ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਲੋਕਾਂ ਨੂੰ ਕਿਹਾ ਹੈ ਕਿ ਸਰਕਾਰ ਦੀ ਚੋਣ ਪੇਸ਼ਕਸ਼ ਛੇਤੀ ਖ਼ਤਮ ਹੋਣ ਵਾਲੀ ਹੈ ਅਤੇ ਉਹ ਆਪਣੀਆਂ ਪੈਟਰੋਲ ਦੀਆਂ ਟੈਂਕੀਆਂ ਭਰਵਾ ਲੈਣ। ਮੋਦੀ ਸਰਕਾਰ ’ਤੇ ਉਨ੍ਹਾਂ ਨੇ ਇਹ ਟਿੱਪਣੀ ਟਵਿੱਟਰ ’ਤੇ ਕੀਤੀ ਹੈ। ਪੰਜ ਸੂਬਿਆਂ ’ਚ ਹੋਈਆਂ ਵਿਧਾਨ ਸਭਾ ਚੋਣਾਂ ਤਹਿਤ ਯੂਪੀ ’ਚ ਵੋਟਿੰਗ ਦਾ ਆਖਰੀ ਪੜਾਅ ਸੋਮਵਾਰ ਨੂੰ ਖ਼ਤਮ ਹੋ ਜਾਵੇਗਾ ਅਤੇ ਉਥੇ ਅੱਜ ਚੋਣ ਪ੍ਰਚਾਰ ਬੰਦ ਹੋ ਗਿਆ ਹੈ। ਰਾਹੁਲ ਨੇ ਆਪਣੇ ਟਵੀਟ ’ਚ ਹਾਈਕ (ਵਾਧਾ) ਲਿਖਦਿਆਂ ਪੈਟਰੋਲ ਪੰਪ ਦੀ ਤਸਵੀਰ ਵੀ ਸਾਂਝੀ ਕੀਤੀ ਹੈ ਅਤੇ ਲਿਖਿਆ ਹੈ ਕਿ ਛੇਤੀ ਹੀ ਤੁਹਾਡੇ ਨੇੜਲੇ ਪੈਟਰੋਲ ਪੰਪਾਂ ’ਤੇ ਇਹ ਵਾਧਾ ਹੋਣ ਵਾਲਾ ਹੈ। ਜ਼ਿਕਰਯੋਗ ਹੈ ਕਿ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦਾ ਅਮਲ ਸ਼ੁਰੂ ਹੋਣ ਮਗਰੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਅਜੇ ਤੱਕ ਕੋਈ ਵਾਧਾ ਨਹੀਂ ਕੀਤਾ ਗਿਆ ਹੈ। ਹੁਣ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਵਾਧਾ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। -ਪੀਟੀਆਈ