾਰੀ ਥਾਵਾਂ ਵੇਚ ਕੇ ਬੀਡੀਪੀਓ ਦਫ਼ਤਰ ਵਾਲੇ ਦੋ ਏਕੜ ਜਗ੍ਹਾ ’ਤੇ ਮਿਨੀ ਸਕੱਤਰੇਤ ਦੀ ਇਮਾਰਤ ਬਣਾ ਕੇ ਸਾਰੇ ਨੀਵੇਂ ਹੋ ਚੁੱਕੇ ਸਰਕਾਰੀ ਦਫਤਰ ਇੱਥੇ ਤਬਦੀਲ ਕਰ ਦੇਣ ਤਾਂ ਇਹ ਸਮੱਸਿਆ ਹੱਲ ਹੋ ਸਕਦੀ ਹੈ। ਜਦੋਂ ਇਸ ਬਾਰੇ ਨਗਰ ਕੌਂਸਲ ਭੋਗਪੁਰ ਦੇ ਕਾਰਜਸਾਧਕ ਅਫਸਰ ਰਾਜਿੰਦਰ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਨਗਰ ਕੌਂਸਲ ਦਾ ਕੁਝ ਦਿਨ ਪਹਿਲਾਂ ਹੀ ਚਾਰਜ ਸੰਭਾਲਿਆ ਹੈ ਅਤੇ ਛੇਤੀ ਹੀ ਕੌਂਸਲਰਾਂ ਦੀ ਮੀਟਿੰਗ ਸੱਦ ਕੇ ਬਰਸਾਤੀ ਪਾਣੀ ਅਤੇ ਪਾਣੀ ਦੀ ਨਿਕਾਸੀ ਦਾ ਮਸਲਾ ਹੱਲ ਕਰ ਲਿਆ ਜਾਵੇਗਾ ਅਤੇ ਸ਼ਹਿਰ ਵਿੱਚ ਸੀਵਰੇਜ ਟਰੀਟਮੈਂਟ ਪਲਾਂਟ ਲਗਾਉਣ ਨਾਲ ਸ਼ਹਿਰ ਦੀਆਂ ਬਹੁਤ ਸਾਰੀਆਂ ਸਮਸਿਆਵਾਂ ਹੱਲ ਹੋ ਜਾਣਗੀਆਂ।
ਭਾਰੀ ਮੀਂਹ ਕਾਰਨ ਗੁਰੂ ਕੀ ਨਗਰੀ ਜਲਥਲ
ਅੰਮ੍ਰਿਤਸਰ: ਇੱਥੇ ਦੇਰ ਰਾਤ ਤੋਂ ਲੈ ਕੇ ਦੁਪਹਿਰ ਤਕ ਲਗਾਤਾਰ ਮੋਹਲੇਧਾਰ ਮੀਂਹ ਪਿਆ ਜਿਸ ਨਾਲ ਸ਼ਹਿਰ ਵਿੱਚ ਜਲਥਲ ਹੋ ਗਈ। ਸ਼ਹਿਰ ਦੇ ਕਈ ਨੀਵੇਂ ਇਲਾਕਿਆਂ ਵਿੱਚੋਂ ਮੀਂਹ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਇਹ ਪਾਣੀ ਸ਼ਾਮ ਤਕ ਖੜ੍ਹਾ ਰਿਹਾ। ਇਸ ਕਰਕੇ ਇਨ੍ਹਾਂ ਇਲਾਕਿਆਂ ਵਿੱਚ ਆਵਾਜਾਈ ਵਿੱਚ ਵਿਘਨ ਪਿਆ। ਮੌਸਮ ਵਿਭਾਗ ਮੁਤਾਬਕ ਦੇਰ ਰਾਤ ਤੋਂ ਲੈ ਕੇ ਸਵੇਰ ਸਾਢੇ 8 ਵਜੇ ਤਕ ਲਗਪਗ 67 ਐੱਮਐੱਮ ਮੀਂਹ ਪਿਆ ਜਦੋ ਕਿ ਇਸ ਤੋਂ ਬਾਅਦ ਸ਼ਾਮ 5 ਵਜੇ ਤਕ 9 ਐਮਐਮ ਮੀਂਹ ਦਰਜ ਕੀਤਾ ਗਿਆ। ਨਾਲ ਹੀ ਖੇਤ ਵੀ ਪਾਣੀ ਨਾਲ ਭਰ ਗਏ ਸਨ। ਮੀਂਹ ਕਾਰਨ ਅਜ ਤਾਪਮਾਨ ਘਟ ਗਿਆ ਅਤੇ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ ਹੈ। ਅਜ ਘੱਟੋ ਘੱਟ ਤਾਪਮਾਨ 23 ਡਿਗਰੀ ਸੈਲਸੀਅਸ ਅਤੇ ਵੱਧ ਤੋ ਵੱਧ ਤਾਪਮਾਨ 29 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਦੌਰਾਨ ਸਾਰਾ ਦਿਨ ਬੱਦਲਵਾਈ ਬਣੀ ਰਹੀ । ਮੌਸਮ ਵਿਭਾਗ ਮੁਤਾਬਕ ਭਲਕੇ ਵੀ ਮੀਂਹ ਪੈਣ ਦੀ ਸੰਭਾਵਨਾ ਦਸੀ ਗਈ ਹੈ। ਭਾਰੀ ਮੀਂਹ ਦੇ ਕਾਰਨ ਐਲੀਵੇਟਿਡ ਰੋਡ, ਲਾਰੈਂਸ ਰੋਡ, ਟੇਲਰ ਰੋਡ, ਐਮਐਮ ਮਾਲਵੀਆ ਰੋਡ, ਹੈਰੀਟੇਜ ਸਟ੍ਰੀਟ ਤੇ ਅੰਦਰੂਨੀ ਸ਼ਹਿਰ ਦੇ ਕਈ ਇਲਾਕਿਆ ਵਿੱਚ ਪਾਣੀ ਭਰ ਗਿਆ। -ਟਨਸ