ਚੰਡੀਗੜ੍ਹ (ਦਵਿੰਦਰ ਪਾਲ): ਸਿਹਤ ਵਿਭਾਗ ਮੁਤਾਬਕ ਪੰਜਾਬ ਵਿੱਚ ਹੁਣ ਤੱਕ ਤਿੰਨ ਲੱਖ ਦੇ ਕਰੀਬ ਵਿਅਕਤੀਆਂ ਨੂੰ ਵੈਕਸੀਨ ਲੱਗੀ ਹੈ। ਸੂਬੇ ਵਿੱਚ ਹੁਣ ਤੱਕ 2.17 ਲੱਖ ਤੋਂ ਵੱਧ ਵਿਅਕਤੀ ਲਾਗ ਦਾ ਸ਼ਿਕਾਰ ਹੋ ਚੁੱਕੇ ਹਨ ਜਦੋਂਕਿ 1.91 ਲੱਖ ਤੋਂ ਵੱਧ ਵਿਅਕਤੀ ਸਿਹਤਯਾਬ ਹੋਏ ਹਨ। ਸੂਬੇ ਵਿੱਚ 6435 ਵਿਅਕਤੀਆਂ ਦੀਆਂ ਮੌਤਾਂ ਹੋਈਆਂ ਹਨ ਤੇ 19,403 ਜ਼ੇਰੇ ਇਲਾਜ ਹਨ। ਵਿਭਾਗ ਮੁਤਾਬਕ ਸੂਬੇ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕਰੋਨਾਵਾਇਰਸ ਦੀ ਲਾਗ ਦਾ ਸ਼ਿਕਾਰ 2,274 ਵਿਅਕਤੀ ਸਾਹਮਣੇ ਆਏ ਹਨ ਤੇ ਇਸ ਸਮੇਂ ਦੌਰਾਨ 53 ਵਿਅਕਤੀਆਂ ਦੀ ਮੌਤ ਵੀ ਹੋ ਗਈ ਹੈ। ਜਲੰਧਰ ਵਿੱਚ 14, ਹੁਸ਼ਿਆਰਪੁਰ 9, ਪਟਿਆਲ਼ਾ 6, ਲੁਧਿਆਣਾ ਤੇ ਨਵਾਂ ਸ਼ਹਿਰ ’ਚ 4-4, ਅੰਮ੍ਰਿਤਸਰ, ਮੋਗਾ ਤੇ ਮੁਹਾਲੀ ’ਚ 3-3, ਤਰਨਤਾਰਨ ਤੇ ਗੁਰਦਾਸਪੁਰ ’ਚ 2-2 ਅਤੇ ਸੰਗਰੂਰ ’ਚ ਇੱਕ ਵਿਅਕਤੀ ਦੀ ਮੌਤ ਹੋਈ ਹੈ।