ਪੱਤਰ ਪ੍ਰੇਰਕ
ਮਾਨਸਾ, 5 ਫਰਵਰੀ
ਵਿਧਾਨ ਸਭਾ ਚੋਣਾਂ ਵੇਲੇ ਅਚਾਨਕ ਹੀ ਧਾਰਮਿਕ ਡੇਰੇ ਚਰਚਾ ਵਿੱਚ ਆ ਜਾਂਦੇ ਹਨ ਅਤੇ ਰਾਜਨੀਤਿਕ ਲੋਕ ਇਨ੍ਹਾਂ ਦਾ ਸਹਾਰਾ ਲੈਣ ਲੱਗਦੇ ਹਨ। ਭਾਵੇਂ ਅਜੇ ਤੱਕ ਰਾਜ ਦੇ ਕਿਸੇ ਵੀ ਡੇਰੇ ਵੱਲੋਂ ਕਿਸੇ ਰਾਜਨੀਤਕ ਪਾਰਟੀ ਦੇ ਹੱਕ ਵਿੱਚ ਖੜ੍ਹਨ ਲਈ ਆਪਣੇ ਸ਼ਰਧਾਲੂਆਂ ਨੂੰ ਕੋਈ ਵੀ ਅਪੀਲ ਅਤੇ ਆਦੇਸ਼ ਜਾਰੀ ਨਹੀਂ ਕੀਤੇ। ਰਾਧਾ ਸੁਆਮੀ ਸਤਿਸੰਗ ਬਿਆਸ ਨੇ ਆਪਣੇ ਸਾਰੇ ਸਤਿਸੰਗ ਭਵਨਾਂ ਦੇ ਬਾਹਰ ‘ਜ਼ਰੂਰੀ ਸੂਚਨਾ’ ਲਿਖ ਕੇ ਸਾਰੀਆਂ ਸੰਗਤਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਨ੍ਹਾਂ ਦੀ ਨਜ਼ਰ ਵਿੱਚ ਸਾਰੇ ਰਾਜਨੀਤਿਕ ਦਲ ਬਰਾਬਰ ਹਨ ਅਤੇ ਵੋਟ ਪਾਉਣ ਲਈ ਸਾਰਿਆਂ ਦਾ ਆਪਣਾ ਨਿੱਜੀ ਅਧਿਕਾਰ ਹੈ, ਸੋ ਇਸ ਅਧਿਕਾਰ ਦੀ ਵਰਤੋਂ ਸੋਚ-ਸਮਝਕੇ ਕਰਨ ਨਾਲ ਹੀ ਸਭ ਦੀ ਭਲਾਈ ਹੈ। ਡੇਰੇ ਵਿੱਚ ਕੰਮ ਕਰਦੇ ਸ਼ਰਧਾਲੂਆਂ ਤੋਂ ਪਤਾ ਲੱਗਾ ਹੈ ਕਿ ਡੇਰੇ ਵੱਲੋਂ ਕਿਸੇ ਦੇ ਵੀ ਹੱਕ ਵਿੱਚ ਨਾ ਖੜ੍ਹਨ ਲਈ ਬਕਾਇਦਾ ਕਿਹਾ ਗਿਆ ਹੈ ਇਹ ਵੀ ਪਤਾ ਲੱਗਿਆ ਹੈ ਕਿ ਅਜਿਹੇ ਫਲੈਕਸ ਮਾਨਸਾ ਵਿੱਚ ਹੀ ਨਹੀਂ, ਸਗੋਂ ਝੁਨੀਰ, ਸਰਦੂਲਗੜ੍ਹ, ਭੀਖੀ, ਬੁਢਲਾਡਾ ਸਮੇਤ ਹੋਰਨਾਂ ਥਾਵਾਂ ਉਪਰ ਵੀ ਲਗਾਏ ਗਏ ਹਨ।