ਖੇਤਰੀ ਪ੍ਰਤੀਨਿਧ
ਪਟਿਆਲਾ, 22 ਜੂਨ
ਪੰਜਾਬ ਸਰਕਾਰ ਸਾਰੇ ਕਾਨੂੰਨ ਤੇ ਨਿਯਮ ਛਿੱਕੇ ਟੰਗ ਕੇ ਆਪਣੇ ਵਿਧਾਇਕਾਂ ਦੇ ਫਰਜ਼ੰਦਾਂ ਨੂੰ ਨੌਕਰੀਆਂ ਦੇ ਰਹੀ ਹੈ ਪਰ ਸਰਕਾਰੀ ਨੌਕਰੀ ਦੌਰਾਨ ਮੌਤ ਦੇ ਮੂੰਹ ਜਾਣ ਵਾਲ਼ੇ ਕਰਮਚਾਰੀਆਂ ਦੇ ਆਸ਼ਰਿਤ ਆਪਣੇ ਹੱਕ ਹਕੂਕ ਤਹਿਤ ਨੌਕਰੀਆਂ ਲੈਣ ਲਈ ਦਰ ਦਰ ਦੀਆਂ ਠੋਕਰਾਂ ਖਾਂਦਿਆਂ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਹਨ ਜਿਸ ਨੂੰ ਲੈ ਕੇ ਮੁਲਾਜ਼ਮਾਂ ਵੱਲੋਂ 23 ਜੂਨ ਨੂੰ ਮੁੱਖ ਮੰਤਰੀ ਦੇ ਸ਼ਹਿਰ ਵਿਚ ਰੋਸ ਰੈਲੀ ਕਰਕੇ ਸਰਕਾਰ ਅਤੇ ਅਫਸਰਸ਼ਾਹੀ ਦਾ ਪਿੱਟ ਸਿਆਪਾ ਕੀਤਾ ਜਾਵੇਗਾ। ਇਹ ਐਲਾਨ ‘ਦੀ ਕਲਾਸ ਫੋਰਥ ਗੌਰਮਿੰਟ ਐਂਪਲਾਈਜ਼ ਯੂਨੀਅਨ ਪੰਜਾਬ’ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਅਤੇ ਸਕੱਤਰ ਜਨਰਲ ਰਣਜੀਤ ਸਿੰਘ ਰਾਣਵਾ ਨੇ ਕੀਤਾ। ਆਗੂਆਂ ਨੇ ਦੱਸਿਆ ਕਿ ਲੋਕ ਨਿਰਮਾਣ ਵਿਭਾਗ ਵਿੱਚ 57 ਅਤੇ ਖੋਜ ਮੈਡੀਕਲ ਪਟਿਆਲਾ ਨਾਲ ਸਬੰਧਤ ਮ੍ਰਿਤਕ ਮੁਲਾਜ਼ਮਾਂ ਦੇ 25 ਪਰਿਵਾਰ ਨੌਕਰੀਆਂ ਦੀ ਉਡੀਕ ਵਿੱਚ ਹਨ ਜਿਸ ਲਈ ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਘਰ ਤੇ ਵਿਭਾਗ ਦੇ ਦਫਤਰ ਅੱਗੇ ਰੈਲੀਆਂ ਕਰਕੇ ਮੰਗ ਪੱਤਰ ਵੀ ਦਿੱਤੇ ਜਾ ਚੁੱਕੇ ਹਨ ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਦੂਜੇ ਬੰਨ੍ਹੇ ਵੱਡੀਆਂ ਜਾਇਦਾਂਦਾਂ ਦੇ ਮਾਲਕ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ।