ਪੱਤਰ ਪ੍ਰੇਰਕ
ਨਵੀਂ ਦਿੱਲੀ, 12 ਅਕਤੂਬਰ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਾਤਾ ਸੁੰਦਰੀ ਦੇ ਨਾਮ ‘ਤੇ ਪਹਿਲਾ ਯਾਤਰੀ ਨਿਵਾਸ ਗੁਰਦਆਰਾ ਮਾਤਾ ਸੁੰਦਰੀ ਦੇ ਨਾਮ ‘ਤੇ ਬਣਾਇਆ ਜਾ ਰਿਹਾ ਹੈ ਜਿਸ ਨੂੰ ਛੇਤੀ ਹੀ ਸੰਗਤਾਂ ਲਈ ਖੋਲ੍ਹ ਦਿੱਤਾ ਜਾਵੇਗਾ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਮੇਟੀ ਵੱਲੋਂ ਮਾਤਾ ਸੁੰਦਰੀ ਗੁਰਦੁਆਰਾ ਸਾਹਿਬ ਵਿਚ ਯਾਤਰੀ ਨਿਵਾਸ ਬਣਾਇਆ ਜਾ ਰਿਹਾ ਹੈ ਜੋ ਕਿ ਦਿੱਲੀ ਵਿਚ ਪਹਿਲਾ ਯਾਤਰੂ ਨਿਵਾਸ ਹੋਵੇਗਾ ਜਿਸ ਦਾ ਨਾਮ ਮਾਤਾ ਸੁੰਦਰੀ ਦੇ ਨਾਂ ’ਤੇ ਹੋਵੇਗਾ। ਇਸ ਯਾਤਰੂ ਨਿਵਾਸ ਵਿਚ 3 ਕਮਰੇ ਅਤੇ 2 ਵੱਡੇ ਹਾਲ ਹੋਣਗੇ। ਇਨ੍ਹਾਂ ਵਿਚ 25 ਦੇ ਕਰੀਬ ਸੰਗਤਾਂ ਰੁੱਕ ਸਕਦੀਆਂ ਹਨ। ਇਸ ਦਾ ਸਭ ਤੋਂ ਵੱਧ ਲਾਭ ਪੰਤ ਹਸਪਤਾਲ ਗੁਰੂ ਨਾਨਕ ਆਈ ਸੈਂਟਰ ਅਤੇ ਈਰਵਨ ਹਸਪਤਾਲ ਵਿਚ ਦਿੱਲੀ ਤੋਂ ਬਾਹਰੋਂ ਆਉਣ ਵਾਲੇ ਮਰੀਜਾਂ ਦੇ ਪਰਿਵਾਰ ਵਾਲਿਆਂ ਨੂੰ ਮਿਲੇਗਾ ਕਿਉਂਕਿ ਹਸਪਤਾਲ ਦੇ ਨੇੜ੍ਹੇ ਕੋਈ ਵੀ ਰਿਹਾਇਸ਼ ਨਾ ਹੋਣ ਕਰਕੇ ਉਨ੍ਹਾਂ ਨੂੰ ਮਹਿੰਗੇ ਹੋਟਲਾਂ ਵਿਚ ਰਹਿਣਾ ਪੈਂਦਾ ਹੈ ਤੇ ਜੋ ਜਰੂਰਤਮੰਦ ਲੋਕ ਹੁੰਦੇ ਹਨ ਉਨ੍ਹਾਂ ਨੂੰ ਸੜਕਾਂ ’ਤੇ ਰਹਿਣ ਨੂੰ ਮਜਬੂਰ ਹੋਣਾ ਪੈਂਦਾ ਹੈ ਪਰ ਹੁਣ ਉਹ ਇੱਥੇ ਰੁਕ ਸਕਣਗੇ ਤੇ ਉਨ੍ਹਾਂ ਨੂੰ ਰਿਹਾਇਸ਼ ਦੇ ਨਾਲ-ਨਾਲ ਲੰਗਰ ਵੀ ਮਿਲੇਗਾ ਤੇ ਨਾਲ ਹੀ ਗੁਰੂ ਸਾਹਿਬ ਦੀ ਬਖਸ਼ਿਸ਼ ਵੀ ਮਿਲੇਗੀ। ਦਿੱਲੀ ਗੁਰਦੁਆਰਾ ਕਮੇਟੀ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਪੁੱਜ ਕੇ ਯਾਤਰੀ ਨਿਵਾਸ ਦਾ ਜਾਇਜ਼ਾ ਲਿਆ ਤੇ ਜਲਦੀ ਤੋਂ ਜਲਦੀ ਇਸ ਦਾ ਕੰਮ ਮੁਕੰਮਲ ਕਰਕੇ ਸੰਗਤਾਂ ਲਈ ਖੋਲ੍ਹਣ ਦਾ ਭਰੋਸਾ ਦਿੱਤਾ।