ਧੇਮਾਜੀ(ਅਸਾਮ), 22 ਫਰਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਦਹਾਕਿਆਂ ਤੱਕ ਦੇਸ਼ ’ਤੇ ਰਾਜ ਕਰਨ ਵਾਲੀਆਂ ਸਰਕਾਰਾਂ ਨੇ ਅਸਾਮ ਤੇ ਉੱਤਰ ਪੂਰਬ ਨੂੰ ਨਜ਼ਰਅੰਦਾਜ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਅਸਾਮ ਦੇ ਉੱਤਰੀ ਕੰਢੇ ਨਾਲ ‘ਮਤਰੇਈ ਮਾਂ’ ਵਾਲਾ ਸਲੂਕ ਕੀਤਾ ਤੇ ਕੁਨੈਕਟੀਵਿਟੀ, ਸਿਹਤ, ਸਿੱਖਿਆ ਤੇ ਸਨਅਤਾਂ ਜਿਹੇ ਅਹਿਮ ਖੇਤਰਾਂ ਨੂੰ ਪੂਰੀ ਤਰ੍ਹਾਂ ਵਿਸਾਰੀ ਰੱਖਿਆ। ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਖੇਤਰ ਦੇ ਵਿਕਾਸ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਦਿਸਪੁਰ ਤੋਂ ਦਿੱਲੀ ਹੁਣ ਦੂਰ ਨਹੀਂ ਹੈ, ਦਿੱਲੀ ਤੁਹਾਡੀਆਂ ਬਰੂਹਾਂ ’ਤੇ ਹੈ। ਸ੍ਰੀ ਮੋਦੀ ਨੇ ਕਿਹਾ ਕਿ ਉਹ ਚੋਣਾਂ ਦੇ ਐਲਾਨ ਤੋਂ ਪਹਿਲਾਂ ਅਸਾਮ ਸਮੇਤ ਹੋਰਨਾਂ ਰਾਜਾਂ, ਜਿੱਥੇ ਅਪਰੈਲ-ਮਈ ’ਚ ਚੋਣਾਂ ਹੋਣੀਆਂ ਹਨ, ਵਿੱਚ ਵੱਧ ਤੋਂ ਵੱਧ ਫੇਰੀ ਮਾਰਨਗੇ। ਜਿਨ੍ਹਾਂ ਪੰਜ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਚੋਣਾਂ ਹੋਣੀਆਂ ਹਨ, ਉਨ੍ਹਾਂ ਵਿੱਚ ਅਸਾਮ, ਪੱਛਮੀ ਬੰਗਾਲ, ਪੁਡੂਚੇਰੀ, ਤਾਮਿਲ ਨਾਡੂ ਤੇ ਕੇਰਲਾ ਸ਼ਾਮਲ ਹਨ। ਚੋਣ ਕਮਿਸ਼ਨ ਮਾਰਚ ਦੇ ਪਹਿਲੇ ਹਫ਼ਤੇ ਇਨ੍ਹਾਂ ਰਾਜਾਂ ਲਈ ਚੋਣ ਪ੍ਰੋਗਰਾਮ ਦਾ ਐਲਾਨ ਕਰ ਸਕਦਾ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਸਾਮ ਵਿੱਚ ਪੈਟਰੋਲੀਅਮ ਤੇ ਗੈਸ ਮੰਤਰਾਲੇ ਨਾਲ ਸਬੰਧਤ 3,222 ਕਰੋੜ ਰੁਪਏ ਦੀ ਲਾਗਤ ਵਾਲੇ ਤਿੰਨ ਪ੍ਰਾਜੈਕਟ ਦੇਸ਼ ਨੂੰ ਸਮਰਪਿਤ ਕੀਤੇ ਹਨ। ਉਨ੍ਹਾਂ 44.98 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਧੀਮਾਜੀ ਇੰਜਨੀਅਰਿੰਗ ਕਾਲਜ ਦਾ ਉਦਘਾਟਨ ਕੀਤਾ ਤੇ 54.71 ਕਰੋੜ ਰੁਪਏ ਨਾਲ ਤਿਆਰ ਹੋਣ ਵਾਲੇ ਸੁਆਲਕੁਚੀ ਇੰਜਨੀਅਰਿੰਗ ਕਾਲਜ ਦਾ ਨੀਂਹ ਪੱਥਰ ਵੀ ਰੱਖਿਆ। ਅਸਾਮ ਵਿੱਚ ਅਪਰੈਲ ਮਈ ’ਚ ਚੋਣਾਂ ਹੋਣੀਆਂ ਹਨ। -ਪੀਟੀਆਈ