ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 8 ਜਨਵਰੀ
ਪੰਜਾਬ ਯੂਨੀਵਰਸਿਟੀ ਦੇ ਮੁਕਤਸਰ ਸਥਿਤ ਰਿਜਨਲ ਸੈਂਟਰ ਦੇ ਨਵ-ਨਿਰਮਾਣ ਦਾ ਮੁੱਦਾ ਨਵ-ਗਠਿਤ ਸੈਨੇਟ ਕਮੇਟੀ ਦੀ ਪਲੇਠੀ ਮੀਟਿੰਗ ਵਿੱਚ ਵਿਚਾਰਿਆ ਗਿਆ। ਇਸ ਸਬੰਧੀ ਸੈਨੇਟਰ ਪ੍ਰਿੰਸੀਪਲ ਡਾ. ਸੰਦੀਪ ਕਟਾਰੀਆ ਨੇ ਦੱਸਿਆ ਕਿ ਉਨ੍ਹਾਂ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਕਪਿਲ ਸ਼ਰਮਾ ਅਤੇ ਪ੍ਰੋਫੈਸਰ ਸਿੱਖਿਆ ਵਿਭਾਗ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਡਾ. ਜਤਿੰਦਰ ਗਰੋਵਰ ਨੇ ਇਸ ਮੁੱਦੇ ਨੂੰ ਆਨਲਾਈਨ ਮੀਟਿੰਗ ਦੌਰਾਨ ਕਮੇਟੀ ਦੇ ਚੇਅਰਮੈਨ ਸਾਹਮਣੇ ਰੱਖਦਿਆਂ ਕਿਹਾ ਕਿ ਇਹ ਰਿਜ਼ਨਲ ਸੈਂਟਰ ਮੁਕਤਸਰ ਜ਼ਿਲ੍ਹੇ ਸਣੇ ਆਸ-ਪਾਸ ਦੇ ਕਰੀਬ 200 ਪਿੰਡਾਂ ਦੇ ਵਿਦਿਆਰਥੀਆਂ ਲਈ ਉਚ ਸਿੱਖਿਆ ਦਾ ਇੱਕੋ-ਇੱਕ ਕੇਂਦਰ ਹੈ। ਇਸ ਵੇਲੇ ਕੇਂਦਰ ਇੱਕ ਕਿਰਾਏ ਦੀ ਖਸਤਾ ਹਾਲ ਇਮਾਰਤ ਵਿੱਚ ਗੁਰਦੁਆਰਾ ਟਿੱਬੀ ਸਾਹਿਬ ਦੇ ਨੇੜੇ ਚੱਲ ਰਿਹਾ ਹੈ। ਪੰਜਾਬ ਸਰਕਾਰ ਨੇ ’ਵਰਸਿਟੀ ਦੇ ਨਾਮ ਕਰੀਬ 5 ਏਕੜ ਜ਼ਮੀਨ ਸੈਂਟਰ ਦੇ ਨਿਰਮਾਣ ਵਾਸਤੇ ਕਰ ਦਿੱਤੀ ਹੈ, ਨਕਸ਼ਾ ਤਿਆਰ ਹੈ ਅਤੇ ਕਰੀਬ 18 ਕਰੋੜ ਦਾ ਬਜਟ ਬਣਾਇਆ ਗਿਆ ਹੈ। ਸੈਨੇਟਰਾਂ ਨੇ ਮੰਗ ਕੀਤੀ ਕਿ ਯੂਨੀਵਰਸਿਟੀ ਦੀ ਉੱਚ ਪੱਧਰੀ ਟੀਮ ਇਸ ਸੈਂਟਰ ਦਾ ਮੌਕੇ ’ਤੇ ਆ ਕੇ ਮੁਆਇਨਾ ਕਰੇ। ਇਮਾਰਤ ਦੇ ਨਿਰਮਾਣ ਵਾਸਤੇ ਯੂਨੀਵਰਸਿਟੀ ਵੱਧ ਤੋਂ ਵੱਧ ਫੰਡ ਦੇਵੇ ਅਤੇ ਬਾਕੀ ਦੇ ਫੰਡ ਦਾ ਪ੍ਰਬੰਧ ਲੋਕਾਂ ਦੇ ਸਹਿਯੋਗ ਨਾਲ ਕਰ ਲਿਆ ਜਾਵੇਗਾ। ਡਾ. ਕਟਾਰੀਆ ਨੇ ਦੱਸਿਆ ਕਿ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਯੂਨੀਵਰਸਿਟੀ ਇਸ ਮੁੱਦੇ ਨੂੰ ’ਤੇ ਵਿਚਾਰੇਗੀ।