ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 25 ਅਪਰੈਲ
ਗੁਰਮਤਿ ਸੰਗੀਤ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਗੁਰਮਤਿ ਸੰਗੀਤ ਦੇ ਪ੍ਰਚਾਰ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ। ਇਸੇ ਤਹਿਤ ਵਿਭਾਗ ਵੱਲੋਂ ਇਥੋਂ ਦੇ ਸੈਕਟਰ-34 ਸਥਿਤ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਦੇ ਸਹਿਯੋਗ ਨਾਲ ਟਕਸਾਲੀ ਸ਼ਬਦ ਕੀਰਤਨ ਪੇਸ਼ਕਾਰੀਆਂ ਅਤੇ ਪ੍ਰਦਰਸ਼ਨੀਆਂ ਦੀ ਲੜੀ ਅਧੀਨ ਗੁਰਦੁਆਰਾ ਸਾਹਿਬ ਵਿੱਚ 18 ਅਪਰੈਲ ਨੂੰ ਗੁਰਮਤਿ ਸੰਗੀਤ ਦੇ ਤੰਤੀ ਸਾਜ਼ਾਂ ਦੀ ਇਕ ਪ੍ਰਦਰਸ਼ਨੀ ਲਗਾਈ ਗਈ ਸੀ, ਜਿਸ ਦਾ ਮਕਸਦ ਸੰਗਤ ਨੂੰ ਸਾਜ਼ਾਂ ਬਾਰੇ ਜਾਣਕਾਰੀ ਦੇਣਾ ਸੀ। ਇਸ ਸਬੰਧੀ ਡਾ. ਕੰਵਲਜੀਤ ਸਿੰਘ ਇੰਚਾਰਜ ਗੁਰਮਤਿ ਸੰਗੀਤ ਵਿਭਾਗ ਨੇ ਦੱਸਿਆ ਕਿ ਇਸ ਪ੍ਰਦਰਸ਼ਨੀ ਵਿੱਚ ਰਬਾਬ, ਸਿਰੰਦਾ, ਤਾਊਸ, ਦਿਲਰੁਬਾ ਤੇ ਇਸਰਾਜ ਦੇ ਨਾਲ-ਨਾਲ ਤਾਨਪੂਰਾ, ਜੋੜੀ, ਤਬਲਾ ਆਦਿ ਸਾਜ਼ਾਂ ਬਾਰੇ ਸੰਗਤ ਨੂੰ ਜਾਣਕਾਰੀ ਦਿੱਤੀ ਗਈ ਹੈ। ਡੀਨ ਫੈਕਲਟੀ ਆਫ਼ ਆਰਟਸ ਐਂਡ ਕਲਚਰ ਡਾ. ਯਸ਼ਪਾਲ ਸ਼ਰਮਾ ਦੀ ਅਗਵਾਈ ਵਿਚ ਪੰਜਾਬੀ ਯੂਨੀਵਰਸਿਟੀ ਇਨ੍ਹਾਂ ਕਾਰਜਾਂ ਲਈ ਅਕਾਦਮਿਕ ਸੇਧ ਅਤੇ ਗੁਰਮਤਿ ਸੰਗੀਤ ਅਨੁਸਾਰੀ ਪ੍ਰਸਤੁਤੀਆਂ ਲਈ ਸਹਿਯੋਗ ਦੇ ਰਹੀ ਹੈ। ਅੱਜ ਇਸ ਪ੍ਰਦਰਸ਼ਨੀ ਦੀ ਸਮਾਪਤੀ ’ਤੇ ਡਾ. ਏ ਪੀ ਸਿੰਘ ‘ਰਿਦਮ’ ਨੇ ਦੱਸਿਆ ਕਿ ਸਾਜ਼ਾਂ ਦੇ ਵਾਦਨ ਦੀ ਸਿਖਲਾਈ ਆਨਲਾਈਨ ਵਿਧੀ ਰਾਹੀਂ ਸੰਗਤ ਨੂੰ ਦੇਣ ਲਈ ਇਕ ਵਿਸ਼ੇਸ਼ ਟੀਮ ਗਠਿਤ ਕੀਤੀ ਗਈ ਹੈ। ਇਸ ਮੌਕੇ ਡਾ. ਰਾਜੇਸ਼ ਮੋਹਨ ਮੁਖੀ ਸੰਗੀਤ ਵਿਭਾਗ ਸਰਕਾਰੀ ਕਾਲਜ ਫ਼ਰੀਦਕੋਟ ਨੇ ਪੰਜਾਬੀ ਯੂਨੀਵਰਸਿਟੀ ਦੇ ਇਸ ਯਤਨ ਦੀ ਸ਼ਲਾਘਾ ਕੀਤੀ। ਉਨ੍ਹਾਂ ਤੋਂ ਇਲਾਵਾ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਦੇ ਸਕੱਤਰ ਤੇਜਵੰਤ ਸਿੰਘ ਨੇ ਦੱਸਿਆ ਕਿ ਇਸ ਪ੍ਰਦਰਸ਼ਨੀ ਨਾਲ ਸੰਗਤ ਵਿਚ ਗੁਰਮਤਿ ਸੰਗੀਤ ਪ੍ਰਤੀ ਚੇਤਨਾ ਵਧੀ ਹੈ। ਇਸ ਦੌਰਾਨ ਉਨ੍ਹਾਂ ਡਾ. ਏ ਪੀ ਸਿੰਘ ‘ਰਿਦਮ’ ਅਤੇ ਡਾ. ਕੰਵਲਜੀਤ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਗੁਰਦੁਆਰੇ ਵੱਲੋਂ ਸੰਗੀਤ ਦੇ ਪ੍ਰਚਾਰ ਲਈ ਵਿਸ਼ੇਸ਼ ਯਤਨ ਕੀਤੇ ਜਾਣਗੇ।