ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 23 ਜੁਲਾਈ
ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਅੱਜ ਪੰਜਾਬ ਦੇ ਸਾਰੇ ਕਾਂਗਰਸੀ ਸੰਸਦ ਮੈਂਬਰਾਂ ਦੀ ਸੰਸਦ ’ਚੋਂ ਮੁਕੰਮਲ ਗੈਰ-ਹਾਜ਼ਰੀ ਦੀ ਤਿੱਖੀ ਆਲੋਚਨਾ ਕਰਦੇ ਹੋਏ ਕਿਹਾ ਕਿ ‘ਤਾਜਪੋਸ਼ੀ’ ਦੇ ਜਸ਼ਨਾਂ ਵਿਚ ਕਾਂਗਰਸੀਆਂ ਨੇ ਕਿਸਾਨ ਸੰਗਠਨਾਂ ਦੀ ਅਪੀਲ ਨੂੰ ਰੋਲ ਕੇ ਰੱਖ ਦਿੱਤਾ ਹੈ। ਇਹ ਨਾ ਸਿਰਫ਼ ‘ਪੀਪਲਜ਼ ਵ੍ਹਿਪ’ ਦੀ ਉਲੰਘਣਾ ਹੈ, ਸਗੋਂ ਦਿੱਲੀ ਦੀਆਂ ਹੱਦਾਂ ’ਤੇ ਕੁਰਬਾਨੀਆਂ ਦੇ ਰਹੇ ਅੰਨਦਾਤਾ ਦੀ ਤੌਹੀਨ ਵੀ ਹੈ। ਸ੍ਰੀ ਮਾਨ ਨੇ ਦੱਸਿਆ ਕਿ ਉਨ੍ਹਾਂ ਅੱਜ ਸੰਸਦ ਦੇ ਮੌਨਸੂਨ ਇਜਲਾਸ ਦੌਰਾਨ ਲਗਾਤਾਰ ਚੌਥੀ ਵਾਰ ‘ਕੰਮ ਰੋਕੂ ਮਤਾ’ ਸੰਸਦ ਵਿਚ ਪੇਸ਼ ਕੀਤਾ, ਪ੍ਰੰਤੂ ਕੇਂਦਰ ਸਰਕਾਰ ਨੇ ਅੱਜ ਵੀ ਕੰਮ ਰੋਕੂ ਮਤੇ ਨੂੰ ਰੱਦ ਕਰ ਦਿੱਤਾ ਜੋ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ, ਆਮ ਆਦਮੀ ਪਾਰਟੀ ਉਦੋਂ ਤੱਕ ਸੜਕ ਤੋਂ ਲੈ ਕੇ ਸੰਸਦ ਤੱਕ ਵਿਰੋਧ ਜਾਰੀ ਰੱਖੇਗੀ।